ਕੱਲ੍ਹ ਦੁਪਹਿਰੇ ਲਗਭਗ 3 ਵਜੇ ਰੀਨ੍ਹੋ ਪਹੁੰਚ ਗਿਆ ਸੀ। ਪਿਆਰਾ ਵੀਰ ਬੱਬੂ ਢਿੱਲੋਂ ਅੱਗੇ ਲੈਣ ਆਇਆ ਹੋਇਆ ਸੀ। ਜਦੋਂ ਮਾਸੜ ਜੀ ਕਹਿੰਦਾ ਹੈ ਤਾਂ ਲੱਗਦੈ ਕਿੰਨੀ ਸਾਰੀ ਮਿਸ਼ਰੀ ਸਾਹਾਂ 'ਚ ਘੁਲ ਗਈ ਹੈ। ਮਹਿਤਪੁਰ ਦਾ ਜੰਮਿਆ ਜਾਇਆ ਬੱਬੂ ਅਸਲ 'ਚ ਉਪਿੰਦਰ ਢਿੱਲੋਂ ਹੈ। ਸਾਡਾ ਸਭ ਦਾ ਸਨੇਹ ਕਰਨ ਵਾਲਾ। ਹਿਊਸਟਨ 'ਚ ਪਿਛਲੀ ਰਾਤ ਰਘਬੀਰ ਘੁੰਨ ਦੇ ਘਰ ਵੀ ਜ਼ਿੰਦਗੀ ਦੇ ਕਈ ਸ਼ਾਹ ਅਸਵਾਰ ਮਿਲੇ। ਸਵੇਰੇ ਗਗਨ ਨਾਲ ਜਹਾਜ਼ 'ਤੇ ਚੜ੍ਹਾ ਗਿਆ। ਰਾਹ 'ਚ ਲਾਸ ਵੇਗਾਸ 'ਚ ਠਹਿਰ ਸੀ I ਸ਼ੀਸ਼ੇ ਵਾਲੀਆਂ ਖਿੜਕੀਆਂ ਚੋਂ ਵੇਖਿਆਂ ਸ਼ਹਿਰ ਦਿਨੇ ਇੰਜ ਲੱਗਦਾ ਸੀ ਜਿਵੇਂ ਰੂਹ ਸੁੱਤੀ ਪਈ ਹੋਵੇ। ਰਾਤ ਨੂੰ ਇਸ ਸ਼ਹਿਰ ਦੀ ਜੂਏਬਾਜ਼ ਸ਼ਾਨ ਸਿਖ਼ਰ 'ਤੇ ਵੀ ਵੇਖੀ ਸੀ 2006 'ਚ । ਫਿਰ ਅਸੀਂ ਘਰ ਪੁੱਜੇ। ਦਿੱਲੀ ਦੱਖਣ ਦੀਆਂ ਗੱਲਾਂ ਕਰਦੇ ਰਹੇ। ਬੱਬੂ ਦੀ ਸਿੰਘਣੀ ਦੇਵਿੰਦਰ ਤੇ ਹੋਣਹਾਰ ਬੇਟੇ ਸਿਮਰਨ ਨਾਲ ਅੱਧੀ ਰਾਤ ਤੀਕ ਉਸਦੇ ਪਰਿਵਾਰ, ਰਿਸ਼ਤੇਦਾਰਾਂ ਤੇ ਮਿੱਤਰਾਂ ਨਾਲ ਦਿਲ ਲੱਗੀਆਂ ਕਰਦੇ ਰਹੇ। ਅਮਰੀਕਾ ਕੈਨੇਡਾ ਦੇ ਰੁਝੇਵਿਆਂ ਭਰੇ ਹਫ਼ਤੇ ਦੇ ਵਿਚਲੇ ਦਿਨਾਂ 'ਚ ਕਦੇ ਕਦੇ ਹੀ ਇਹ ਮੇਲੇ ਰੂਹਾਂ ਦੇ ਮੇਲਿਆਂ 'ਚ ਤਬਦੀਲ ਹੁੰਦੇ ਨੇ। ਪਰਦੇਸੀ ਧਰਤੀ 'ਤੇ ਸੱਚਾ ਸੁਥਰਾ ਪੰਜਾਬ ਵਸਾਈ ਬੈਠੇ ਜੀਆਂ ਨੂੰ ਸਲਾਮ।
ਅੱਜ ਚੰਗਾ ਦਿਨ ਚੜ੍ਹਿਆ ਹੈ ਸਵੇਰ ਸਾਰ ਤੁਸੀਂ ਸਭ ਚੇਤੇ ਆ ਰਹੇ ਹੋ।
-
ਗੁਰਭਜਨ ਗਿੱਲ,
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.