ਸਿਹਤਮੰਦ ਲੋਕ ਹੀ ਸਿਹਤਮੰਦ ਸਮਾਜ ਬਣਾ ਸਕਦੇ ਹਨ। ਇਹੋ ਕਾਰਨ ਹੈ ਕਿ ਅੱਜ ਬਹੁਤੇ ਮੁੱਲਕਾਂ ਵਿੱਚ ਸਾਰਾ ਇਲਾਜ ਮੁਫ਼ਤ ਹੈ। ਇੰਗਲੈਂਡ ਵਿਚ ਪਹਿਲਾਂ ਇਲਾਜ ਪ੍ਰਾਈਵੇਟ ਸੀ। ਜਦ ਦੂਜਾ ਵਿਸ਼ਵ-ਯੁੱਧ ਹੋਇਆ ਤਾਂ ਜਰਮਨ ਨੇ ਇੰਗਲੈਂਗ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਲੋਕਾਂ ਪਾਸ ਇਲਾਜ ਕਰਾਉਣ ਲਈ ਪੈਸੇ ਨਹੀਂ ਸਨ। ਇਲਾਜ ਖੁਣੋਂ ਵੱਡੀ ਗਿਣਤੀ ਵਿੱਚ ਲੋਕ ਮਰ ਗਏ। ਇਸ ਦੇ ਟਾਕਰੇ 'ਤੇ ਜਰਮਨ ਵਿੱਚ ਇਲਾਜ ਮੁਫ਼ਤ ਸੀ, ਜਿਸ ਕਰਕੇ ਕੋਈ ਵੀ ਵਿਅਕਤੀ ਇਲਾਜ ਖੁਣੋਂ ਨਾ ਮਰਿਆ । ਜਰਮਨ ਤੋਂ ਪ੍ਰਭਾਵਿਤ ਹੋ ਕੇ ਇੰਗਲੈਂਡ ਨੇ 1946 ਵਿੱਚ ਲੋਕਾਂ ਨੂੰ ਸਰਕਾਰੀ ਖਰਚੇ 'ਤੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ। ਇਸ ਸਮੇਂ ਸਥਿਤੀ ਇਹ ਹੈ ਕਿ ਜੇ ਕਿਸੇ ਨੂੰ ਐਂਮਬੂਲੈਂਸ ਨਹੀਂ ਮਿਲਦੀ ਤਾਂ ਉਹ ਟੈਕਸੀ ਲੈ ਕੇ ਹਸਪਤਾਲ ਚਲਾ ਜਾਂਦਾ ਹੈ। ਟੈਕਸੀ ਵਾਲੇ ਨੂੰ ਕਿਰਾਇਆ ਹਸਪਤਾਲ ਦੇਂਦਾ ਹੈ।ਕੈਨੇਡਾ, ਫਰਾਂਸ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਹੁਣ ਇਲਾਜ ਮੁਫ਼ਤ ਹੈ। ਅਮਰੀਕਾ ਵਿੱਚ ਇਹ ਸਹੂਲਤ ਨਹੀਂ ਹੈ। ਇਸ ਲਈ ਇੱਥੇ ਲੱਖਾਂ ਲੋਕ ਇਲਾਜ ਖੁਣੋਂ ਮਰ ਰਹੇ ਹਨ ਕਿਉਂਕਿ ਉਨ੍ਹਾਂ ਪਾਸ ਏਨੇ ਪੈਸੇ ਨਹੀਂ ਹਨ ਕਿ ਉਹ ਆਪਣਾ ਇਲਾਜ ਕਰਵਾ ਸਕਣ।
ਜਿੱਥੋਂ ਤੀਕ ਭਾਰਤ ਦਾ ਸੰਬੰਧ ਹੈ, ਇੱਥੇ ਪ੍ਰਾਈਵੇਟ ਹਸਪਤਾਲ ਸਰਕਾਰੀ ਹਸਪਤਾਲਾਂ ਨਾਲੋਂ 4 ਗੁਣਾਂ ਵੱਧ ਹਨ।ਭਾਰਤ ਵਿਚ 40% ਲੋਕ ਗ੍ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ।ਇਹ ਉਹ ਲੋਕ ਹਨ ,ਜਿਨ੍ਹਾਂ ਨੂੰ ਪੇਟ ਭਰ ਕੇ ਖਾਣ ਨੂੰ ਨਹੀਂ ਮਿਲਦਾ।ਸੁਆਲ ਪੈਦਾ ਹੁੰਦਾ ਹੈ ਕਿ ਉਹ ਆਪਣਾ ਇਲਾਜ ਪ੍ਰਾਈਵੇਟ ਹਸਪਤਾਲਾਂ 'ਚੋਂ ਕਿਵੇਂ ਕਰਾਉਣਗੇ? ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਪਾਸ ਜਾਣ ਲਈ ਸਰਕਾਰੀ ਹਸਪਤਾਲ ਹਨ। ਪਰ ਸੁਆਲ ਪੈਦਾ ਹੁੰਦਾ ਹੈ ਕਿ ਕੀ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਲੋੜੀਂਦੇ ਡਾਕਟਰਾਂ ਤੇ ਹੋਰ ਸਹੂਲਤਾਂ ਹਨ? ਕੀ ਉੱਥੇ ਦਵਾਈਆਂ ਮੁਫ਼ਤ ਮਿਲਦੀਆਂ ਹਨ?
ਵੇਖਿਆ ਜਾਵੇ ਤਾਂ ਜਿੱਥੇ ਡਾਕਟਰਾਂ ਤੇ ਹੋਰ ਸਹੂਲਤਾਂ ਦੀ ਕਮੀ ਹੈ,ਉੱਥੇ ਜਰੂਰੀ ਦਵਾਈਆਂ ਵੀ ਨਹੀਂ ਮਿਲਦੀਆਂ। ਪੰਜਾਬ ਸਰਕਾਰ ਨੇ ਹਰ ਹਸਪਤਾਲ ਤੇ ਡਿਸਪੈਂਸਰੀ ਨੂੰ 159 ਦਵਾਈਆਂ ਮੁਫ਼ਤ ਵੰਡਣ ਲਈ ਦੇਣੀਆਂ ਹੁੰਦੀਆਂ ਹਨ ਪਰ ਵੇਖਣ ਵਿੱਚ ਆਇਆ ਹੈ ਕਿ ਅਕਸਰ ਇਨ੍ਹਾਂ ਦੀ ਕਮੀ ਰਹਿੰਦੀ ਹੈ। ਭਾਰਤ ਵਿੱਚ 10 ਲੱਖ ਦੇ ਕ੍ਰੀਬ ਦਵਾਈਆਂ ਦੀਆਂ ਦੁਕਾਨਾਂ ਹਨ, ਜਿੱਥੋਂ ਪਤਾ ਲੱਗਦਾ ਹੈ ਕਿ ਬਹੁਗਿਣਤੀ ਅਜੇ ਵੀ ਪ੍ਰਾਈਵੇਟ ਦੁਕਾਨਦਾਰਾਂ ਤੇ ਡਾਕਟਰਾਂ ਦੇ ਰਹਿਮੋ ਕਰਮ 'ਤੇ ਹੈ।
ਵਿਸ਼ਵ ਸਿਹਤ ਸੰਸਥਾ ਅਨੁਸਾਰ ਭਾਰਤ ਵਿੱਚ 65 ਕ੍ਰੋੜ ਦੇ ਕ੍ਰੀਬ ਲੋਕਾਂ ਪਾਸ ਜ਼ਰੂਰੀ ਦਵਾਈਆਂ ਖ੍ਰੀਦਣ ਲਈ ਪੈਸੇ ਨਹੀਂ ਹਨ। ਸਰਕਾਰ ਵੱਲੋਂ ਵੀ ਜ਼ਰੂਰੀ ਦਵਾਈਆਂ ਮੁਹੱਈਆ ਨਹੀਂ ਕਰਾਈਆਂ ਜਾਂਦੀਆਂ ਹਨ। ਲੋਕਾਂ ਨੂੰ ਪ੍ਰਾਈਵੇਟ ਦੁਕਾਨਾਂ ਤੇ ਹਸਪਤਾਲਾਂ ਦੇ ਰਹਿਮੋ ਕਰਮ 'ਤੇ ਛੱਡਿਆ ਗਿਆ ਹੈ।