ਆਓ ਬੇਗਮਪੁਰਾ ਦੇ ਸਿਰਜਕ ਦੀ ਵਿਚਾਰਧਾਰਾ ਤੇ ਚੱਲਣ ਦਾ ਪ੍ਰਣ ਕਰੀਏ
ਜਸਵੀਰ ਸਿੰਘ ਪਮਾਲੀ
ਅੱਜ ਜਦੋਂ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦਾ 648ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਉਨ੍ਹਾਂ ਦੀ ਮਾਨਵਵਾਦੀ ਸੋਚ ਨੂੰ ਸਿਜਦਾ ਕਰਦੇ ਹਾਂ। ਉਨ੍ਹਾਂ ਨੇ ਉਨ੍ਹਾਂ ਸਮਿਆਂ ਦੇ ਵਿੱਚ ਬ੍ਰਹਾਮਣਵਾਦੀ ਵਿਚਾਰਧਾਰਾ ਦੇ ਵਿਰੁੱਧ ਅਵਾਜ ਬੁਲੰਦ ਕੀਤੀ ਜਿਹਨਾਂ ਸਮਿਆਂ ਵਿੱਚ ਦਲਿਤ ਭਾਈਚਾਰੇ ਨੂੰ ਪਸ਼ੂਆਂ ਵਰਗਾ ਜੀਵਨ ਜਿਉਣਾ ਪੈਂਦਾ ਸੀ। ਉਨ੍ਹਾਂ ਸਮਿਆਂ ਦੇ ਵਿੱਚ ਦੱਖਣ ਵੱਲ ਤੋਂ ਭਗਤੀ ਲਹਿਰ ਸ਼ੁਰੂ ਹੋ ਚੱੁਕੀ ਸੀ। ਭਗਤ ਨਾਮਦੇਵ ਜੀ, ਭਗਤ ਤਰਲੋਚਨ ਜੀ ਤੇ ਭਗਤ ਕਬੀਰ ਜੀ ਇਸ ਲਹਿਰ ਨੂੰ ਅੱਗੇ ਤੋਰ ਰਹੇ ਸਨ। ਉਨ੍ਹਾਂ ਸਮਿਆਂ ਵਿੱਚ ਨੀਵੀਂ ਜਾਤ ਦੇ ਲੋਕਾਂ ਨੂੰ ਰੱਬ ਦਾ ਨਾਮ ਜਪਣ ਉਤੇ ਵੀ ਪਾਬੰਦੀ ਸੀ। ਨੀਵੀਆਂ ਜਾਤੀਆਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ ਤਾਂ ਕਿ ਉਨ੍ਹਾਂ ਨੂੰ ਰੱਬ ਦੀ ਕੋਈ ਗੱਲ ਨਾ ਸੁਣੇ ਪਰ ਗੁਰੂ ਰਵਿਦਾਸ ਜੀ ਨੇ ਬ੍ਰਾਹਮਣਵਾਦੀ ਸੋਚ ਦਾ ਆਪਣੇ ਸ਼ਬਦਾਂ ਖੰਡਨ ਹੀ ਨਹੀ ਕੀਤਾ ਸਗੋਂ ਇਹਨਾਂ ਨੇ ਬਾਣੀ ਵੀ ਉਚਾਰੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਦਰਾਂ ਭਗਤ ਸਾਹਿਬਾਨਾਂ ਦੀ ਬਾਣੀ ਦਰਜ ਹੈ।
ਅੱਜ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਜਦਾ ਕਰਦੇ ਹਾਂ ਤਾਂ ਸਾਰੇ ਭਗਤਾਂ ਤੇ ਗੁਰੂ ਸਾਹਿਬਾਨ ਨੂੰ ਵੀ ਸਿਜਦਾ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਗੁਰਮਤਿ ਵਿਚਾਰਧਾਰਾ ਦੀ ਲਹਿਰ ਨੂੰ ਚਲਾਇਆ। ਉਨ੍ਹਾਂ ਨੇ ਇਹਨਾਂ ਭਗਤਾਂ ਦੀ ਬਾਣੀ ਨੂੰ ਇਕੱਠਾ ਕੀਤਾ ਤੇ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਇਹਨਾਂ ਪੰਦਰਾਂ ਸ਼੍ਰੋਮਣੀ ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ। ਉਨ੍ਹਾਂ ਨੇ ਸਮਾਜਵਾਦ ਤੇ ਮਾਨਵਵਾਦੀ ਵਿਚਾਰਧਾਰਾ ਦਾ ਫਲਸਫਾ ਆਪਣੇ ਸ਼ਬਦਾਂ ਵਿੱਚ ਪੇਸ ਕੀਤਾ। ‘‘ ਬੇਗਮਪੁਰਾ ਸਹਰ ਕਾ ਨਾਉਂ’’ ਵਾਲਾ ਸ਼ਬਦ ਹੀ ਅਸਲ ਵਿੱਚ ਮਨੁੱਖਤਾ ਦਾ ਮੈਨੀਫੈਸਟੋ ਹੈ। ਜਿਹੜਾ ਫਲਸਫਾ ਸੋਵੀਅਤ ਦੇਸ ਵਿੱਚ ਲੈਨਿਨ ਨੇ ਲਾਗੂ ਕੀਤਾ ਸੀ। ਜਿਹੜਾ ਲੋਕਤੰਤਰ ਵਿੱਚ ਹਰ ਵਰਗ ਨੂੰ ਬਰਾਬਰਤਾ ਦਾ ਮਾਣ ਦਿੱਤਾ ਗਿਆ ਹੈ ਉਸਨੂੰ ਗੁਰੂ ਰਵਿਦਾਸ ਜੀ ਨੇ ਉਸ ਤੋਂ ਪੰਜ ਸੌ ਸਾਲ ਪਹਿਲਾਂ ਲਾਗੂ ਕਰ ਦਿੱਤਾ ਸੀ। ਉਨ੍ਹਾਂ ਸਮਿਆਂ ਦੇ ਵਿੱਚ ਗੁਰੂ ਰਵਿਦਾਸ ਜੀ ਬ੍ਰਾਹਮਣਾਂ ਵੱਲੋਂ ਚਲਾਏ ਜਾ ਰਹੇ ਮਨੁੱਖਤਾ ਵਿਰੁੱਧ ਆਵਾਜ ਦਾ ਜਵਾਬ ਹੀ ਨਹੀਂ ਦਿੱਤਾ ਸਗੋਂ ਉਹਨਾਂ ਦੀ ਹਰ ਗੱਲ ਦਾ ਉਹਨਾਂ ਨੇ ਤਰਕ ਤੇ ਦਲੀਲ ਦੇ ਨਾਲ ਜਵਾਬ ਵੀ ਦਿੱਤਾ। ਉਨ੍ਹਾਂ ਦੇ ਵਿਰੁੱਧ ਸਮੇਂ ਦੇ ਹਾਕਮ ਨੇੇ ਕੰਨ ਵੀ ਭਰੇ ਪਰ ਗੁਰੂ ਜੀ ਨੇ ਉਹਨਾਂ ਦੇ ਹਰ ਹਮਲੇ ਨੂੰ ਰੋਕਿਆ। ਉਨ੍ਹਾਂ ਸਮਿਆਂ ਵਿੱਚ ਬ੍ਰਾਹਮਣ ਸਮਾਜ ਨਾਲ ਟੱਕਰ ਲੈਣੀ ਜੁਰਅਤ ਦਾ ਕੰਮ ਸੀ ਪਰ ਉਨ੍ਹਾਂ ਨੇ ਬ੍ਰਾਹਮਣਾਂ ਦੀਆਂ ਹਰ ਤਰ੍ਹਾਂ ਦੀਆਂ ਗੱਲਾਂ ਦਾ ਖੰਡਣ ਕੀਤਾ। ਗੁਰੂ ਸਾਹਿਬ ਕਾਫੀ ਸਮਾਂ ਸ੍ਰੀ ਖੁਰਾਲਗ੍ਹੜ ਸਾਹਿਬ ਵੀ ਰਹੇ ।
ਉਨ੍ਹਾਂ ਦਾ ਜਨਮ ਭਾਵੇਂ ਕਾਸ਼ੀ ਦੇ ਵਿੱਚ ਬਹੁਤ ਹੀ ਗਰੀਬ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਗਿਆਨ, ਧਿਆਨ ਤੇ ਕਿਰਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ। ਹੁਣ ਫੇਰ ਬ੍ਰਾਹਮਣਾਂ ਦੇ ਵੱਲੋਂ ਮਨੁੱਖਤਾ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕਾਂ ਦੇ ਉਪਰ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ ਵਿੱਚ ਦਲਿਤ ਤੇ ਮੁਸਲਮਾਨਾਂ ਦੇ ਖਿਲਾਫ ਫੇਰ ਉਹੀ ਕੁੱਝ ਕੀਤਾ ਜਾ ਰਿਹਾ ਹੈ ਜੋ ਕੁੱਝ ਤੇਰਵੀਂ ਸਦੀ ਵਿੱਚ ਹੁੰਦਾ ਰਿਹਾ ਹੈ। ਦੇਸ ਵਿੱਚ ਬਹੁਗਿਣਤੀ ਲੋਕਾਂ ਨੂੰ ਘੱਟ ਗਿਣਤੀ ਲੋਕ ਬਣਾਇਆ ਜਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਵਰਗੇ ਕ੍ਰਾਂਤੀਕਾਰੀ ਯੋਧਿਆਂ ਦੀ ਬਹੁਤ ਜਰੂਰਤ ਹੈ। ਦੇਸ ਨੂੰ ਫੇਰ ਹਿੰਦੂ ਦੇਸ ਬਣਾਇਆ ਜਾ ਰਿਹਾ ਹੈ।
