ADC ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਵਪਾਰੀਆਂ ਦਾ ਕਾਨੂੰਨ ਵਿਵਸਥਾ ਨੂੰ ਲੈ ਕੇ ਛਲਕਿਆ ਦਰਦ
ਕਹਿੰਦੇ ਨਸ਼ਿਆਂ ਵਿਰੁੱਧ ਮੁਹਿੰਮ ਤਾਂ ਠੀਕ ਹੈ ਪਰ ਡਰ ਡਰ ਜੀ ਰਹੇ ਵਪਾਰੀ ,ਮਾਹੌਲ ਵੀ ਤਾਂ ਠੀਕ ਕਰੋ
ਰੋਹਿਤ ਗੁਪਤਾ
ਗੁਰਦਾਸਪੁਰ , 12 ਮਾਰਚ 2025 : ਨਸ਼ਿਆਂ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਵੀ ਸਰਕਾਰ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਪਰ ਅੱਜ ਏਡੀਸੀ ਜਨਰਲ ਵੱਲੋਂ ਨਸਿਆਂ ਖਿਲਾਫ ਬੁਲਾਈ ਗਈ ਸ਼ਹਿਰ ਦੇ ਦੁਕਾਨਦਾਰਾਂ ,ਵਪਾਰੀਆਂ ਅਤੇ ਰੇਹੜੀ ਫੜੀ ਵਾਲਿਆਂ ਦੀ ਮੀਟਿੰਗ ਵਿੱਚ ਜਿੱਥੇ ਮੀਟਿੰਗ ਵਿੱਚ ਪਹੁੰਚੇ ਸ਼ਹਿਰ ਦੇ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਨੇ ਸਰਕਾਰ ਅਤੇ ਪੁਲਿਸ ਦੀ ਮੁਹਿੰਮ ਦੀ ਸ਼ਲਾਘਾ ਅਤੇ ਹਿਮਾਇਤ ਕਰਦਇਆਂ ਕਿ ਨਸ਼ਾ ਨਾ ਕਰਨ ਵਾਲੇ ਗ੍ਰਾਹਕਾਂ ਖਾਸ ਕਰ ਨੌਜਵਾਨਾਂ ਨੂੰ ਖਰੀਦਦਾਰੀ ਕਰਨ ਤੇ 10 ਫੀਸਦੀ ਡਿਸਕਾਊਂਟ ਦੁਕਾਨਦਾਰਾਂ ਵੱਲੋਂ ਆਪਣੇ ਤੌਰ ਤੇ ਦਿੱਤਾ ਜਾਏਗਾ ਉਥੇ ਹੀ ਵਪਾਰੀਆਂ ਦਾ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਦਰਦ ਵੀ ਛਲਕਿਆ ਹੈ। ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਦਿਨੇਸ਼ ਠਾਕੁਰ ਮੁੰਨਾ ਨੇ ਕਿਹਾ ਕਿ ਉਹ ਨਸ਼ੇ ਵਿਰੁੱਧ ਹਰ ਲੜਾਈ ਵਿੱਚ ਪ੍ਰਸ਼ਾਸਨ ਦਾ ਅਤੇ ਪੁਲਿਸ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੇ ਅਤੇ ਆਪਣੀ ਯੂਨੀਅਨ ਦੇ ਹਰ ਮੈਂਬਰ ਨੂੰ ਇਹ ਹਿਦਾਇਤ ਕਰਨਗੇ ਕਿ ਜੇਕਰ ਉਹਨਾਂ ਦੀ ਦੁਕਾਨ ਤੇ ਕੋਈ ਨਸ਼ਾ ਕਰਕੇ ਨੌਜਵਾਨ ਆਉਂਦਾ ਹੈ ਜਾਂ ਫਿਰ ਉਹਨਾਂ ਨੂੰ ਕਿਸੇ ਨਸ਼ਾ ਵੇਚਣ ਵਾਲੇ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪ੍ਰਸ਼ਾਸਨ ਜਾਂ ਉਹਨਾਂ ਤੱਕ ਪਹੁੰਚਾਏ ਉੱਥੇ ਹੀ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਸਹਿਯੋਗ ਤਾਂ ਕਰਨਗੇ ਪਰ ਪੁਲਿਸ ਪ੍ਰਸ਼ਾਸਨ ਨੂੰ ਇਸ ਦੇ ਨਾਲ ਹੀ ਵਿਗੜਦੀ ਕਾਨੂੰਨ ਵਿਵਸਥਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਵਪਾਰੀ ਵਰਗ ਅੱਜ ਡਰ ਦੇ ਮਾਹੌਲ ਵਿੱਚ ਜੀ ਰਿਹਾ ਹੈ ਤੇ ਰੋਜ਼ ਕਿਤੇ ਨਾ ਕਿਤੇ ਚੋਰੀਆਂ ਹੋ ਰਹੀਆਂ ਹਨ ਪਰ ਕੋਈ ਵੀ ਵਾਰਦਾਤ ਪੁਲਿਸ ਸੁਲਝਾਉਣ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ।