ਭਾਰਤ-ਪਾਕਿਸਤਾਨ ਸਰਹੱਦ ਉੱਤੇ ਵੱਸੇ ਲੱਗਭੱਗ ਇੱਕ ਹਜ਼ਾਰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨ ਦੇ ਹੁਕਮ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਹਨ। ਸਰਹੱਦੀ ਖੇਤਾਂ 'ਚ ਫ਼ਸਲਾਂ ਲਹਿਲਹਾ ਰਹੀਆਂ ਹਨ। ਕੁਝ ਦਿਨਾਂ 'ਚ ਇਨਾਂ ਫ਼ਸਲਾਂ ਦੀ ਕਟਾਈ ਦਾਸਮਾਂ ਪੁੱਗਣ ਵਾਲਾ ਹੈ। ਕੌਣ ਕੱਟੇਗਾ ਫ਼ਸਲਾਂ? ਕੌਣ ਸੰਭਾਲੇਗਾ ਫ਼ਸਲਾਂ ਅਤੇ ਲੋਕਾਂ ਦੇ ਘਰ-ਬਾਰ? ਬੈਠਿਆਂ-ਸੁੱਤਿਆਂ ਹਜ਼ਾਰਾਂ ਲੋਕ ਰਫਿਊਜੀ ਬਣ ਰਹੇ ਹਨ, ਜੰਗ ਦੇ ਸਹਿਮ ਕਾਰਨ? ਕੀ ਜੰਗ ਨੇ ਸੱਚਮੁੱਚ ਦਸਤਕ ਦੇ ਦਿੱਤੀ ਹੈ ਜਾਂ ਕਾਰਨ ਹੀ ਕੋਈ ਹੋਰ ਹੈ? ਪ੍ਰਸਿੱਧ ਕਵੀਰਾਹਤ ਇੰਦੌਰੀ ਦੇ ਸ਼ਬਦ 'ਸਰਹੱਦੋਂ ਪਾਰ ਤਨਾਵ ਹੈ ਕਿਆ, ਜ਼ਰਾ ਪਤਾ ਤੋ ਕਰੋ ਚੁਨਾਵ ਹੈ ਕਿਆ' ਯਾਦ ਆ ਰਹੇ ਹਨ। ਇਹ ਜੰਗੀ ਤਨਾਅ ਪੰਜਾਬ 'ਚ ਹੀ ਆਖ਼ਿਰ ਕਿਉਂ ਹੈ, ਜਦੋਂ ਕਿ ਭਾਰਤ-ਪਾਕਿ ਸਰਹੱਦ ਤਾਂ 2900 ਕਿਲੋਮੀਟਰ ਲੰਮੀ ਹੈ?
ਪਿਛਲੀ ਲੱਗਭੱਗ ਪੌਣੀ ਸਦੀ 'ਚ ਪੰਜਾਬ ਕਈ ਵੇਰ ਉੱਜੜਿਆ ਹੈ। ਪੰਜਾਬ ਦੇ ਲੋਕਾਂ ਨੇ ਕਈ ਵੇਰ ਦਹਿਸ਼ਤ ਹੰਢਾਈ ਹੈ; ਮਨਾਂ 'ਚ ਵੀ, ਆਪਣੇ ਪਿੰਡੇ 'ਤੇ ਵੀ। ਇਧਰਲੇ ਪੰਜਾਬ ਵਾਲੇ ਜਾਂ ਉਧਰਲੇ ਪੰਜਾਬ ਵਾਲੇ ਲੱਖਾਂ ਲੋਕ ਜੰਗ, ਵੰਡ ਦੀ ਭੇਂਟ ਚੜੇ ਹਨ। ਦਹਿਸ਼ਤ ਨੇ ਉਨਾਂਨੂੰ ਕਲਾਵੇ 'ਚ ਰੱਖਿਆ ਹੈ। ਉਜਾੜਾ ਉਨਾਂ ਝੱਲਿਆ ਹੈ; ਇਨਸਾਨਾਂ ਦਾ ਵੀ, ਘਰਾਂ ਦਾ ਵੀ, ਪਸ਼ੂਆਂ ਦਾ ਵੀ, ਤੇ ਫ਼ਸਲਾਂ ਦਾ ਵੀ। ਜਦੋਂ ਬੰਦੇ ਦਾ ਘਰ ਉੱਜੜਦਾ ਹੈ, ਆਪੇ ਬਣਾਇਆ ਆਲਣਾ, ਉਸ ਦਾ ਦਰਦ ਸਹਿਣਾ ਅਤੇ ਉੱਜੜੇ ਘਰ ਨੂੰ ਮੁੜ ਬਣਾਉਣਾ ਉਹਨੂੰ ਚੁਰਾਸੀ ਦੇ ਗੇੜਵਰਗਾ ਲੱਗਦਾ ਹੈ। ਸੰਨ ਸੰਤਾਲੀ 'ਚ ਉੱਜੜਿਆ ਪੰਜਾਬ। ਸੰਨ 1965 ਤੇ 1971 ਦੀ ਜੰਗ ਪੰਜਾਬ ਨੇ ਆਪਣੇ ਪਿੰਡੇ ਉੱਤੇ ਹੰਢਾਈ। ਚੁਰਾਸੀ, ਛਿਆਸੀ ਦੀ ਪੀੜ ਨਾਲ ਵਿੰਨਿਆ ਪਿਆ ਹੈ ਪੰਜਾਬ, ਅਤੇ ਅੱਜ ਫਿਰ ਪੰਜਾਬ ਡੂੰਘੇ ਫ਼ਿਕਰਾਂ 'ਚ ਡੁੱਬਾ ਬੈਠਾ ਹੈ।
ਇਨਾਂ ਦੁਖਾਂਤਾਂ 'ਚ ਲੱਖਾਂ ਪੰਜਾਬੀ ਮਰੇ, ਅਰਬਾਂ ਦੀ ਜਾਇਦਾਦ ਦੀ ਤਬਾਹੀ ਹੋਈ, ਰਿਸ਼ਤਿਆਂ ਦਾ ਘਾਣ ਹੋਇਆ, ਬੱਚੇ ਅਨਾਥ ਹੋਏ, ਔਰਤਾਂ ਬੇਇੱਜ਼ਤ ਹੋਈਆਂ, ਲੱਖਾਂ ਲੋਕ ਘਰੋਂ ਬੇਘਰ ਹੋਏ। ਇਨਾਂ ਵਿੱਚੋਂ ਬਹੁਤੇ ਹਾਲੇ ਵੀ ਇਨਾਂ ਵਾਪਰੀਆਂ ਅਣਸੁਖਾਵੀਂਆਂ, ਮਨੁੱਖਤਾ ਨੂੰਸ਼ਰਮਸਾਰ ਕਰਨ ਵਾਲੀਆਂ, ਘਟਨਾਵਾਂ ਨੂੰ ਯਾਦ ਕਰਦਿਆਂ ਜ਼ਾਰੋ-ਜ਼ਾਰ ਰੋਂਦੇ ਹਨ। ਆਖ਼ਿਰ ਕਸੂਰ ਕੀ ਹੈ ਇਨਾਂ ਲੋਕਾਂ ਦਾ, ਜੋ ਜੰਗ 'ਚ ਝੋਕ ਦਿੱਤੇ ਜਾਂਦੇ ਹਨ; ਜੋ ਬਿਨਾਂ ਕਾਰਨ ਘਰੋਂ ਬੇਘਰ ਕਰ ਦਿੱਤੇ ਜਾਂਦੇ ਹਨ; ਜਿਨਾਂ ਨੂੰ ਬਿਨਾਂ ਵਜਾ ਆਰਥਿਕ ਨੁਕਸਾਨ ਝੱਲਣ ਲਈਮਜਬੂਰ ਕਰ ਦਿੱਤਾ ਜਾਂਦਾ ਹੈ? ਕੀ ਇਸ ਦਾ ਕਾਰਨ ਸ਼ਾਸਕਾਂ ਵੱਲੋਂ ਆਪਣੀ ਕੁਰਸੀ ਸਲਾਮਤ ਰੱਖਣਾ ਤਾਂ ਨਹੀਂ? ਹਾਕਮ ਜਦੋਂ ਲੋਕ ਸੇਵਾ ਛੱਡ ਕੇ ਆਪਣੀ ਕੁਰਸੀ ਕਾਇਮ ਰੱਖਣ ਨੂੰ ਹੀ ਤਰਜੀਹ ਦੇਣ ਲੱਗਦੇ ਹਨ, ਉਦੋਂ ਦੇਸ਼ਾਂ ਵਿਚਕਾਰ ਜੰਗਾਂ, ਭਾਈਚਾਰਿਆਂ ਦਰਮਿਆਨਪਾੜੇ ਤੇ ਜਾਤਾਂ-ਗੋਤਾਂ ਦੇ ਵਖਰੇਵੇਂ ਅਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਤਰਕਸ਼ ਹੀ ਉਨਾਂ ਦੇ ਪੱਲੇ ਰਹਿ ਜਾਂਦਾ ਹੈ, ਜਿਸ ਵਿਚਲੇ ਤੀਰਾਂ ਦੀ ਵਰਤੋਂ ਨਿਰਦਈ ਸਵਾਰਥੀ ਹਾਕਮ ਕਰਨ ਤੋਂ ਨਹੀਂ ਝਿਜਕਦੇ।