ਇਸ ਸੰਸਥਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਸ਼ੂਗਰ ਦੇ ਮਰੀਜ਼ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹਨ। ਸ਼ਹਿਰਾਂ ਦੇ ਇਹ ਮਰੀਜ਼ ਆਪਣੀ ਸਾਲਾਨਾ ਆਮਦਨ ਦਾ 27% ਤੇ ਪੇਂਡੂ ਇਲਾਕੇ ਦੇ ਮਰੀਜ਼ 34% ਸ਼ੂਗਰ ਦੀਆਂ ਦਵਾਈਆਂ 'ਤੇ ਖ਼ਰਚ ਕਰਦੇ ਹਨ। ਇਸ ਦੇ ਮੁਕਾਬਲੇ 'ਤੇ ਸ਼ਹਿਰੀ ਮਰੀਜ਼ ਕੇਵਲ 17.6% ਪ੍ਰਤੀ ਜੀਅ ਖਾਣੇ 'ਤੇ ਖਰਚ ਕਰਦੇ ਹਨ। ਪੇਂਡੂ ਮਰੀਜ਼ 23.4% ਖਾਣੇ 'ਤੇ ਖਰਚ ਕਰਦੇ ਹਨ। ਕੋਈ 4 ਕ੍ਰੋੜ ਲੋਕ ਐਸੇ ਹਨ ਜਿਹੜੇ ਖਰਚੇ ਦਾ 70% ਦਵਾਈਆਂ ਖ੍ਰੀਦਣ 'ਤੇ ਖਰਚਦੇ ਹਨ। ਜਨਤਕ ਪ੍ਰਣਾਲੀ ਲੋਕਾਂ ਨੂੰ ਜ਼ਰੂਰੀ ਦਵਾਈਆਂ ਦੇਣ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਜਦ ਕਿ ਮਾਰਕੀਟ ਗ਼ੈਰ ਲੋੜੀਂਦੀਆਂ ਪਰ ਵੱਧ ਕੀਮਤਾਂ ਵਾਲੀਆਂ ਦਵਾਈਆਂ ਨਾਲ ਭਰੀ ਪਈ ਹੈ।
ਵਿਸ਼ਵ ਸਿਹਤ ਸੰਸਥਾ ਅਨੁਸਾਰ ਪ੍ਰਾਈਵੇਟ ਹਸਪਤਾਲਾਂ ਵਿੱਚ ਆਊਟ ਡੋਰ (ਕੇਵਲ ਡਾਕਟਰਾਂ ਨੂੰ ਵਿਖਾਉਣ ਵਾਲੇ) ਮਰੀਜ਼ 80% ਹਨ ਤੇ ਇਨ ਡੋਰ (ਦਾਖਲ ਹੋਣ ਵਾਲੇ) 60% ।ਅੰਗਰੇਜੀ ਦੀ 'ਦਾ ਹਿੰਦ'ੂ ਅਖ਼ਬਾਰ ਨੇ 4 ਅਕਤੂਬਰ 2014 ਦੇ ਅੰਕ ਵਿੱਚ ਲਿਖਿਆ ਹੈ ਕਿ ਭਾਰਤ ਦੀਆਂ ਕੰਪਨੀਆਂ ਦੁਨੀਆਂ ਭਰ ਦੇ ਲੋਕਾਂ ਨੂੰ ਸਸਤੀਆਂ ਤੇ ਮਿਆਰੀ ਦਵਾਈਆਂ ਮੁਹੱਈਆ ਕਰ ਰਹੀਆਂ ਹਨ ਪਰ ਆਪਣੇ ਦੇਸ਼ ਵਿੱਚ ਕਈ ਦਵਾਈਆਂ ਦੀ ਕਮੀ ਹੈ। ਕਈ ਸੂਬਿਆਂ ਵਿੱਚ ਐਚ. ਆਈ. ਵੀ. ਦਵਾਈਆਂ ਦੀ ਕਮੀ।