ਤਿਰਛੀ ਨਜ਼ਰ
12 ਜੂਨ ਬਾਅਦ ਦੁਪਹਿਰ ਦੋ ਵਜੇ ਦਾ ਵਕਤ . ਲੁਧਿਆਣੇ ਜ਼ਿਲ੍ਹੇ ਦੇ ਦੋਰਾਹੇ ਕਸਬੇ ਨੇੜਲੇ ਇੱਕ ਪਿੰਡ ਦੇ ਖ਼ੂਬਸੂਰਤ ਗੁਰਦਵਾਰਾ ਸਾਹਿਬ ਵਿਚ ਵੱਡੀ ਗਿਣਤੀ ਵਿਚ ਸੰਗਤ ਜੁੜੀ ਹੋਈ ਸੀ . ਪਿੰਡ ਵਿਚ ਹੋਈ ਮਰਗ ਤੋਂ ਬਾਅਦ ਭੋਗ ਅਤੇ ਅੰਤਮ ਅਰਦਾਸ ਦਾ ਸਮਾਗਮ ਸੀ . ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜਵਾਨ ਉਮਰ ਵਿਚ ਹੋਈ ਮੌਤ ਤੇ ਦੁੱਖ ਦਰਦ ਜ਼ਾਹਰ ਕੀਤਾ ਕੁੱਝ ਪਤਵੰਤੇ ਬੁਲਾਰਿਆਂ ਨੇ . ਜਵਾਨ ਵਿਧਵਾ ਪਤਨੀ ਅਤੇ ਬਾਪ ਦੇ ਸਾਏ ਤੋਂ ਹਮੇਸ਼ਾਂ ਲਈ ਸੱਖਣੀ ਹੋਈ 5-6 ਸਾਲ ਦੀ ਬੱਚੀ ਨਾਲ ਹਮਦਰਦੀ ਵੀ ਜ਼ਾਹਰ ਕੀਤੀ ਅਤੇ ਦੋਵਾਂ ਮਾਵਾਂ ਧੀਆਂ ਦੇ ਭਵਿੱਖ ਦੀ ਚਿੰਤਾ ਵੀ . ਸਭ ਨੇ ਬੇਵਕਤੀ ਮੌਤ ਨੂੰ ਅਕਹਿ ਸਦਮਾ ਕਿਹਾ ਪਰ ਕਿਸੇ ਨੇ ਵੀ ਇਹ ਜ਼ਿਕਰ ਨਹੀਂ ਕੀਤਾ ਕਿ ਮੌਤ ਕਿਵੇਂ ਹੋਈ . ਆਖ਼ਰ ਵਿਚ ਬੋਲਣ ਦੀ ਵਾਰੀ ਪਰਿਵਾਰ ਦੇ ਕਿਸੇ ਮੈਂਬਰ ਦੀ ਸੀ . ਅੰਤਮ ਅਰਦਾਸ ਵਿਚ ਸ਼ਾਮਲ ਹੋਣ ਲਈ ਆਏ ਇਲਾਕੇ ਦੇ ਅਤੇ ਦੂਰੋਂ -ਨੇੜਿਓਂ ਪੁੱਜੇ ਸੈਂਕੜੇ ਲੋਕਾਂ ਦਾ ਧਨਵਾਦ ਕਰਨਾ ਹੀ ਸੀ .
ਮਾਈਕ ਅੱਗੇ ਆ ਕੇ ਪਰਿਵਾਰ ਦੇ ਸਭ ਤੋਂ ਮੋਹਰੀ ਸ਼ਖਸ਼ ਨੇ ਬੋਲਣਾ ਸ਼ੁਰੂ ਕੀਤਾ ..ਨਗਰ ਨਿਵਾਸਿਓ .. ਤੁਹਾਡਾ ਸਭ ਦਾ ਧਨਵਾਦ . ਤੁਸੀਂ ਸਾਡੇ ਦੁੱਖ ਵਿਚ ਸ਼ਰੀਕ ਹੋਏ .. ਪਰ ਮੈਂ ਅਸਲੀਅਤ ਤੇ ਕੋਈ ਪਰਦਾ ਨਹੀਂ ਪਾਉਣਾ ਚਾਹੁੰਦਾ . ਸਾਡੇ ਜਵਾਨ ਪੁੱਤ ਦੀ ਮੌਤ ਡਰੱਗ ਵਾਲੀ ਮਾੜੀ ਸੰਗਤ ਕਰ ਕੇ ਹੋਈ , ਮੈਂ ਇਹ ਲੁਕੋਣਾ ਨਹੀਂ ਚਾਹੁੰਦਾ .ਮੈਂ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪੈਸਾ ਹੀ ਸਭ ਕੁੱਝ ਨਹੀਂ -ਪੈਸੇ ਨੂੰ ਕੀ ਕਰਾਂਗੇ ਜੇ ਅਸੀਂ ਆਪਣੇ ਬੱਚੇ ਹੀ ਸੰਭਾਲ ਸਕੇ . ਮੇਰਾ ਕਰੋੜਾਂ ਰੁਪਿਆ ਕਮਾਇਆ ਕਿਸੇ ਕੰਮ ਨਹੀਂ . ਇਸ ਮੁੰਡੇ ਨੂੰ ਵੀ ਡਰੱਗ ਵਾਲੀ ਬਿਮਾਰੀ ਵਿਚੋਂ ਕੱਢਣ ਲਈ ਮੈ ਕਰੋੜਾਂ ਰੂਪੇ ਖ਼ਰਚੇ . ਆਸਟ੍ਰੇਲੀਆ ਵੀ ਭੇਜਿਆ . ਉਥੋਂ ਡੇਢ ਦੋ ਕਰੋੜ ਖ਼ਰਚੇ ਕੇ ਵਾਪਸ ਲਿਆਉਣਾ ਪਿਆ . ਉਸਦੇ ਨਾਂ ਤੇ ਕਾਰੋਬਾਰ ਸ਼ੁਰੂ ਕੀਤਾ .ਡੇਢ ਕਰੋੜ ਦਾ ਇਨਕਮ ਟੈਕਸ ਭਰਿਆ ਪਿਛਲੇ ਸਾਲ . ਮੈਂ ਚਾਹੁੰਦਾ ਸੀ ਜਿਵੇਂ ਸਾਡੇ ਬਾਪ ਨੇ ਮਿਹਨਤ ਕਰ ਕੇ 40 ਵਿੱਘੇ ਤੋਂ 150 ਵਿੱਘਾ ਜ਼ਮੀਨ ਬਣਾਈ - ਫੇਰ ਅਸੀਂ ਭਰਾਵਾਂ ਮਿਹਨਤ ਕੀਤੀ , ਇਹ ਵੀ ਉਸੇ ਤਰਾਂ ਮਿਹਨਤ ਕਰੇ . ਕੈਨੇਡਾ ਲਿਜਾਣ ਦੀ ਵੀ ਕੋਸ਼ਿਸ਼ ਕੀਤੀ .
ਮੈਂ ਉਸ ਦੀਆਂ ਮਿਨਤਾਂ ਕੀਤੀਆਂ ਕਿ ਨਸ਼ਾ ਛੱਡ ਦੇ . ਮੈਂ ਚਾਹੁੰਦਾ ਸੀ ਕਿ ਉਹ ਨਸ਼ਾ ਛੱਡ ਦੇਵੇ . ਉਹ ਐਸ ਕਲਾਸ ਵਿਚ ਬੈਠੇ , ਭਾਵੇਂ ਕੋਈ ਕੰਮ ਨਾਂ ਕਰੇ ਪਰ ਮੈਂਨੂੰ ਉਲਾਂਭਾ ਨਾਂ ਆਵੇ . ਦੋ ਡ੍ਰਾਈਵਰ ਵੀ ਲੈਕੇ ਦਿੱਤੇ .. ਪਰ ਸਭ ਵਿਅਰਥ .
ਮੈ ਕਾਰੋਬਾਰ ਵਿਚ ਕਾਮਯਾਬ ਹੋਇਆ . ਦੁਨੀਆ ਭਰ ਵਿਚ ਬਿਜਨੈੱਸ ਕੀਤਾ , ਜਿਸ ਚੀਜ਼ ਨੂੰ ਹੱਥ ਲਾਇਆ ਬੇਹੱਦ ਕਾਮਯਾਬ ਹੋਇਆ ਪਰ ਮੈਂ ਇਥੇ ਫ਼ੇਲ੍ਹ ਹੋ ਗਿਆ . ਮੈਂ ਸਾਡੇ ਘਰ ਦੇ ਚਿਰਾਗ਼ ਨੂੰ ਬਚਾ ਨਹੀਂ ਸਕਿਆ . ਪੈਸੇ ਨਾਲ ਨਾਂ ਤਾਂ ਸਾਡੀ ਉਸ ਬੇਚਾਰੀ ਧੀ ਦਾ ਸੁਹਾਗ ਵਾਪਸ ਆ ਸਕਦੈ , ਨਾਂ ਹੀ ਉਸ ਬੱਚੀ ਨੂੰ ਮੁੜ ਕਦੇ ਬਾਪ ਮਿਲ ਸਕਦੈ .
ਇਸ ਲਈ ਮੇਰੀ ਸਭ ਨੂੰ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਮਾਂ ਦਿਓ ਉਨਾਂ ਨੂੰ ਮਾੜੀ ਸੰਗਤ ਤੋਂ ਬਚਾਉਣ ਲਈ ਸੋਚੋ .
ਗੁਰਦਵਾਰਾ ਸਾਹਿਬ ਦੇ ਹਾਲ ਵਿਚ ਇੱਕ ਅਜੀਬ ਸਨਾਟਾ ਸੀ। ਸ਼ੌਕ ਭਰੇ ਮਾਹੌਲ ਵਿਚ ਬੈਠੀ ਸੰਗਤ ਸਾਹ ਰੋਕ ਕੇ ਉਸ ਸ਼ਖਸ਼ ਨੂੰ ਸੁਣ ਰਹੀ ਸੀ .ਸ਼ਾਇਦ ਹੀ ਹੀ ਕਿਸੇ ਨੂੰ ਉਮੀਦ ਹੋਵੇ ਕਿ ਉਹ ਅਜਿਹਾ ਬੇਬਾਕ ਹੋਵੇਗਾ ਅਤੇ ਕੌੜਾ ਸੱਚ ਬਿਆਨ ਕਰੇਗਾ .
ਕੁੱਝ ਪਲਾਂ ਲਈ ਰੁਕ ਕੇ ਆਪਣੇ ਮੋਬਾਇਲ ਫ਼ੋਨ ਦੇ ਸਕਰੀਨ ਤੇ ਝਾਤ ਮਾਰ ਕੇ ਭਰੇ ਗੱਚ ਨਾਲ ਉਹ ਸੱਜਣ ਆਪਣੀ ਗੱਲ ਅੱਗੇ ਤੋਰਦਾ ਹੈ .
ਸਭ ਤੋਂ ਅਫ਼ਸੋਸ ਨਾਕ ਇਹ ਹੈ ਕਿ ਇਹ ਡਰੱਗ ਘਰਾਂ ਵਿਚ ਸਪਲਾਈ ਹੋਣ ਲੱਗ ਪਈ ਹੈ .. ਮੈਂਨੂੰ ਪੁਲਿਸ ਅਫ਼ਸਰਾਂ ਨੇ ਦੱਸਿਆ ਕਿ ਇਹ ਜਿਹੜੀ ਡਰੱਗ ਹੈ ..ਜਿਸ ਨੂੰ ਚਿੱਟਾ ਕਹਿੰਦੇ ਨੇ .. ਇਹ ਬਰੇਨ ਹੀ ਡੈਡ ਕਰ ਦਿੰਦੀ ਹੈ . ਖਾਣ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਕਰ ਰਿਹੈ .ਡਰੱਗ ਦਾ ਮਸਲਾ ਸਿਰਫ਼ ਇਥੇ ਨਹੀਂ ਕੈਨੇਡਾ ਵਿਚ ਵੀ ਹੈ . ਸਿਰਫ਼ ਸਾਡੇ ਨਹੀਂ ਸਗੋਂ ਸਗੋਂ ਗੋਰੇ ਟੱਬਰਾਂ ਦਾ ਵੀ ਹੈ .ਪਰ ਇਹ ਘਰ ਤੋਂ ਹੀ ਮਾਪਿਆਂ ਵੱਲੋਂ ਹੀ ਰੋਕੀ ਜਾ ਸਕਦੀ ਹੈ .