ਬੇਅਸੂਲੀਆਂ ਜੰਗਾਂ ਮਾਨਵਤਾ ਦੀਆਂ ਕਾਤਲ ਹਨ। ਦੇਸ਼ਾਂ ਦੀਆਂ ਸਰਹੱਦਾਂ ਉੱਤੇ ਕਬਜ਼ੇ ਤੇ ਵੱਡੀਆਂ ਤਾਕਤਾਂ 'ਚ ਤਾਕਤਵਰ ਬਣਨ ਦੀ ਦੌੜ ਮਾਰੂ ਜੰਗਾਂ ਦਾ ਕਾਰਨ ਬਣਦੀ ਹੈ। ਜਗਤ ਥਾਣੇਦਾਰੀ ਕਰਦਿਆਂ ਅਮਰੀਕਾ, ਬਰਤਾਨੀਆ, ਆਦਿ ਵਰਗੇ ਮੁਲਕ ਹਥਿਆਰ ਵੇਚਣਅਤੇ ਆਪਣੀ ਆਰਥਿਕਤਾ ਨੂੰ ਥਾਂ ਸਿਰ ਰੱਖਣ ਅਤੇ ਕਮਾਈ ਦੇ ਵੱਡੇ ਸਾਧਨ ਪੈਦਾ ਕਰੀ ਰੱਖਣ ਲਈ ਆਧੁਨਿਕ ਹਥਿਆਰ ਬਣਾਉਂਦੇ ਹਨ, ਵੇਚਦੇ ਹਨ, ਛੋਟੇ ਮੁਲਕਾਂ ਨੂੰ ਆਪਸ 'ਚ ਲੜਾਉਂਦੇ ਹਨ, ਮਨੁੱਖਤਾ ਦਾ ਘਾਣ ਕਰਦੇ ਹਨ। ਦੋ ਵੱਡੀਆਂ ਸੰਸਾਰ ਜੰਗਾਂ ਮੰਡੀਆਂਹਥਿਆਉਣ, ਚੌਧਰ ਦੀ ਭੁੱਖ ਪੂਰੀ ਕਰਨ ਅਤੇ ਜਗਤ ਥਾਣੇਦਾਰੀ ਕਾਇਮ ਰੱਖਣ ਲਈ ਲੜੀਆਂ ਗਈਆਂ ਸਨ। ਇਸ ਦੌਰਾਨ ਲੋਕਾਈ ਪ੍ਰਮਾਣੂ ਬੰਬ ਦਾ ਸੇਕ ਝੱਲ ਚੁੱਕੀ ਹੈ। ਬੇਸਮਝ ਸ਼ਾਸਕ ਇੱਕ ਦੂਜੇ ਦੇ ਦੇਸ ਨੂੰ ਤਬਾਹ ਕਰਨ ਦਾ ਡਰਾਵਾ ਦੇ ਕੇ ਜਿਸ ਢੰਗ ਨਾਲ ਖਿੱਤੇ ਦੇਲੋਕਾਂ 'ਚ ਸਹਿਮ ਪੈਦਾ ਕਰੀ ਰੱਖਦੇ ਹਨ, ਉਹ ਵੀ ਅਸਲ 'ਚ ਆਪਣੀ ਕੁਰਸੀ ਸਲਾਮਤ ਰੱਖਣ ਦਾ ਇੱਕ ਹਥਿਆਰ ਹੈ, ਜਿਸ ਨੂੰ ਪੂਰੀ ਬੇਸ਼ਰਮੀ ਨਾਲ ਵਰਤਣ ਤੋਂ ਉਹ ਰਤਾ ਵੀ ਗੁਰੇਜ਼ ਨਹੀਂ ਕਰਦੇ।
ਨਵੇਂ ਬਣੇ ਦੋ ਦੇਸ਼ਾਂ; ਹਿੰਦੋਸਤਾਨ ਤੇ ਪਾਕਿਸਤਾਨ ਕਾਰਨ ਪੰਜਾਬ, ਬੰਗਾਲ ਦੀ ਵੰਡ ਹੋਈ। 