ਰਾਸ਼ਟਰੀ ਪੱਧਰ ਤੇ ਮੱਕੀ ਮਾਹਿਰਾਂ ਦੀ ਮਿਲਣੀ ਵਿਚ ਪੀ.ਏ.ਯੂ. ਦੀ ਮੱਕੀ ਖੋਜ ਦੀ ਪ੍ਰਮੁੱਖਤਾ ਰਹੀ
ਲੁਧਿਆਣਾ 16 ਅਪ੍ਰੈਲ,2025 - ਪੀ.ਏ.ਯੂ. ਵੱਲੋਂ ਵਿਕਸਿਤ ਕੀਤੇ ਗਏ ਮੱਕੀ ਦੇ ਤਿੰਨ ਹਾਈਬ੍ਰਿਡਾਂ ਨੂੰ ਬੀਤੇ ਦਿਨੀਂ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਚੁਣਿਆ ਗਿਆ| ਇਹ ਵਿਸ਼ੇਸ਼ ਪ੍ਰਾਪਤੀ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਕਿਸਮ ਪਛਾਣ ਕਮੇਟੀ ਵੱਲੋਂ ਕਿਸਮਾਂ ਨੂੰ ਪਛਾਣੇ ਜਾਣ ਤੋਂ ਬਾਅਦ ਦਰਜ ਕੀਤੀ ਗਈ| ਆਈ ਸੀ ਏ ਆਰ ਦੇ ਫਸਲ ਵਿਗਿਆਨ ਬਾਰੇ ਉਪ ਨਿਰਦੇਸ਼ਕ ਜਨਰਲ ਡਾ. ਡੀ ਕੇ ਯਾਦਵਾ ਦੀ ਪ੍ਰਧਾਨਗੀ ਹੇਠ ਬੀਤੇ ਦਿਨੀਂ ਤਾਮਿਲਨਾਡੂ ਖੇਤੀ ਯੂਨੀਵਰਸਿਟੀ ਕੋਇੰਬਟੂਰ ਵਿਚ ਹੋਈ ਸਰਵ ਭਾਰਤੀ ਸਾਂਝੇ ਖੋਜ ਪ੍ਰੋਗਰਾਮ ਦੀ 68ਵੀਂ ਸਲਾਨਾ ਮੀਟਿੰਗ ਦੌਰਾਨ ਪੀ.ਏ.ਯੂ. ਦੀਆਂ ਇਹਨਾਂ ਹਾਈਬ੍ਰਿਡ ਕਿਸਮਾਂ ਨੂੰ ਕਾਸ਼ਤ ਲਈ ਪਛਾਣਿਆ ਗਿਆ|
ਪੀ.ਏ.ਯੂ. ਦੀ ਕਿਸਮ ਪੰਜਾਬ ਬੇਬੀ ਕੌਰਨ-3 (ਜੇ ਐੱਚ 32484) ਨੂੰ ਸਰਵ ਭਾਰਤੀ ਪ੍ਰੋਜੈਕਟ ਦੇ ਪੰਜ ਵਿੱਚੋਂ ਚਾਰ ਮੱਕੀ ਜ਼ੋਨਾਂ ਵਿਚ ਕਾਸ਼ਤ ਲਈ ਢੁੱਕਵੀਂ ਮੰਨਿਆ ਗਿਆ| ਇਹ ਜ਼ੋਨ 1, 3, 4 ਅਤੇ 5 ਹਨ ਅਤੇ ਇਹਨਾਂ ਵਿਚ ਜੰਮੂ ਕਸ਼ਮੀਰ, ਹਿਮਾਚਲ, ਉਤਰਾਖੰਡ ਪਹਾੜੀ ਅਤੇ ਉੱਤਰ ਪੂਰਬੀ ਪਹਾੜੀ ਖੇਤਰ, ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਪੂਰਬੀ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕਾ, ਤਾਮਿਲਨਾਡੂ, ਮਹਾਂਰਾਸ਼ਟਰ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦਾ ਖੇਤਰ ਆਉਂਦਾ ਹੈ| ਮੌਜੂਦਾ ਕਿਸਮਾਂ ਨਾਲੋਂ ਇਹ ਕਿਸਮ 36.69 ਪ੍ਰਤੀਸ਼ਤ ਵਧੇਰੇ ਝਾੜ ਦੇਣ ਦੀ ਸਮਰਥਾ ਵਾਲੀ ਪਾਈ ਗਈ|