ਮੇਰੀ ਇੱਕੋ ਹੀ ਅਪੀਲ ਹੈ ਪੈਸੇ ਪਿੱਛੇ ਨਾਂ ਭੱਜੋ , ਆਪਣੇ ਬੱਚਿਆਂ ਨੂੰ ਸੰਭਾਲੋ , ਉਨ੍ਹਾਂ ਨੂੰ ਪੜ੍ਹਾਓ . ਫੇਰ ਉਸ ਨੇ ਲੱਚਰ ਪੰਜਾਬੀ ਗਾਣਿਆਂ ਤੇ , ਇਨ੍ਹਾਂ ਵਿਚ ਪ੍ਰਮੋਟ ਕੀਤੇ ਜਾਂਦੇ ਸ਼ਰਾਬ ਅਤੇ ਹੋਰ ਨਸ਼ਿਆਂ ਬਾਰੇ , ਔਰਤਾਂ ਨੂੰ ਸਿਰਫ਼ ਇੱਕ ਖਿਡੌਣਾ ਬਣਾ ਕੇ ਰੱਖਣ ਬਾਰੇ ਅਤੇ ਇਨ੍ਹਾਂ ਨਾਲ ਨਵੀਂ ਪੀੜ੍ਹੀ ਦੇ ਹੋ ਰਹੇ ਵਿਗਾੜ ਬਾਰੇ ਮਨ ਦੀ ਭੜਾਸ ਕੱਢੀ .ਹੋਰ ਬਹੁਤ ਸਾਰੇ ਪੱਖ ਉਸਨੇ ਛੋਹੇ . ਉਸ ਨੇ ਕਿਹਾ " ਮੇਰੇ ਰਿਸ਼ਤੇਦਾਰ ਕਹਿੰਦੇ ਸੀ ਕਿ ਲੋਕਾਂ ਸਾਹਮਣੇ ਡਰੱਗ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਪਰ ਮੈਂ ਇਹ ਸਾਰਾ ਕੁੱਝ ਤਾਂ ਬਿਆਨ ਕਰ ਰਿਹਾ ਹਨ ਕਿ ਸਾਡੇ ਨਾਲ ਜੋ ਭਾਣਾ ਵਾਪਰਿਆ ਹੈ , ਇਸ ਨੂੰ ਸੁਣ ਕੇ ਸ਼ਾਇਦ ਮਾਪੇ ਅਗਲੀ ਪੀੜ੍ਹੀ ਦਾ ਬਚਾ ਕਰ ਸਕਣ ."
ਤੇ ਆਖ਼ਰ ਵਿਚ ਉਹ ਹੰਝੂ ਭਰੀਆਂ ਅੱਖਾਂ ਅਤੇ ਭਰੇ ਗੱਚ ਨਾਲ ਇਹ ਕਹਿ ਕੇ ਖ਼ਤਮ ਕਰਦਾ ਹੈ " ਸਾਡੀ ਉਸ ਧੀ ਅਤੇ ਬੱਚੀ ਨੂੰ ਸੰਭਾਲਣ ਲਈ ਅਸੀਂ ਸਭ ਕੁੱਝ ਕਰਾਂਗੇ ਪਰ ਮੈਂ ਜੱਗੀ ਦੀ ਰੂਹ ਨੂੰ ਮੈਂ ਇਹੀ ਕਹਿਣਾ ਹੈ ਕਿ ਮੈਂਨੂੰ ਮੁਆਫ਼ ਕਰੀਂ , ਮੈਂ ਤੈਨੂੰ ਬਚਾ ਨਹੀਂ ਸਕਿਆ , ਮੈਂ ਇਥੇ ਆ ਕੇ ਫ਼ੇਲ੍ਹ ਹੋ ਗਿਆ ".
ਇਹ ਦਰਦ ਵਿੰਨੀ ਦਾਸਤਾਨ ਕੈਨੇਡਾ ਦੇ ਇੱਕ ਉਸ ਧਨਾਢ ਕਾਰੋਬਾਰੀ ਦੀ ਹੈ ਜਿਸ ਦਾ ਵੱਡਾ ਭਰਾ ਕਈ ਸਾਲ ਪਹਿਲਾਂ ਗੁਜ਼ਰ ਗਿਆ ਸੀ . ਭਰਾ ਦੇ ਪੁੱਤ ਭਾਵ ਭਤੀਜੇ ਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਉਸ ਤੇ ਆ ਪਈ . ਉਸ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਸਭ ਕੁੱਝ ਕੀਤਾ , ਲੱਖਾਂ ਰੂਪੇ ਖ਼ਰਚ ਕੇ ਭਤੀਜੇ ਦਾ ਵਿਆਹ ਵੀ ਕੀਤਾ .ਮਹਿਲ ਵਰਗਾ ਘਰ ਵੀ ਪਾ ਕੇ ਦਿੱਤਾ .