ਇਸ ਪਰਚੇ ਅਨੁਸਾਰ ਜ਼ਰੂਰੀ ਦਵਾਈਆਂ ਲੋਕਾਂ ਦਾ ਮੌਲਿਕ ਅਧਿਕਾਰ ਹੈ, ਇਸ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਇਸ ਸੰਬੰਧੀ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤੇ ਲੋੜ ਅਨੁਸਾਰ ਇਨ੍ਹਾਂ ਦੇ ਸਟਾਕ ਪਹਿਲਾਂ ਹੀ ਜਮ੍ਹਾਂ ਕਰਕੇ ਰੱਖਣੇ ਚਾਹੀਦੇ ਹਨ।
ਵਿਦੇਸ਼ਾਂ ਵਿਚ ਯੂ. ਐਨ. ਓ. ਦੀਆਂ ਸਕੀਮਾਂ ਅਨੁਸਾਰ ਭਾਰਤ ਨੂੰ ਦਵਾਈਆਂ ਭੇਜਣ ਦਾ ਮਾਣ ਪ੍ਰਾਪਤ ਹੈ। ਪਰ ਲੋੜ ਹੈ ਕਿ ਆਪਣੇ ਦੇਸ਼ ਵਿਚ ਸਸਤੀਆਂ ਅਤੇ ਮਿਆਰੀ ਜੈਨਰਿਕ ਦਵਾਈਆਂ ਹਰ ਵਿਅਕਤੀ ਨੂੰ ਮੁਹੱਈਆ ਕੀਤੀਆਂ ਜਾਣ। ਵੱਖ ਵੱਖ ਕੰਪਨੀਆਂ ਵੱਖ ਵੱਖ ਦਵਾਈਆਂ ਬਹੁਤ ਹੀ ਮਹਿੰਗੇ ਭਾਅ 'ਤੇ ਵੇਚਦੀਆਂ ਹਨ, ਇਨ੍ਹਾਂ ਤੋਂ ਪ੍ਰਾਈਵੇਟ ਹਸਪਤਾਲ ਮੋਟੀ ਕਮਾਈ ਕਰਦੇ ਹਨ। ਕਥਿਤ ਤੌਰ 'ਤੇ ਕੁਝ ਡਾਕਟਰ ਵੀ ਇਸ ਗੋਰਖ ਧੰਦੇ ਵਿੱਚ ਸ਼ਾਮਲ ਹਨ।
ਹਰ ਦਵਾਈ ਵਿਸ਼ੇਸ਼ ਰਸਾਇਣਕ ਪਦਾਰਥ ਤੋਂ ਬਣਦੀ ਹੈ। ਜੈਨਰਿਕ ਦਵਾਈਆਂ ਵਿੱਚ ਉਸ ਪਦਾਰਥ ਦਾ ਨਾਂ ਹੀ ਲਿਖਿਆ ਜਾਂਦਾ ਹੈ। ਵੱਖ ਵੱਖ ਪ੍ਰਾਈਵੇਟ ਕੰਪਨੀਆਂ ਇਕ ਹੀ ਰਸਾਇਣਕ ਪਦਾਰਥ ਨੂੰ ਵੱਖ ਵੱਖ ਨਾਵਾਂ ਹੇਠ ਵੱਖ ਵੱਖ ਦਰਾਂ 'ਤੇ ਵੇਚਦੀਆਂ ਹਨ। ਮਿਸਾਲ ਦੇ ਤੌਰ 'ਤੇ ਬਲੱਡ ਪ੍ਰੈਸ਼ਰ ਨਾਲ ਸੰਬੰਧਤ ਦਵਾਈ ਐਮਲੋਡਾਇਪੀਨ 5 ਮਿਲੀ ਗ੍ਰਾਮ ਦਾ ਆਮ ਤੌਰ 'ਤੇ 14-15 ਰੁਪਏ ਦਾ 10 ਗੋਲੀਆਂ ਦਾ ਪੱਤਾ ਮਿਲਦਾ ਹੈ ਪਰ ਜੈਨਰਿਕ ਦਵਾਈ ਦਾ ਇਹੋ ਪੱਤਾ 3.75 ਰੁਪਏ ਵਿੱਚ ਮਿਲ ਜਾਂਦਾ ਹੈ। ਬਲੱਡ ਕਲਸਟਰ ਨਾਲ ਸੰਬੰਧਤ ਦਵਾਈ ਅਟੋਰਵਸਟੀਨ 10 ਮਿਲੀ ਗ੍ਰਾਮ ਦਾ 10 ਗੋਲੀਆਂ ਦਾ ਪੱਤਾ ਜੈਨਰਿਕ ਦਾ 9 ਰੁਪਏ ਦੇ ਕ੍ਰੀਬ ਮਿਲ ਜਾਂਦਾ ਹੈ ਜਦ ਕਿ ਕਈ ਪ੍ਰਾਈਵੇਟ ਕੰਪਨੀਆਂ ਇਸ ਨੂੰ 93 ਰੁਪਏ ਦੇ ਆਸ ਪਾਸ ਵੇਚਦੀਆਂ ਹਨ।
