ਐਤਕੀਂ ਇੰਡੀਆ ਚੱਲੇ ਆਂ
ਫਿਰ ਜਾਵਾਂਗੇ ਹੋਰ ਕਿਤੇ
ਪਹਾੜੀ ਜਗਾ੍ ਤੇ
ਕੁੱਲੂ ਮਨਾਲੀ,ਸ਼ਿਮਲਾ-ਮਸ਼ੂਰੀ
ਆਪਾਂ ਪਾਕਿਸਤਾਨ ਕਿਉਂ ਨਾ ਚੱਲੀਏ!
ਮੇਰੀ ਰੂਹ ਬੋਲੀ
ਹਾਂ ਇਹ ਗੱਲ ਠੀਕ ਹੈ-
ਮੈਂ ਵੀ ਤੈਨੂੰ ਕਹਿਣ ਹੀ ਵਾਲਾ ਸੀ-
ਨਾਲੇ ਹੋਰ ਤਾਂ ਨਹੀਂ ਆਪਣੇ ਲੋਕ ਦੇਖਾਂਗੇ
ਆਪਣੇ ਵਰਗੀ ਬੋਲੀ, ਪਹਿਰਾਵੇ ਤੇ ਹਵਾਵਾਂ
ਜਿੱਥੇ ਪਾਪਾ ਜੰਮੇ ਪਲੇ ਪੜ੍ਹੇ
ਰੋਟੀ ਟੁੱਕ ਲਈ ਜੂਝੇ
ਹਾਂ ਓਥੇ ਚੱਲਾਂਗੇ-
ਹੋਰ ਨਹੀਂ ਤਾਂ ਵੇਖਾਂਗੇ -
ਆਪਣਾ ਜੱਦੀ ਪਿੱਤਰਾਂ ਦਾ ਪਿੰਡ
ਸਕੇ ਲਹੂ ਵਰਗੀ ਮਿੱਟੀ-
ਆਪਣੇ ਸਾਹ ਤੇ ਮਹਿਕਾਂ
ਜਿੱਥੇ ਕਦੇ ਬਾਪੂ ਅੰਬਰ ਲਾੜਾ ਬਣਿਆ ਸੀ-
ਤੇ ਮੇਰੀ ਧਰਤ ਆਈ ਹੋਵੇਗੀ ਲਾੜੀ ਬਣ ਕੇ-
ਜਿੱਦਾਂ ਮੈਂ ਤੈਨੂੰ ਅੰਬਰਸਰੋਂ
ਲੈ ਕੇ ਆਇਆ ਸੀ ਪਹਿਲੀ 2 ਵਾਰ
ਬੀ ਜੀ ਪਾਪਾ ਦੱਸਿਆ ਕਰਦੇ ਸਨ-
ਚੱਕ ਝੂਮਰਾ, ਖੁਰੜਿਆਂ ਵਾਲਾ ਸ਼ੰਕਰ
ਆਪਣਾ ਪਿੰਡ ਹੁੰਦਾ ਸੀ-
ਤੇ ਹਾਂ ਨੇੜੇ ਹੀ ਹੈ ਓਹਦੇ
ਆਪਣੇ ਨਾਨਕ ਦਾ ਪਿੰਡ-ਤਲਵੰਡੀ
ਨਨਕਾਣਾ ਕਹਿੰਦੇ ਨੇ ਹੁਣ ਉਹਨੂੰ ਅੱਜਕਲ
ਹਰ ਰਾਹ, ਖੇਤ ਦੀ ਮੁੱਠ 2 ਮਿੱਟੀ
ਤਾਂ ਲਿਆਵਾਂਗੇ ਹੀ-
ਪਰ ਪਹਿਲਾਂ ਦੁਨੀਆਂ 'ਤੇ ਜਗਦੇ ਸੂਰਜ
ਨਾਨਕ ਦੇ ਪਿੰਡ ਦੀ ਮਿੱਟੀ ਨੂੰ ਲਾਵਾਂਗੇ ਮੱਥੇ
ਲੱਭਾਂਗੇ ਓਸ ਮਹਾਨ ਮਾਂ ਤਰਿਪਤਾ ਦੀ ਕਿਤੇ ਪੈੜ੍ਹ
ਕਾਲੂ ਨੂੰ ਕਹਾਂਗੇ -ਲੈ ਮਾਰ ਲੈ ਚਪੇੜਾਂ
ਅਸੀਂ ਤਾਂ ਕਰ ਆਏ ਹਾਂ ਸੱਚਾ ਸੌਦਾ
ਸਾਥੋਂ ਨਈ ਹੁੰਦਾ ਤੇਰੇ ਵਰਗਾ ਵਿਉਪਾਰ-
ਬਾਣੀਆ ਕਿਸੇ ਥਾਂ ਦਾ-