ਸਭ ਦੁਨਿਆਵੀ ਸੁੱਖ ਸਹੂਲਤਾਂ ਦਿੱਤੀਆਂ . ਡਰੱਗ ਦੇ ਨਸ਼ੇ ਦਾ ਸ਼ਿਕਾਰ ਹੋਏ ਆਪਣੇ ਭਤੀਜੇ ਨੂੰ ਉਸ ਨੂੰ ਦੋ ਵਾਰ ਨਸ਼ਾ ਛੁਡਾਊ ਸੈਂਟਰਾਂ ਵਿਚ ਵੀ ਦਾਖਲ ਕਰਾਇਆ , ਆਸਟ੍ਰੇਲੀਆ ਵੀ ਇਸੇ ਲਈ ਭੇਜਿਆ . ਸਨਸਨੀਖੇਜ਼ ਹਕੀਕਤ ਇਹ ਵੀ ਸਾਹਮਣੇ ਆਈ . ਨਸ਼ਾ ਛੁਡਾਊ ਕੇਂਦਰਾਂ ਵਿਚ ਭੇਜਣ ਤੋਂ ਪਹਿਲਾਂ ਉਸ ਦੇ ਭਤੀਜੇ ਨੂੰ ਸਿਰਫ਼ ਇਲਾਕੇ ਦੇ ਡਰੱਗ ਸਪਲਾਈ ਕਰਨ ਵਾਲੇ ਜਾਣਦੇ ਸਨ ਪਰ ਨਸ਼ਾ ਛੁਡਾਊ ਕੇਂਦਰਾਂ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਹੋਰਨਾਂ ਜ਼ਿਲਿਆਂ ਦੇ ਡਰੱਗ ਸਪਲਾਇਰ ਵੀ ਜਾਨਣ ਲੱਗ ਪਏ ਸਨ .
ਇਸ ਸ਼ਖਸ਼ ਨੇ ਆਪਣੇ ਭਤੀਜੇ ਨੂੰ ਨਸ਼ੇ ਦੀ ਮਾਰ ਤੋਂ ਬਚਾਉਣ ਲਈ ਪਹਿਲਾਂ ਬੇਥਾਹ ਪੈਸਾ ਖ਼ਰਚਿਆ , ਫੇਰ ਹੱਥ ਰੋਕ ਕੇ ਵੀ ਦੇਖਿਆ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪਈ . ਜੂਨ , 2016 ਦੇ ਪਹਿਲੇ ਹਫ਼ਤੇ ਬਰੇਨ ਹੈਮਰੇਜ ਨਾਲ 36 ਸਾਲਾ ਉਸ ਨੌਜਵਾਨ ਦੀ ਮੌਤ ਹੋ ਗਈ . ਜਦੋਂ ਪਿੰਡ ਵਿਚ ਉਸਦੇ ਘਰ ਵਿਚ ਹੀ ਉਸਦੀ ਲਾਸ਼ ਮਿਲੀ ਤਾਂ ਉਸਦੇ ਹੱਥ ਵਿਚ ਵੀ ਡਰੱਗ ਦੀ ਪੁੜੀ ਹੀ ਮਿਲੀ ਸੀ .
ਪਿਛਲੇ ਕੁੱਝ ਵਰ੍ਹਿਆਂ ਤੋਂ ਮੇਰੇ ਵਾਕਿਫ਼ ਉਸ ਭਲੇਮਾਣਸ , ਨੇਕ ਅਤੇ ਨਿਮਰ ਕਾਰੋਬਾਰੀ ਇਨਸਾਨ ਦੀ ਲੂ- ਕੰਡੇ ਖੜ੍ਹੀ ਕਰਨ ਵਾਲੀ ਇਸ ਦਰਦ ਭਾਰੀ ਦਾਸਤਾਨ ਸੁਣ ਕੇ ਮਨ ਬੇਹੱਦ ਪ੍ਰੇਸ਼ਾਨ ਹੈ . ਅੰਤਮ ਅਰਦਾਸ ਤੋਂ ਬਾਅਦ ਘਰ ਵਿਚ ਵਿਛੇ ਸੱਥਰ ' ਤੇ ਬੈਠਿਆਂ ਜੋ ਕੁੱਝ ਗੱਲਾਂ ਉਸ ਕਾਰੋਬਾਰੀ ਇਨਸਾਨ ਨੇ ਸਾਂਝੀਆਂ ਕੀਤੀਆਂ ਉਹ ਹੋਰ ਵੀ ਭਿਆਨਕ ਸਨ .
13 ਜੂਨ , ਸਵੇਰੇ 8.30 ਵਜੇ
-------
ਬਲਜੀਤ ਬੱਲੀ
ਸੰਪਾਦਕ
ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
+91-9915177722
-
-
ਬਲਜੀਤ ਬੱਲੀ, ਸੰਪਾਦਕ
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.