ਟਾਈਮਜ਼ ਆਫ਼ ਇੰਡੀਆ ਨੇ 24 ਜੁਲਾਈ 2016 ਦੇ ਅੰਕ ਵਿੱਚ ਬੜੇ ਦਿਲਚਸਪ ਅੰਕੜੇ ਪੇਸ਼ ਕੀਤੇ ਹਨ। ਗੁੜਗਾਉਂ ਦੇ ਇਕ ਹਸਪਤਾਲ ਵੱਲੋਂ ਇਕ ਮਰੀਜ਼ ਨੂੰ ਕੈਂਸਰ ਨਾਲ ਸੰਬੰਧਿਤ ਟੀਕਾ 15200 ਰੁਪਏ ਪ੍ਰਤੀ ਟੀਕੇ ਦੇ ਹਿਸਾਬ ਨਾਲ 2 ਸਾਲ ਤੋਂ ਉਪਰ ਹਰ ਤੀਜੇ ਜਾਂ ਚੌਥੇ ਹਫ਼ਤੇ ਲਾਇਆ ਜਾਂਦਾ ਸੀ। ਉਸ ਨੂੰ ਕਿਸੇ ਕੰਮ ਬੰਗਲੌਰ ਜਾਣਾ ਪਿਆ। ਉੱਥੇ ਉਸ ਨੂੰ ਕੇਵਲ 4000 ਰੁਪਏ ਦੇਣੇ ਪਏ। ਜਦ ਉਸ ਨੇ ਗੁੜਗਾਉਂ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ 2800 ਰੁਪਏ ਦਾ ਟੀਕਾ ਲਿਖ ਦਿੱਤਾ। ਉਹ ਕਿਸੇ ਹੋਰ ਹਸਪਤਾਲ ਗਈ ਤਾਂ ਉਸੇ ਦਵਾਈ ਦਾ ਟੀਕਾ 800 ਰੁਪਏ ਵਿੱਚ ਮਿਲ ਗਿਆ। ਇਸ ਅਖ਼ਬਾਰ ਦੀ ਖ਼ਬਰ ਦਾ ਨਿਚੋੜ ਇਹ ਹੈ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਕਮਿਸ਼ਨ ਮਿਲਦਾ ਹੈ। ਜਿੰਨਾ ਜ਼ਿਆਦਾ ਮਰੀਜ਼ ਖਰਚੇਗਾ, ਓਨਾਂ ਹੀ ਜ਼ਿਆਦਾ ਕਮਿਸ਼ਨ ਮਿਲੇਗਾ। ਕਈ ਵੇਰ ਮਰੀਜ਼ ਨੂੰ ਕਈ ਕਈ ਦਿਨ ਆਈ. ਸੀ. ਯੂ. ਵਿੱਚ ਰਹਿਣਾ ਪੈਂਦਾ ਹੈ, ਜਿੱਥੇ ਕਈ ਵੇਰ ਐਂਟੀਬਾਇਓਟਿਕ ਦੀ 1-2 ਗ੍ਰਾਮ ਦਵਾਈ ਹਰ 8 ਘੰਟੇ ਬਾਦ ਦੇਣੀ ਪੈਂਦੀ ਹੈ। ਚੋਟੀ ਦੇ ਹਸਪਤਾਲ ਜਿਹੜੀ ਉੱਚੇ ਬ੍ਰਾਂਡ ਦੀ ਦਵਾਈ ਦੇਂਦੇ ਹਨ ਉਸ ਦੀ ਕੀਮਤ 2965 ਰੁਪਏ ਪ੍ਰਤੀ ਗ੍ਰਾਮ ਹੈ। ਇਸ ਤਰ੍ਹਾਂ ਹਸਪਤਾਲ ਵਾਲੇ ਇਕ ਮਰੀਜ਼ ਪਾਸੋਂ 10 ਦਿਨ ਦੀ ਦੁਆਈ ਦੇ 90000 ਤੋਂ 1.8 ਲੱਖ ਰੁਪਏ ਦੀ ਕਮਾਈ ਕਰਦੇ ਹਨ। ਹਸਪਤਾਲਾਂ ਵਾਲੇ ਥੋਕ ਦੇ ਭਾਅ ਦਵਾਈਆਂ ਖ੍ਰੀਦਦੇ ਹਨ ਤੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚੋਂ ਹੀ ਦਵਾਈਆਂ ਖ੍ਰੀਦਣ ਲਈ ਮਜ਼ਬੂਰ ਕਰਦੇ ਹਨ ਤਾਂ ਜੋ ਵੱਧ ਤੋਂ ਵੱਧ ਕਮਾਈ ਕੀਤੀ ਜਾ ਸਕੇ।
ਸਰਕਾਰੀ ਹਸਪਤਾਲਾਂ ਵਾਲੇ ਵੀ ਅਕਸਰ ਦਵਾਈਆਂ ਐਸੀਆਂ ਲਿਖਦੇ ਹਨ, ਜਿਹੜੀਆਂ ਬਾਹਰੋਂ ਮੁੱਲ ਲੈਣੀਆਂ ਪੈਂਦੀਆਂ ਹਨ, ਹਾਲਾਂਕਿ ਇਹੋ ਦਵਾਈਆਂ ਹਸਪਤਾਲ ਵਿੱਚ ਮੁਫ਼ਤ ਮਿਲਦੀਆਂ ਹਨ। ਜੈਨਰਿਕ ਦਵਾਈਆਂ ਦੀ ਥਾਂ 'ਤੇ ਕੀਮਤੀ ਦਵਾਈਆਂ ਲਿਖਣ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਿਆਰੀ ਹੁੰਦੀਆਂ ਹਨ, ਇਸ ਲਈ ਮਰੀਜ਼ ਲਈ ਵਧੇਰੇ ਫਾਇਦੇਮੰਦ ਹਨ। ਡਾਕਟਰਾਂ ਦੀ ਇਸ ਦਲੀਲ ਵਿੱਚ ਕੋਈ ਵਜ਼ਨ ਨਹੀਂ।ਜੈਨਰਿਕ ਦਵਾਈਆਂ ਦੁਨੀਆਂ ਭਰ ਵਿਚ ਵਰਤੀਆਂ ਜਾ ਰਹੀਆਂ ਹਨ।ਇੱਥੋਂ ਤੀਕ ਕਿ ਮਾਨਯੋਗ ਸੁਪਰੀਮ ਕੋਰਟ ਨੇ ਇਕ ਲੋਕ ਜਨ ਹਿਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ 14 ਅਗਸਤ 2014 ਨੂੰ ਆਦੇਸ਼ ਦਿੱਤੇ ਹਨ ਕਿ 2002 ਵਿੱਚ ਬਣਾਈ ਗਈ ਕੌਮੀ ਸਿਹਤ ਨੀਤੀ ਅਨੁਸਾਰ ਸਰਕਾਰ ਗ੍ਰੀਬਾਂ ਨੂੰ ਸਸਤੇ ਭਾਅ 'ਤੇ ਜੈਨਰਿਕ ਦਵਾਈਆਂ ਮੁਹੱਈਆ ਕਰੇ।ਇੱਥੇ ਦੱਸਣਯੋਗ ਹੈ ਕਿ 2012 ਦੇ ਫ਼ਰਵਰੀ ਦੇ ਅਜਲਾਸ ਵਿੱਚ ਮਾਨਯੋਗ ਰਾਸ਼ਟਰਪਤੀ ਨੇ ਯਾਦ ਦਵਾਇਆ ਸੀ ਕਿ ਸਰਕਾਰ ਸਭ ਨੂੰ ਮੁਫ਼ਤ ਜੈਨਰਿਕ ਦਵਾਈਆਂ ਦਾ ਪ੍ਰਬੰਧ ਕਰੇ ਜਿਸ ਦਾ ਐਲਾਨ ਪ੍ਰਧਾਨ ਮੰਤਰੀ ਨੇ ਆਜ਼ਾਦੀ ਦਿਵਸ ਸਮੇਂ ਕੀਤਾ ਸੀ।