ਪਿਛਲੇ ਸਮਿਆਂ ਵਿੱਚ ਦੇਸ ਨੂੰ ਹਿੰਦੂ ਰਾਸਟਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਸਨੂੰ ਲਾਗੂ ਕਰਨ ਦੇ ਲਈ ਕੇਂਦਰ ਦੀ ਭਾਜਪਾ ਸਰਕਾਰ ਸਾਥ ਦੇ ਰਹੀ ਹੈ । ਅੱਜ ਜਦੋਂ ਅਸੀਂ ਗੁਰੂ ਰਵਿਦਾਸ ਜੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਇਹ ਮਾਨਸਿਕ ਤਾਕਤ ਬਖਸਦੀ ਹੈ ਪਰ ਅਸੀਂ ਨਾ ਤਾਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਨਾ ਹੀ ਉਸ ਤੋਂ ਕੋਈ ਸੇਧ ਲੈਦੇ ਹਾਂ। ਅੱਜ ਲੋੜ ਹੈ ਕਿ ਅਸੀ ਗੁਰੂ ਜੀ ਬਾਣੀ ਦਾ ਕੇਵਲ ਪਾਠ ਹੀ ਨਾ ਕਰੀਏ ਸਗੋਂ ਆਪਣੇ ਜੀਵਨ ਦਾ ਹਿੱਸਾ ਵੀ ਬਣਾਈਏ। ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਹੁਤ ਵਿਚਾਰਾਂ ਹੋਣਗੀਆਂ, ਤਰ੍ਹਾ ਤਰ੍ਹਾਂ ਦੇ ਪਕਵਾਨ ਬਣਾ ਕੇ ਖਾਦੇ ਜਾਣਗੇ ਤੇ ਉਨ੍ਹਾਂ ਦੀਆਂ ਗੱਲਾਂ ਹੋਣਗੀਆਂ ਪਰ ਅਗਲੇ ਦਿਨ ਫੇਰ ਉਹੀ ਸਭ ਕੁੱਝ ਗੁਆਚ ਜਾਵੇਗਾ। ਅੱਜ ਦੇ ਸਮੇ ਵਿੱਚ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਤੋਂ ਸੇਧ ਲੈਣ ਦੀ ਜਰੂਰਤ ਹੈ। ਨਹੀਂ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਬਹੁਤ ਹੀ ਖਤਰਨਾਕ ਹਨ। ਹੁਣ ਸਮਾਜ ਨੂੰ ਗੁਰੂ ਜੀ ਬਾਣੀ ਦੀ ਲੋੜ ਹੈ ਜੋ ਮਨੁੱਖਤਾ ਤੇ ਬਰਾਬਰੀ ਦੀ ਗੱਲ ਕਰਦੀ ਹੈ। ਆਓ ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ਨੂੰ ਲੰਗਰਾਂ ਤੱਕ ਨਾ ਸੀਮਤ ਕਰੀਏ ਬਲਕਿ ਉਹਨਾਂ ਦੀ ਵਿਚਾਰਧਾਰਾ ਉਤੇ ਪਹਿਰਾ ਦੇਣ ਦਾ ਪ੍ਰਣ ਕਰੀਏ।
![](images/no-image.gif)
-
ਜਸਵੀਰ ਸਿੰਘ ਪਮਾਲੀ, ਸਾਬਕਾ ਮੈਂਬਰ ਰੇਲਵੇ ਬੋਰਡ
jasbirjagbani@gmail.com
9878700325
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.