ਉਹ ਕੀ ਜਾਣੇ ਸੱਚ ਦਾ ਸੌਦਾ ਕੀ ਹੁੰਦਾ ਹੈ-
ਤੇ ਨਾਲੇ ਆਪਾਂ ਵੀ
ਪਹਿਲੀ ਉਦਾਸੀ ਕਰ ਆਵਾਂਗੇ
ਆਪਣੇ ਜੱਦੀ ਪਿੰਡ ਤੇ ਨਨਕਾਣੇ ਦੀ-
ਨਾਲੇ ਹੋਣਾ ਕਿਤੇ ਫਿਰਦਾ ਮੇਰੇ ਵਰਗਾ
ਲਾਪਰਵਾਹ ਨਾਨਕ ਵੀ ਓਥੇ ਮੱਝਾਂ ਚਾਰਦਾ-
ਸੁੱਤਾ ਗੂੜ੍ਹੀ ਨੀਂਦ ਚ
ਚੱਲ ਜੇ ਉਹ ਨਾ ਮਿਲਿਆ ਤਾਂ
ਬਾਲਾ ਮਰਦਾਨਾ ਤਾਂ ਹੋਣਗੇ ਹੀ ਆ ਘਰੇ-
ਲੰਗੋਟੀਏ ਯਾਰ ਨੇ ਓਹਦੇ-
ਤਿੰਨੋ- ਮਲੰਗ ਕਿਸੇ ਥਾਂ ਦੇ
ਪਰ ਗੱਲ ਇੱਕ ਆ-
ਜਦ ਕਦੇ ਰਬਾਬ ਵਜਾਉਣ ਨੂੰ ਕਹਿੰਦਾ ਹੈ ਨਾਨਕ
ਬਾਣੀ ਦੀ ਬਰਸਾਤ ਬਹੁਤ ਹੁੰਦੀ ਹੈ-
ਪਵਨ ਰੁਕ ਜਾਂਦੀ ਹੈ-
ਪਰਿੰਦੇ ਵੀ ਨਹੀਂ ਪਰ ਮਾਰਦੇ-
ਰਾਗ ਖਿੱਲਰ ਜਾਂਦੇ ਹਨ ਬ੍ਰਹਿਮੰਡ ਚ
ਚੰਦ ਹੇਠ ਆ ਕੇ ਕਰਦਾ ਹੈ ਸਿੱਜਦਾ
ਸਿਤਾਰੇ ਪੈੜਾਂ ਤੇ ਕਿਰਦੇ ਨੇ ਸਿਰ ਨਿਵਾਉਂਦੇ-
ਨਨਕਾਣੇ ਤੋਂ ਪੱਬ ਚੱਕ 2 ਕੇ ਦੇਖਾਂਗੇ
ਜੇ ਕਾਬਲ ਕੰਧਾਰ ਦਿਸ ਪਿਆ ਤਾਂ
ਕਹਾਂਗੇ ਜਹਾਦੀਆਂ ਨੂੰ
ਕਿਉਂ ਕਰਦੇ ਹੋ ਮਨੁੱਖਤਾ ਦਾ ਘਾਣ-
ਬੱਸ ਕਰੋ ਯਾਰ
ਹੋ ਸਕਦਾ ਸ਼ਾਇਦ ਲੱਗ ਜਾਣ ਆਖੇ-
ਪਿਆਰ ਨਾਲ ਮੰਨ ਜਾਂਦੇ ਨੇ- ਸਾਰੇ
ਆਪਾਂ ਕਿਹੜਾ ਘੱਟ ਲੜ੍ਹਦੇ ਆਂ
ਬਾਦ 'ਚ ਫਿਰ ਮਨਾ ਵੀ ਲੈਂਦਾ ਹਾਂ ਤੈਨੂੰ-
ਤੇ ਤੂੰ ਵੀ ਤਾਂ ਮੰਨ ਹੀ ਜਾਂਦੀ ਏਂ
ਪਹਿਲੀ ਗਲਵੱਕੜੀ ਤੇ ਪਹਿਲੇ ਚੁੰਮਣ ਨਾਲ ਹੀ-
ਅੱਛਾ ਕੰਧਾਰੀ ਨੂੰ ਜਰੂਰ
ਵਰਜਣਾਂ ਐਤਕੀਂ-ਕਹਾਂਗੇ ਬਈ
ਤੇਰਾ ਕੀ ਗੁਆਇਆ ਸੀ ਸਾਡੇ ਨਾਨਕ ਨੇ
ਤੂੰ ਕੀ ਲੱਗਦਾ ਸੀ ਪੱਥਰ ਮਾਰਨ ਦਾ ਸਾਡੇ ਅਰਸ਼ ਨੂੰ?