14.5 ਮਿਲੀਅਨ ਲੋਕਾਂ ਨੂੰ ਸਰਹੱਦਾਂ ਪਾਰ ਕਰ ਕੇ ਵੱਖਰੇ ਟਿਕਾਣੇ ਲੱਭਣੇ ਪਏ। ਸਾਲ 1951 ਦੀ ਮਰਦਮ-ਸ਼ੁਮਾਰੀ ਅਨੁਸਾਰ 7.226 ਮਿਲੀਅਨ ਇਸਲਾਮ ਦੇ ਪੈਰੋਕਾਰਾਂ ਨੂੰਹਿੰਦੋਸਤਾਨ ਛੱਡ ਕੇ ਪਾਕਿਸਤਾਨ ਜਾਣਾ ਪਿਆ ਅਤੇ 7.24 ਮਿਲੀਅਨ ਸਿੱਖਾਂ, ਹਿੰਦੂਆਂ ਨੂੰ ਪਾਕਿਸਤਾਨ ਛੱਡ ਕੇ ਹਿੰਦੋਸਤਾਨ 'ਚ ਡੇਰੇ ਲਾਉਣੇ ਪਏ। ਇਨਾਂ ਵਿੱਚੋਂ 5.3 ਮਿਲੀਅਨ ਮੁਸਲਿਮ ਆਬਾਦੀ ਪੂਰਬੀ ਤੋਂ ਪੱਛਮੀ (ਪਾਕਿਸਤਾਨ) ਵੱਲ ਗਈ ਅਤੇ 3.4 ਮਿਲੀਅਨ ਹਿੰਦੂ-ਸਿੱਖ ਪਾਕਿਸਤਾਨੋਂ ਪੂਰਬੀ ਪੰਜਾਬ (ਹਿੰਦੋਸਤਾਨ) ਵੱਲ ਆਏ। 3.5 ਮਿਲੀਅਨ ਹਿੰਦੂ ਪੂਰਬੀ ਬੰਗਾਲ ਤੋਂ ਆ ਕੇ (ਪੱਛਮੀ ਬੰਗਾਲ) ਹਿੰਦੋਸਤਾਨ 'ਚ ਵੱਸੇ ਅਤੇ ਸਿਰਫ਼ 0.7 ਮਿਲੀਅਨ ਮੁਸਲਿਮ ਪੱਛਮੀ ਬੰਗਾਲ ਤੋਂ ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਗਏ। ਦੇਸ਼ ਦੀ ਇਸਵੰਡ, ਜੋ ਇੱਕ ਕਿਸਮ ਦੀ ਲੋਕਾਂ ਉੱਤੇ ਸਵਾਰਥੀ ਨੇਤਾਵਾਂ ਤੇ ਬਰਤਾਨਵੀ ਸਾਮਰਾਜੀਆਂ ਵੱਲੋਂ ਥੋਪੀ ਜੰਗ ਹੀ ਸੀ, ਵਿੱਚ, ਵੱਖ-ਵੱਖ ਅਨੁਮਾਨਾਂ ਅਨੁਸਾਰ, ਦੋ ਲੱਖ ਤੋਂ ਪੰਜ ਲੱਖ ਲੋਕ ਮਾਰੇ ਗਏ ਅਤੇ ਇਸ ਤੋਂ ਵੀ ਜ਼ਿਆਦਾ ਜ਼ਖ਼ਮੀ ਹੋਏ। ਕੀ ਇਹ ਹਿਜਰਤ/ਵੰਡ ਮਨੁੱਖਤਾ ਦੇ ਮੱਥੇ'ਤੇ ਕਲੰਕ ਨਹੀਂ ਸੀ? ਕੀ ਇਹ ਅਣ-ਐਲਾਨੀ ਜੰਗ ਨਹੀਂ ਸੀ?
ਪੰਜਾਬ ਦੇ ਲੋਕ ਅੱਜ ਫਿਰ ਅਣ-ਐਲਾਨੀ ਜੰਗ ਦੇ ਸ਼ਿਕਾਰ ਬਣੇ ਹੋਏ ਹਨ। ਸਿਰਫ਼ ਸਰਹੱਦੀ ਇਲਾਕਿਆਂ ਦੇ ਲੋਕ ਹੀ ਨਹੀਂ, ਸਗੋਂ ਪੂਰਾ ਪੰਜਾਬ ਸਕਤੇ ਵਿੱਚ ਹੈ। ਕਿਸ ਵੇਲੇ ਕੀ ਵਾਪਰ ਜਾਏ ਤੇ ਕੀਹਦੇ ਨਾਲ ਵਾਪਰ ਜਾਏ, ਇਹ ਸੰਸੇ ਲੋਕਾਂ ਦੇ ਮਨਾਂ 'ਤੇ ਛਾਏ ਹੋਏ ਹਨ। ਇਹਚਿੰਤਾ ਪੰਜਾਬੀਆਂ ਦੇ ਚਿਹਰਿਆਂ ਉੱਤੇ ਨਹੀਂ, ਧੁਰ ਮਨਾਂ 'ਚ ਵਸੀ ਬੈਠੀ ਹੈ; ਕੀ ਪੰਜਾਬ ਫਿਰ ਕਿਸੇ ਤ੍ਰਾਸਦੀ ਦਾ ਸ਼ਿਕਾਰ ਹੋ ਜਾਏਗਾ?
