ਚੌਕੇ ਸਕੂਲ ਮਾਮਲਾ : ਧਰਨਾਕਾਰੀਆਂ ਨੂੰ ਜੇਲ੍ਹਾਂ ਵਿੱਚ ਡੱਕਣ ਤੇ ਪੁਲਿਸ ਜਬਰ ਖਿਲਾਫ ਰੋਸ ਧਰਨਾ
ਅਸ਼ੋਕ ਵਰਮਾ
ਮੌੜ ਮੰਡੀ,6 ਅਪ੍ਰੈਲ 2025: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡ ਚੌਕੇ ਦੇ ਆਦਰਸ਼ ਸਕੂਲ ਦੀ ਮੈਨੇਜਮੈਂਟ ਦਾ ਪੱਖ ਪੂਰਨ , ਇਸ ਦਾ ਵਿਰੋਧ ਕਰਕੇ ਆਪਣੇ ਹੱਕੀ ਮੰਗਾਂ ਲਈ ਲੜ ਰਹੇ ਅਧਿਆਪਕਾਂ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਆਏ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਣ ਖਿਲਾਫ ਅੱਜ ਵੱਖ ਵੱਖ ਮੁਲਾਜ਼ਮ, ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਧਰਨੇ ਦੇ ਸੱਦੇ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਨੇ ਹਲਕਾ ਮੌੜ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦੇ ਦਫਤਰ ਮਾਈਸਰਖਾਨਾ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਅੱਜ ਦੇ ਇਕੱਠ ਨੂੰ ਆਦਰਸ਼ ਸਕੂਲ ਚੌਕੇ ਦੇ ਅਧਿਆਪਕ ਬਲਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸਵਰਨ ਸਿੰਘ ਪੂਹਲਾ, ਡੀ ਟੀ ਐਫ ਦੇ ਆਗੂ ਨਵਚਰਨ ਕੌਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਸੰਬੋਧਨ ਕੀਤਾ।
ਇਹਨਾਂ ਆਗੂਆਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਤਮ ਕਰਨ ਦਾ ਨਾਅਰਾ ਦੇ ਕੇ ਪੰਜਾਬ ਦੀ ਗੱਦੀ ਤੇ ਬਿਰਾਜਮਾਨ ਹੋਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਚੌਕੇ ਆਦਰਸ਼ ਸਕੂਲ ਦੀ ਮੈਨੇਜਮੈਂਟ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਅਣਗੌਲਿਆ ਕਰਕੇ ਮੈਨੇਜਮੈਂਟ ਦੇ ਪੱਖ ਵਿੱਚ ਭੁਗਤ ਰਹੀ ਹੈ। ਉਹਨਾਂ ਕਿਹਾ ਕਿ ਪਬਲਿਕ ਪ੍ਰਾਈਵੇਟ ਭਾਈਵਾਲੀ ਇਹਨਾਂ ਸਕੂਲਾਂ ਦਾ ਚੇਅਰਮੈਨ ਵੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੈ। ਬੁਲਾਰਿਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਿੱਖਿਆ ਕ੍ਰਾਂਤੀ ਦੇ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਉੱਚਾ ਚੱਕਣ ਦੇ ਦਾਅਵੇ ਕਰ ਰਿਹਾ ਹੈ ਅਤੇ ਦੂਜੇ ਪਾਸੇ ਇਹਨਾਂ ਸਕੂਲਾਂ ਨੂੰ ਸਰਕਾਰੀ ਕਰਨ ਦੀ ਥਾਂ ਤੇ ਵਿਦਿਆਰਥੀਆਂ ਅਤੇ ਸਕੂਲ ਦੇ ਹੋਰ ਸਟਾਫ ਨਾਲ ਦਾ ਸ਼ੋਸ਼ਣ ਕਰਨ ਵਾਲੀ ਮੈਨੇਜਮੈਂਟ ਦੀ ਪੱਖ ਵਿੱਚ ਭੁਗਤ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਵੱਖ-ਵੱਖ ਤਬਕਿਆਂ ਦੀਆਂ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਆਪਣੇ ਹੱਕੀ ਸੰਘਰਸ਼ਾਂ ਨੂੰ ਜਾਂ ਤਾਂ ਪੰਜਾਬ ਸਰਕਾਰ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ ਜਾਂ ਪੁਲਿਸ ਜਬਰ ਦੇ ਜ਼ੋਰ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਭੁਲੇਖਾ ਹੈ ਕਿ ਜਬਰ ਨਾਲ ਲੋਕਾਂ ਨੂੰ ਦਬਾਇਆ ਜਾ ਸਕੇਗਾ । ਆਗੂਆਂ ਵੱਲੋਂ ਮੰਗ ਕੀਤੀ ਗਈ ਤੇ ਸਕੂਲ ਦੀ ਭਰਿਸ਼ਟ ਮੈਨੇਜਮੈਂਟ ਨੂੰ ਚਲਦਾ ਕੀਤਾ ਜਾਵੇ ਅਤੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਇਸ ਸਕੂਲ ਦਾ ਪ੍ਰਬੰਧ ਸਿੱਖਿਆ ਵਿਭਾਗ ਵੱਲੋਂ ਚਲਾਇਆ ਜਾਵੇ, ਸਕੂਲ ਦੇ ਪੁਰਾਣੇ ਸਟਾਫ ਨੂੰ ਬਹਾਲ ਕਰਕੇ ਉਹਨਾਂ ਦੀ ਬਣਦੀ ਤਨਖਾਹ ਦਿੱਤੀ ਜਾਵੇ, ਵਿਦਿਆਰਥੀਆਂ ਨੂੰ ਵਰਦੀਆਂ, ਕਿਤਾਬਾਂ , ਪੀਣ ਵਾਲਾ ਪਾਣੀ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾਣ, ਜ਼ੇਲ੍ਹਾਂ ਵਿੱਚ ਬੰਦ ਕੀਤੇ ਮੁਲਾਜ਼ਮ, ਕਿਸਾਨ ਅਤੇ ਇੱਕ ਸਾਲ ਦੇ ਬੱਚੇ ਸਮੇਤ ਔਰਤਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਅਤੇ ਜਬਤ ਕੀਤਾ ਸਮਾਨ ਵਾਪਸ ਦਿੱਤਾ ਜਾਵੇ। ਅੱਜ ਦੇ ਧਰਨੇ ਨੂੰ ਡੀਟੀਐਫ ਦੇ ਆਗੂ ਰੇਸ਼ਮ ਸਿੰਘ ਖੇਮੂਆਣਾ, ਮਜਦੂਰ ਮੁਕਤੀ ਮੋਰਚਾ ਦੇ ਆਗੂ ਪ੍ਰਿਤਪਾਲ ਸਿੰਘ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਧੌਲਾ,ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਜਗਜੀਤ ਸਿੰਘ ਲਹਿਰਾ ਮੁਹੱਬਤ, ਗੁਰਵਿੰਦਰ ਸਿੰਘ ਪੰਨੂ, ਪੰਜਾਬ ਸਟੂਡੈਂਟਸ ਸਹੀਦ ਰੰਧਾਵਾ ਦੇ ਆਗੂ ਬਿੰਦਰ ਸਿੰਘ ਬਠਿੰਡਾ, ਡੀਟੀਐਫ ਦੇ ਆਗੂ ਜਗਪਾਲ ਸਿੰਘ ਬੰਗੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਜਿੰਦਰ ਸਿੰਘ ਬੱਗੀ, ਮਾਲਣ ਕੌਰ ਕੋਠਾ ਗੁਰੂ, ਕਰਮਜੀਤ ਕੌਰ ਲਹਿਰਾ ਖਾਨਾ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।