ਜਗਵਿੰਦਰ ਜੋੰਧਾ ਨੇ ਬੜੀ ਨਿੱਕੀ ਉਮਰ ਵਿੱਚ ਹੀ ਗ਼ਜ਼ਲ ਸਿਨਫ਼ ਵਿੱਚ ਉਹ ਪ੍ਰਵੀਨਤਾ ਹਸਿਲ ਕਰ ਲਈ ਹੈ ਜੋ ਬਹੁਤੀ ਵਾਰ ਉਮਰ ਲੰਘੇ ਤੋਂ ਵੀ ਨਸੀਬ ਨਹੀਂ ਹੁੰਦੀ।
ਨਿੱਕੇ ਨਿੱਕੇ ਜ਼ਿਕਰ ਵੱਡੇ ਵੱਡੇ ਫ਼ਿਕਰ ਕਲਾਵੇ ਚ ਲੈਣੇ ਆਸਾਨ ਨਹੀਂ ਹੁੰਦੇ ਪਰ ਜਗਵਿੰਦਰ ਦੀ ਗ਼ਜ਼ਲ ਇਸ ਨੂੰ ਪੂਰੀ ਜ਼ਿੰਮੇਵਾਰੀ ਅਤੇ ਸਮਰਥਾ ਨਾਲ ਕਿਓ ਂਟਦੀ ਹੈ।
ਮੀਲ ਪੱਥਰ ਗ਼ਜ਼ਲ ਸੰਗ੍ਰਹਿ ਦਾ ਪ੍ਰਕਾਸ਼ਨ ਲਗਪਗ ਡੇਢ ਦਹਾਕਾ ਪਹਿਲਾਂ ਹੋਇਆ ਤਾਂ ਹਲਚਲ ਹੋਈ ਸੀ। ਬਿਰਾਦਰੀ ਚ ਕਿਸੇ ਦੇ ਘਰ ਸੁੰਦਰ ਨੂੰਹ ਦੇ ਆਉਣ ਵਾਂਗ।
ਸ਼ਗਨਾਂ ਮੱਤੀਆਂ ਕਿਤਾਬਾਂ ਕਦੇ ਕਦੇ ਹੀ ਤਾਂ ਪ੍ਰਕਾਸ਼ਮਾਨ ਹੁੰਦੀਆਂ ਨੇ। ਹੁਣ ਦੂਜਾ ਸੰਸਕਰਣ ਆਉਣ ਤੇ ਉਸ ਨੇ ਪੂਰਵ ਲਿਖ਼ਤ ਨੂੰ ਇਕਵਾਢਿਓ ਂ ਸੋਧਿਆ ਹੈ।
ਨਵਾਂ ਮੁਹਾਂਦਰਾ ਜਿਵੇਂ ਕੋਈ ਗੱਭਰੂ ਪੱਗ ਰੰਗਵਾ ਕੇ, ਪੂਣੀ ਕਰਵਾ ਕੇ ਦੁਬਾਰਾ ਚਿਣ ਕੇ ਬੰਨ੍ਹੇ। ਸੋਹਣਾ ਸਲੀਕਾ ਉੱਭਰਿਆ ਹੈ ਨਵੇਂ ਸਰੂਪ ਵਿੱਚ। ਜਲੰਧਰ ਜ਼ਿਲ੍ਹੇ ਦੇ ਪ੍ਰਮੁੱਖ ਸਿਆਸਤੀ ਪਿੰਡ ਚ ਗੁਰਦਾਸ ਰਾਮ ਆਲਮ ਤੇ ਕੁਲਵਿੰਦਰ ਤੋਂ ਮਗਰੋਂ ਸਾਹਿੱਤ ਦੀ ਸਰਸਵਤੀ ਮੁੜ ਪ੍ਰਗਟ ਹੋਣਾ ਸ਼ੁਭ ਸ਼ਗਨ ਹੈ। ਜਗਵਿੰਦਰ ਕੋਲ ਕਰਤਾਰੀ ਸ਼ਬਦ ਸ਼ਕਤੀ ਹੈ ਜਿਸ ਦੇ ਸਹਾਰੇ ਉਹ ਅਜਿਹਾ ਗਗਨ ਸਿਰਜ ਲੈਂਦਾ ਹੈ ਜਿਸ ਚ ਚੰਨ ਸੂਰਜ ਤੇ ਤਾਰੇ। ਉਸ ਦੀ ਰਜ਼ਾ ਚ ਮਹਿਕਦੇ ਟਹਿਕਦੇ ਚਮਕਦੇ ਦਮਕਦੇ ਬਣਦੇ ਬਿਣਸਦੇ ਜਗਦੇ ਬੁਝਦੇ ਪ੍ਰਤੀਤ ਹੁੰਦੇ ਹਨ। ਦੂਸਰੇ ਗ਼ਜ਼ਲ ਸੰਗ੍ਰਹਿ ਸਾਰੰਗੀ ਦੇ ਪ੍ਰਕਾਸ਼ਨ ਤੋਂ ਬਾਅਦ ਮੁੜ ਮੀਲ ਪੱਥਰ ਨੂੰ ਕਿੱਲੋਮੀਟਰ ਅੰਦਾਜ਼ ਚ ਗੱਡਣਾ ਸ਼ਾਇਦ ਪੰਜਾਬੀ ਸ਼ਾਇਰੀ ਚ ਪਹਿਲਾ ਕਦਮ ਹੋਵੇ।
ਆਪਣੀ ਲਿਖ਼ਤ ਨਾਲ ਬੇਰਹਿਮ ਹੋ ਕੇ ਹੀ ਮੀਲ ਪੱਥਰ ਗੱਡੇ ਜਾ ਸਕਦੇ ਹਨ। ਸਾਡੇ ਪੰਜਾਬੀਆਂ ਵਿੱਚ ਪਿੱਛਲਝਾਤ ਦਾ ਰਿਵਾਜ਼ ਨਹੀਂ। ਸ਼ੁਕਰ ਹੈ ਕਿ ਜੋਧਾ ਨੇ ਨਵੀਂ ਲਕੀਰ ਵਾਹੀ ਹੈ। ਮੈਂ ਆਪ ਉਸ ਦੇ ਵਿਹਾਰ ਅਤੇ ਮੁਹੱਬਤੀ ਵਿਹਾਰ ਤੋਂ ਬਹੁਤ ਕੁਝ ਲਗਾਤਾਰ ਪ੍ਰਾਪਤ ਕਰਦਾ ਹਾਂ।
ਪੂਰਬਲੇ ਸਿਰਜਕਾਂ ਦੀ ਸਿਰਜਣਾ ਨੂੰ ਜਾਨਣ ਸਮਝਣ ਪੁਣਨ ਛਾਨਣ ਆਤਮਸਾਤ ਕਰਕੇ ਹੀ ਅਗਲਾ ਕਦਮ ਪੁੱਟਣਾ ਸੰਭਵ ਹੁੰਦਾ ਹੈ। ਜਗਵਿੰਦਰ ਨੇ ਇਹ ਮੁਹਾਰਤ ਗ੍ਰਹਿਣ ਕੀਤੀ ਹੈ।
ਮੀਲ ਪੱਥਰ ਦੇ ਪੁਨਰ ਪ੍ਰਕਾਸ਼ਨ ਲਈ ਜਗਵਿੰਦਰ ਜੋਧਾ ਮੁਬਾਰਕ ਦਾ ਹੱਕਦਾਰ ਹੈI
-
ਗੁਰਭਜਨ ਗਿੱਲ,
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.