ਲੈ ਮਾਰ ਹੁਣ ਫਿਰ-ਦੇਖਦਾਂ ਤੈਨੂੰ ਕਿਵੇਂ ਮਾਰਦਾਂ ਤੂੰ!
ਝਨਾਂ੍ਹ ਦੇ ਇਸ ਪਾਰ ਖੜ੍ਹ ਕੇ ਦੇਖਾਂਗੇ
ਹੋਣਾ ਮਹੀਂਵਾਲ ਓਸ ਪਾਰ ਫਿਰਦਾ ਕਿਤੇ ਝੱਲਾ
ਐਤਕੀਂ ਕਹਾਂਗੇ ਪੁੱਤ ਤੂੰ ਆ -ਤਰ ਕੇ
ਨਾਲੇ ਪਤਾ ਲੱਗ ਜੂ ਕਿੰਜ਼ ਤਰੀਦਾ ਕੱਚਿਆਂ ਤੇ
ਪਰਖਾਂਗੇ ਓਹਦਾ ਇਸ਼ਕ ਵੀ ਐਤਕੀਂ -ਕੱਚਾ ਕੇ ਪੱਕਾ
ਤੂੰ ਰਾਵੀ ਦੀਆਂ ਲਹਿਰਾਂ ਗਿਣੀ
ਮੈ ਤੈਨੂੰ ਤੱਕਾਂਗਾ ਲਹਿਰਾਂ ਗਿਣਦੀ ਨੂੰ-
ਹਾਂ ਸੱਚ ਲਹੌਰ ਤਾਂ ਆਪਾਂ ਜਰੂਰ ਦੇਖਣਾ
ਲੈ ਲਈਂ ਜੋ ਲੈਣਾ-ਪਰਾਂਦੇ ਤੇ ਵੰਗਾਂ ਚੂੜੀਆਂ
ਤੁਰਦੀ ਨੂੰ ਦੇਖਿਆ ਕਰੂੰ-ਕੀ ਕਹਿੰਦੀ ਤੇਰੀ ਗੁੱਤ ਤੇ ਪਰਾਂਦਾ
ਛਣਕਦੀਆਂ ਵੰਗਾਂ ਸੁਣਿਆ ਕਰੂੰ ਰਾਤ ਦਿਨ
ਸੁਰਾਂ ਨਾਲ ਮਹਿਕਿਆ ਕਰੇਗੀ
ਮੇਰੀ ਸੁੰਨ੍ਹੀ ਜੇਹੀ ਰਸੋਈ ਸਦਾ ਲਈ-
ਹਾਂ ਸੱਚ ਮੈਂ ਪਾਗਲ ਹੋ ਕੇ
ਇੱਕ ਨਿੱਕੀ ਜੇਹੀ ਇੱਲਤ ਕਰਨੀ ਹੈ-
ਜਦੋਂ ਵਾਪਿਸ ਪਰਤੇ -
ਤੂੰ ਰੋਕੀਂ ਨਾ ਮੈਨੂੰ-
ਮੈਂ ਸਰਹੱਦ ਤੋਂ ਲੀਕ ਪੂੰਝਣੀ ਆ ਸਦਾ ਲਈ
ਕੱਟਣੀ ਆ ਜਿੰਨੀ ਕੱਟ ਹੋ ਗਈ ਕੰਡਿਆਂ ਵਾਲੀ ਤਾਰ-
ਤੂੰ ਨਾਨਕ ਦੇ ਪਿੰਡ
ਤੇ ਆਪਣੇ ਪਿੰਡ ਦੀ
ਮਿੱਟੀ ਵਾਲੇ ਲਿਫਾਫੇ ਫੜ ਕੇ ਰੱਖੀਂ-
DrAmarjit Tanda
Tanda Pest Control -----SRK Real Estate
Ex-Pest Control Technician Flick Pest Control / Rentokil Pest ControlSydney
UWS Hawkesbury CSIRO, Australia
Ph = 02 9682 3030 Mob; 0417271147
-
-
ਡਾ ਅਮਰਜੀਤ ਟਾਂਡਾ, Ex-Pest Control Technician Flick Pest Control / Rentokil Pest ControlSydney
drtanda101@gmail.com
02 9682 3030
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.