ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖੁਦਖੁਸ਼ੀ, ਪਰਿਵਾਰ ਨੇ ਲਾਏ ਦੋਸ਼ ਕਰਜ਼ਾ ਲੈਣ ਵਾਲੇ ਕਰਦੇ ਸਨ ਤੰਗ ਪ੍ਰੇਸ਼ਾਨ
- ਪੁਲਿਸ ਵੱਲੋਂ ਇਨਸਾਫ਼ ਨਾ ਦਿੱਤੇ ਜਾਣ ਤੇ ਪੀੜਤ ਪਰਿਵਾਰ ਧਰਨਾ ਲਗਾਉਣ ਲਈ ਮਜਬੂਰ
- ਪੀੜਤ ਪਰਿਵਾਰ ਨੇ ਪੁਲਿਸ ਤੇ ਲਗਾਏ ਦੋਸ਼ੀ ਵਿਅਕਤੀਆਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼
ਜੈਤੋ,02 ਅਪ੍ਰੈਲ 2025: ਜੈਤੋ ਦੇ ਕੁੱਝ ਕਿਲੋਮੀਟਰ ਦੂਰ ਤੇ ਪਿੰਡ ਢਿੱਲਵਾਂ ਕਲਾਂ ਕੋਠੇ ਰਾਮਸਰ ਵਿਖੇ ਕਰਜ਼ੇ ਤੋਂ ਤੰਗ ਪ੍ਰੇਸਾਨ ਹੋ ਕੇ ਕਿਸਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਬਾਜਾਖਾਨਾ ਰੋਡ, ਕੋਠੇ ਰਾਮਸਰ ਢਿਲਵਾਂ ਕਲਾਂ ਜ਼ਿਲ੍ਹਾ ਫ਼ਰੀਦਕੋਟ ਨੇ ਪ੍ਰੈੱਸ ਨੂੰ ਦਿੱਤੇ ਲਿਖਤੀ ਹਲਫ਼ੀਆ ਬਿਆਨ ਚ ਕਿਹਾ ਕਿ ਮੇਰੇ ਪਿਤਾ ਦੀ ਮੌਤ ਪਿਛਲੇ ਪੰਜ ਦਿਨ ਪਹਿਲਾਂ ਮੇਰੇ ਕੁੱਝ ਪਿੰਡ ਦੇ ਵਿਅਕਤੀਆਂ ਵਜ੍ਹਾ ਕਾਰਨ ਹੋਈ ਹੈ, ਮ੍ਰਿਤਕ ਰਾਜਿੰਦਰ ਸਿੰਘ ਦੇ ਪੁੱਤਰ ਜਸਵੀਰ ਸਿੰਘ ਨੇ ਅੱਗੇ ਹਲਫ਼ੀਆ ਬਿਆਨ ਚ ਲਿਖਿਆ ਕਿ ਮੇਰੇ ਪਿਤਾ ਨੇ ਆਪਣੇ ਘਰੇਲੂ ਕੰਮ ਲਈ ਕੁਝ ਰੁਪਏ ਨਗਦੀ ਰੂਪ ਵਿਚ ਕਰਜ਼ਾ ਲਿਆ ਸੀ ਤੇ ਉਹ ਹਰ ਵੇਲੇ ਜਸਵੰਤ ਸਿੰਘ ਅਤੇ ਗੁਰਮੇਲ ਸਿੰਘ ਗਿੱਲ ਵਾਸੀ ਪਿੰਡ ਕੋਠੇ ਰਾਮਸਰ, ਢਿਲਵਾਂ ਕਲਾਂ ਜ਼ਿਲ੍ਹਾ ਫ਼ਰੀਦਕੋਟ ਇਹ ਦੋਵੇਂ ਵਿਅਕਤੀ ਪ੍ਰੇਸ਼ਾਨ ਕਰਨ ਲੱਗੇ ਤੇ ਮੇਰੇ ਪਿਤਾ ਨਾਲ ਰੁਪਏ ਲੈਣ ਲਈ ਤਲਖ਼ੀ ਨਾਲ ਪੇਸ਼ ਆਉਂਦੇ ਸਨ, ਇਨ੍ਹਾਂ ਵਿਅਕਤੀਆਂ ਕਾਰਨ ਮੇਰਾ ਪਿਤਾ ਦਿਮਾਗੀ ਤੌਰ ਪ੍ਰੇਸ਼ਾਨ ਰਹਿਣ ਲੱਗਾ ਤੇ ਉਸ ਨੇ ਪ੍ਰੇਸ਼ਾਨ ਹੋ ਕੇ ਜਦ ਕੋਈ ਜ਼ਹਿਰੀਲੀ ਦਵਾਈ ਖਾ ਲਈ ਤੇ ਉਸ ਨੇ ਆਪਣੇ ਘਰ ਦੇ ਮੈਂਬਰਾਂ ਨੂੰ ਦੱਸਿਆ ਕਿ ਕਰਜ਼ੇ ਵਾਲੇ ਮੈਨੂੰ ਤੰਗ ਪ੍ਰੇਸਾਨ ਕਰਦੇ ਹਨ ਜ਼ਹਿਰੀਲੀ ਦਵਾਈ ਖਾਣ ਨਾਲ ਉਸ ਦੀ ਕੁੱਝ ਘੰਟਿਆਂ ਵਿੱਚ ਮੌਤ ਹੋ ਗਈ। ਜਦੋਂ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਠੰਡੇ ਬਸਤੇ ਵਿਚ ਪਾ ਦਿੱਤੀ ਤੇ ਪੁਲਿਸ ਥਾਣਾ ਸਦਰ ਦੇ ਪੁਲਿਸ ਪ੍ਰਸ਼ਾਸਨ ਵਲੋਂ 174 ਦੀ ਕਾਰਵਾਈ ਕਰਨ ਉਪਰੰਤ ਪੀੜਤ ਪਰਿਵਾਰ ਵੱਲੋਂ ਦਿੱਤੇ ਗਏ ਬਿਆਨ ਤੇ ਕੋਈ ਠੋਸ ਕਾਰਵਾਈ ਨਾ ਕੀਤੀ ਗਈ ।
ਪੀੜਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਅਤੇ ਕਥਿਤ ਦੋਸ਼ੀਆਂ ਨਾਲ ਪੁਲਿਸ ਦੀ ਮਿਲੀਭੁਗਤ ਕਾਰਨ ਦੋਸ਼ੀ ਵਿਅਕਤੀ ਸ਼ਰੇਆਮ ਸਾਨੂੰ ਧਮਕੀਆਂ ਦੇ ਰਹੇ ਹਨ ਤੇ ਬਾਹਰ ਘੁੰਮ ਰਹੇ ਹਨ, ਉਨ੍ਹਾਂ ਕਿਹਾ ਕਿ ਪੁਲਿਸ ਦੋਸ਼ੀਆਂ ਨਾਲ ਮਿਲੀ ਹੋਈ ਹੈ ਜੋ ਸਾਨੂੰ ਥਾਣਾ ਸਦਰ ਦੇ ਮੁੱਖ ਅਫਸਰ ਅਤੇ ਇਸ ਕੇਸ ਦੇ ਤਫਤੀਸ਼ੀ ਅਫਸਰ ਸੁਖਵਿੰਦਰ ਸਿੰਘ ਵੱਲੋਂ ਕੋਈ ਕਾਰਵਾਈ ਨਾਂ ਕਰਨ ਤੇ ਇਨਸਾਫ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਦਰ ਥਾਣਾ ਕੋਟਕਪੂਰਾ ਦੇ ਵਾਰ ਵਾਰ ਚੱਕਰ ਲਗਾ ਚੁੱਕੇ ਹਨ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਪੀੜਤ ਪਰਿਵਾਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਨੂੰ ਕੁਝ ਦਿਨਾਂ ਵਿਚ ਪੁਲਿਸ ਨੇ ਜਸਵੰਤ ਸਿੰਘ ਅਤੇ ਗੁਰਮੇਲ ਸਿੰਘ ਗਿੱਲ ਦੇ ਖਿਲਾਫ ਕਾਰਵਾਈ ਨਾਂ ਕੀਤੀ ਤਾਂ ਪੁਲਿਸ ਥਾਣਾ ਸਦਰ ਕੋਟਕਪੂਰਾ ਦੇ ਗੇਟ ਅੱਗੇ ਕਿਸਾਨ ਯੂਨੀਅਨ ਅਤੇ ਮਜ਼ਦੂਰ ਯੂਨੀਅਨ ਦੇ ਆਗੂਆਂ ਨੂੰ ਨਾਲ ਲੈਕੇ ਧਰਨਾ ਦਿੱਤਾ ਜਾਵੇਗਾ ਤੇ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਪੀੜਤ ਪਰਿਵਾਰ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਐਸ.ਐਸ.ਪੀ. ਮੈਡਮ ਪ੍ਰਗਿਆ ਜੈਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਮੇਰੇ ਪਿਤਾ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਦੋਸ਼ੀ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂ ਅਵਤਾਰ ਸਿੰਘ ਨੇ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਮਜਬੂਰਨ ਸੜਕਾਂ ਤੇ ਆਉਣਾ ਪਵੇਗਾ।
ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦਾ,,,
ਜਦ ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਦੇ ਤਫਤੀਸ਼ ਅਫਸਰ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਪੀੜਤ ਪਰਿਵਾਰ ਵੱਲੋਂ ਪੁਲੀਸ ਤੇ ਦੋਸ਼ ਲਗਾਏ ਜਾ ਰਹੇ ਹਨ ਉਹ ਸਿਰਫ ਬੇਬੁਨਿਆਦ ਹਨ, ਉਨ੍ਹਾਂ ਕਿਹਾ ਮ੍ਰਿਤਕ ਰਾਜਿੰਦਰ ਸਿੰਘ ਵਾਸੀ ਢਿੱਲਵਾਂ ਦੀ ਮੌਤ ਹੋਈ ਹੈ ਪਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ, ਜਦੋਂ ਪੋਸਟਮਾਰਟਮ ਦੀ ਰਿਪੋਰਟ ਆਵੇਗੀ ਤਾਂ ਹੀ ਕਿਸੇ ਦੋਸ਼ੀ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਜਾਵੇਗਾ, ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਕਹਿਣ ਤੇ 174 ਦੀ ਕਾਰਵਾਈ ਕੀਤੀ ਗਈ ਤੇ ਪੁਲਿਸ ਦੀ ਅਗਲੇਰੀ ਜਾਂਚ ਚਲ ਰਹੀ ਹੈ।