ਪੀ ਐੱਚ ਐੱਚ-18 (ਜੇ ਐੱਚ-20088) ਦਰਮਿਆਨੇ ਸਮੇਂ ਵਿਚ ਪੱਕਣ ਵਾਲੀ ਸਾਉਣੀ ਦੀ ਹਾਈਬ੍ਰਿਡ ਮੱਕੀ ਦੀ ਕਿਸਮ ਹੈ| ਇਸਨੂੰ ਕੇਂਦਰੀ ਅਤੇ ਪੱਛਮੀ ਜ਼ੋਨ ਵਿਚ ਕਾਸ਼ਤ ਲਈ ਪਛਾਣਿਆ ਗਿਆ ਜਿਸ ਵਿਚ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦਾ ਇਲਾਕਾ ਆਉਂਦਾ ਹੈ| ਇਹ ਕਿਸਮ ਪ੍ਰਤੀ ਹੈਕਟੇਅਰ ਔਸਤਨ 8068 ਕਿੱਲੋ ਗ੍ਰਾਮ ਦਾ ਝਾੜ ਦੇਣ ਦੀ ਸਮਰਥਾ ਵਾਲੀ ਹੈ| ਪੁਰਾਣੀਆਂ ਕਿਸਮਾਂ ਬੀ ਆਈ ਓ-9544, ਸੀ ਐੱਮ ਐੱਚ 08-292 ਅਤੇ ਐੱਲ ਜੀ 34.05 ਨਾਲੋਂ ਕ੍ਰਮਵਾਰ 9.6 ਪ੍ਰਤੀਸ਼ਤ, 11.8 ਪ੍ਰਤੀਸ਼ਤ ਅਤੇ 14.4 ਪ੍ਰਤੀਸ਼ਤ ਵਧੇਰੇ ਝਾੜ ਦਿੰਦੀ ਹੈ|
ਪੀ ਐੱਚ ਐੱਚ 19 (ਜੇ ਐੱਚ 18056) ਦਰਮਿਆਨੇ ਸਮੇਂ ਵਿਚ ਪੱਕਣ ਵਾਲੀ ਬਹਾਰ ਰੁੱਤ ਦੀ ਮੱਕੀ ਦੀ ਹਾਈਬ੍ਰਿਡ ਕਿਸਮ ਹੈ| ਇਸਦੀ ਪਛਾਣ ਉੱਤਰ-ਪੱਛਮ ਮੈਦਾਨੀ ਖੇਤਰਾਂ ਵਿਚ ਕਾਸ਼ਤ ਲਈ ਕੀਤੀ ਗਈ ਜਿਸ ਵਿਚ ਪੰਜਾਬ, ਹਰਿਆਣਾ, ਦਿੱਲੀ, ਮੈਦਾਨੀ ਉੱਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ ਸ਼ਾਮਿਲ ਹੈ| ਇਹ ਕਿਸਮ 10,441 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਦੀ ਉਤਪਾਦਨ ਸਮਰਥਾ ਵਾਲੀ ਹੈ ਜੋ ਬੀ ਆਈ ਓ-9544 ਅਤੇ ਡੀ ਐੱਚ ਐੱਮ 117 ਨਾਲੋਂ ਕ੍ਰਮਵਾਰ 6.4 ਅਤੇ 17.1 ਪ੍ਰਤੀਸ਼ਤ ਵਧੇਰੇ ਝਾੜ ਦਰਜ ਕਰਵਾਉਂਦੀ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੀ ਇਸ ਪ੍ਰਾਪਤੀ ਉੱਪਰ ਮਾਣ ਮਹਿਸੂਸ ਕਰਦਿਆਂ ਮੱਕੀ ਖੋਜ ਪ੍ਰੋਗਰਾਮ ਨਾਲ ਜੁੜੇ ਅਧਿਕਾਰੀਆਂ ਅਤੇ ਵਿਗਿਆਨੀਆਂ ਜਿਨ੍ਹਾਂ ਵਿਚ ਨਿਰਦੇਸ਼ਕ ਖੋਜ ਡਾ. ਅਮਜੇਰ ਸਿੰਘ ਢੱਟ, ਅਪਰ ਨਿਰਦੇਸ਼ਕ ਖੋਜ (ਖੇਤੀਬਾੜੀ) ਡਾ. ਗੁਰਜੀਤ ਸਿੰਘ ਮਾਂਗਟ, ਮੱਕੀ ਸੈਕਸ਼ਨ ਦੇ ਇੰਚਾਰਜ ਡਾ. ਸੁਰਿੰਦਰ ਸੰਧੂ, ਡਾ. ਤੋਸ਼ ਗਰਗ, ਡਾ. ਗਗਨਦੀਪ ਸਿੰਘ, ਡਾ. ਰੁਮੇਸ਼ ਰੰਜਨ, ਡਾ. ਮਹੇਸ਼ ਕੁਮਾਰ, ਡਾ. ਆਸ਼ੂਤੋਸ਼, ਡਾ. ਹਰਲੀਨ ਕੌਰ ਅਤੇ ਡਾ. ਜਵਾਲਾ ਜਿੰਦਲ ਨੂੰ ਵਧਾਈ ਦਿੱਤੀ|
2 | 8 | 4 | 7 | 4 | 7 | 1 | 3 |