ਇਸ ਲਈ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਐਲਾਨ 'ਤੇ ਅਮਲ ਕਰੇ ਤੇ ਸਭ ਨੂੰ ਮੁਫ਼ਤ ਜੈਨਰਿਕ ਦਵਾਈਆਂ ਦੇਣ ਦਾ ਪ੍ਰਬੰਧ ਕਰੇ । ਪ੍ਰਾਈਵੇਟ ਹਸਪਤਾਲਾਂ ਦੀ ਲੁੱਟ-ਖਸੁੱਟ ਰੋਕਣ ਲਈ ਲੋੜੀਂਦੇ ਕਦਮ ਚੁੱਕੇ। ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰਨ ਲਈ ਸਿਆਸਤਦਾਨਾਂ ਤੇ ਅਫ਼ਸਰਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਾਉਣ 'ਤੇ ਪਾਬੰਦੀ ਲਾਏ।ਕੇਵਲ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲਿਆਂ ਨੂੰ ਇਲਾਜ ਦੇ ਪੈਸੇ ਦਿੱਤੇ ਜਾਣ।
ਦੂਸਰਾ ਕੰਮ ਜੋ ਕਰਨਾ ਬਣਦਾ ਹੈ ,ਉਹ ਇਹ ਹੈ ਕਿ ਨਵੰਬਰ 2008 ਵਿੱਚ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜਨ ਔਸ਼ਧੀ ਸਕੀਮ ਦਾ ਵਿਸਥਾਰ ਕੀਤਾ ਜਾਵੇ।ਇਸ ਸਮੇਂ ਇਹ ਸਟੋਰ ਸਰਕਾਰੀ ਹਸਪਤਾਲਾਂ ਵਿੱਚ ਚਲਾਏ ਜਾ ਰਹੇ ਹਨ। ਇਹ ਸਟੋਰ ਜੋ 24 ਘੰਟੇ ਸਾਰਾ ਸਾਲ ਖੁੱਲ੍ਹੇ ਰਹਿੰਦੇ ਹਨ, ਪ੍ਰਾਈਵੇਟ ਹਸਪਤਾਲਾਂ ਦੇ ਨਾਲ ਨਾਲ ਵੱਡੀ ਪੱਧਰ 'ਤੇ ਆਮ ਬਜਾਰ ਵਿੱਚ ਵੀ ਖੋਲੇ ਜਾਣ ਤਾਂ ਜੁ ਲੋਕਾਂ ਨੂੰ ਮਿਆਰੀ ਤੇ ਸਸਤੀਆਂ ਦਵਾਈਆਂ ਮਿਲ ਸਕਣ। ਡਾਕਟਰਾਂ ਨੂੰ ਕਾਨੂੰਨੀ ਤੌਰ 'ਤੇ ਜੈਨਰਿਕ ਦਵਾਈਆਂ ਲਿਖਣ ਲਈ ਪਾਬੰਦ ਕੀਤਾ ਜਾਵੇ ।
-
-
ਡਾ. ਚਰਨਜੀਤ ਸਿੰਘ ਗੁਮਟਾਲਾ, ਲੇਖਕ
csgumtala@gmail.com
001-937-573-9812
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.