ਰਾਜਪੁਰਾ ਨੇੜਲੇ ਪਿੰਡ ਜਨਸੁਆ ਵਿੱਚ ਸ਼ਰਮਨਾਕ ਘਟਨਾ, ਮਹਿਲਾ ਨੂੰ ਖੰਬੇ ਨਾਲ ਬੰਨ ਕੇ ਕੀਤਾ ਗਿਆ ਬੇਇੱਜ਼ਤ
ਰਾਜਪੁਰਾ, 6 ਅਪ੍ਰੈਲ (ਕੁਲਵੰਤ ਸਿੰਘ ਬੱਬੂ):
ਰਾਜਪੁਰਾ ਦੇ ਨੇੜਲੇ ਪਿੰਡ ਜਨਸੁਆ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿੰਡ ਦੇ ਕੁਝ ਲੋਕਾਂ ਵੱਲੋਂ ਇੱਕ ਮਹਿਲਾ ਨੂੰ ਖੰਬੇ ਨਾਲ ਬੰਨ ਕੇ ਬੇਇੱਜ਼ਤ ਕੀਤਾ ਗਿਆ।
ਜਾਣਕਾਰੀ ਅਨੁਸਾਰ, ਮਹਿਲਾ 'ਤੇ ਆਰੋਪ ਲਾਇਆ ਗਿਆ ਕਿ ਉਸਦਾ ਪੁੱਤ ਪਿੰਡ ਦੀ ਇੱਕ ਵਿਆਹੀ ਹੋਈ ਪੜੋਸਣ, ਜੋ ਕਿ ਦੋ ਬੱਚਿਆਂ ਦੀ ਮਾਂ ਹੈ, ਨੂੰ ਘਰੋਂ ਭਜਾ ਲੈ ਗਿਆ। ਇਸ ਦੇ ਰੋਸ ਵਿਚ ਆ ਕੇ ਪਿੰਡ ਦੇ ਕੁਝ ਲੋਕਾਂ ਨੇ ਉਸ ਮਹਿਲਾ ਨੂੰ ਘਰੋਂ ਕੱਢ ਕੇ ਖੰਬੇ ਨਾਲ ਬੰਨ ਦਿੱਤਾ ਅਤੇ ਸਾਰਿਆਂ ਅੱਗੇ ਉਸ ਦੀ ਬੇਇੱਜ਼ਤੀ ਕੀਤੀ।
ਜਦੋਂ ਇਹ ਘਟਨਾ ਸਥਾਨਕ ਲੋਗਾਂ ਰਾਹੀਂ ਪੁਲਿਸ ਤੱਕ ਪਹੁੰਚੀ ਤਾਂ ਥਾਣਾ ਸਦਰ ਰਾਜਪੁਰਾ ਅਧੀਨ ਪੈਣ ਵਾਲੀ ਚੌਕੀ ਜਨਸੁਈ ਦੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਮਹਿਲਾ ਨੂੰ ਬਚਾਇਆ।
ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਮਹਿਲਾਵਾਂ ਸਮੇਤ ਕੁੱਲ 13 ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਵਾਰਦਾਤ ਦੀ ਜਾਂਚ ਚੱਲ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।