ਡੌਂਕੀ ਰਾਹੀਂ ਅਮਰੀਕਾ ਜਾ ਰਹੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ
ਅੰਮ੍ਰਿਤਸਰ, 9 ਫਰਵਰੀ 2025 - ਡੌਂਕੀ ਰਸਤੇ ਅਮਰੀਕਾ ਜਾ ਰਹੇ ਅੰਮ੍ਰਿਤਸਰ ਦੇ ਕਸਬਾ ਰਮਦਾਸ ਦੇ ਨੌਜਵਾਨ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਗੁਆਟੇਆਲਾ ਵਿਖੇ ਹਾਰਟ ਅਟੈਕ ਕਾਰਨ ਮੌਤ ਹੋਈ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਗੁਰਪ੍ਰੀਤ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ। ਉਹ 6 ਸਾਲ ਪਹਿਲਾਂ ਵਰਕਰ ਪਰਮਟ ਤੇ ਇੰਗਲੈਂਡ ਗਿਆ ਸੀ ਜਿਥੋਂ ਉਹ ਵਾਪਸ ਆ ਗਿਆ ਸੀ। ਘਰ ਤੋਂ ਕਰੀਬ 3 ਮਹੀਨੇ ਪਹਿਲਾਂ ਹੀ ਉਹ ਘਰੋਂ ਅਮਰੀਕਾ ਲਈ ਇਕ ਏਜੰਟ ਦੇ ਜਰੀਏ ਅਮਰੀਕਾ ਜਾ ਰਿਹਾ ਸੀ, ਪਰ ਗੁਆਟੇਮਾਲਾ ਨੇੜੇ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਸਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਗੁਰਪ੍ਰੀਤ ਸਿੰਘ ਦੇ ਨਾਲ ਵਾਲੇ ਸਾਥੀਆਂ ਨੇ ਉਸਦੇ ਪਰਿਵਾਰ ਨੂੰ ਫੋਨ ਤੇ ਦਿੱਤੀ।
ਉੱਥੇ ਹੀ ਦੂਜੇ ਪਾਸੇ ਨੌਜਵਾਨ ਦੀ ਮੌਤ ਦੀ ਖ਼ਬਰ ਜਿਵੇਂ ਹੀ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਨੂੰ ਪਤਾ ਲੱਗੀ ਤਾਂ, ਉਹ ਤੁਰੰਤ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਵਿਸ਼ਵਾਸ਼ ਦੁਆਇਆ ਕਿ ਗੋਪੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ ਅਤੇ ਜਲਦ ਹੀ ਅੰਬੈਸੀ ਨਾਲ ਸੰਪਰਕ ਕੀਤਾ ਜਾਵੇਗਾ।
ਮੰਤਰੀ ਧਾਲੀਵਾਲ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕਰੀ ਕਿ ਉਹ ਗ਼ੈਰ-ਕਾਨੂੰਨੀ ਢੰਗ ਦੇ ਨਾਲ ਬਾਹਰਲੇ ਮੁਲਕਾਂ ਵਿਚ ਜਾਣ ਦੀ ਥਾਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਕੰਮ ਕਰਨ ਅਤੇ ਜੇਕਰ ਬਾਹਰਲੇ ਮੁਲਕ ਜਾਣਾ ਹੀ ਹੈ ਤਾਂ ਕਾਨੂੰਨੀ ਤਰੀਕੇ ਨਾਲ ਜਾਓ।