ਬੇਭਰੋਸਗੀ ਦੇ ਬੱਦਲ ਚਾਰੇ ਪਾਸੇ ਛਾਏ ਹੋਏ ਹਨ। ਪੰਜਾਬ ਅੱਜ ਵੱਖਰੇ-ਵੱਖਰੇ ਫ਼ਰੰਟਾਂ ਉੱਤੇ ਲੜਾਈ ਲੜ ਰਿਹਾ ਹੈ। ਪ੍ਰੇਸ਼ਾਨ ਮਾਪੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ, ਨਸ਼ਿਆਂ ਤੋਂ ਮੁਕਤ ਰੱਖਣ ਅਤੇ ਉਨਾਂ ਦੇ ਰੁਜ਼ਗਾਰ ਦਾ, ਸਗੋਂ ਬੰਨ-ਛੁੱਭ ਕਰਨ ਦੇ ਆਹਰ 'ਚ ਫਸੇ ਬੈਠੇ ਹਨ।ਵਿਦਿਆਰਥੀ-ਨੌਜਵਾਨ ਦੁਨੀਆ ਦੇ ਤੇਜ਼ ਰਫ਼ਤਾਰ ਚੱਲਦੇ ਚੱਕਰ 'ਚ ਆਪਣੇ ਆਪ ਨੂੰ ਥਾਂ ਸਿਰ ਕਰਨ ਲਈ ਸੰਘਰਸ਼ ਕਰ ਰਹੇ ਹਨ। ਪੰਜਾਬ ਦਾ ਕਿਰਤੀ, ਕਿਸਾਨ, ਮੁਲਾਜ਼ਮ ਆਪਣੇ ਹਿੱਤਾਂ ਦੀ ਰਾਖੀ ਲਈ ਹੱਥ-ਪੈਰ ਮਾਰ ਰਿਹਾ ਹੈ ਅਤੇ ਰੋਟੀ-ਰੋਜ਼ੀ ਦੇ ਜੁਗਾੜ ਲਈ ਸਿਰਭਾਰ ਖੜੋਤਾ ਨਜ਼ਰ ਆ ਰਿਹਾ ਹੈ। ਪੰਜਾਬ ਦਾ ਆਮ ਆਦਮੀ ਗ਼ਰੀਬੀ, ਦੁਸ਼ਵਾਰੀ, ਮਿਲਾਵਟਖੋਰੀ, ਰਿਸ਼ਵਤਖੋਰੀ, ਮਹਿੰਗਾਈ ਦਾ ਭੰਨਿਆ, ਅੱਧੀਆਂ-ਅਧੂਰੀਆਂ ਦਿੱਤੀਆਂ ਜਾ ਰਹੀਆਂ ਸਰਕਾਰੀ ਸਮਾਜਿਕ ਭਲਾਈ ਸਕੀਮਾਂ ਤੋਂ ਅਸੰਤੁਸ਼ਟ ਦਿੱਸ ਰਿਹਾ ਹੈ। ਸੂਬੇ ਦੀ ਅੱਧੀਆਬਾਦੀ ਦੇ ਹੱਥ ਗ਼ਰੀਬੀ ਰੇਖਾ ਵਾਲਾ ਨੀਲਾ ਕਾਰਡ ਹੈ, ਪਰ ਉਹਦੀ ਸਹੂਲਤ ਉਹਨੂੰ ਮਿਲ ਹੀ ਨਹੀਂ ਰਹੀ। ਤੁੱਛ ਜਿਹੀ 500 ਰੁਪਏ ਦੀ ਬੁਢਾਪਾ ਪੈਨਸ਼ਨ ਬਜ਼ੁਰਗਾਂ ਨੂੰ ਕੋਈ ਰਾਹਤ ਨਹੀਂ ਦੇ ਰਹੀ। ਜਗਤ ਪ੍ਰਸਿੱਧ ਕੀਤੀ ਮਨਰੇਗਾ ਵਰਗੀ ਯੋਜਨਾ ਦਾ ਸੂਬੇ 'ਚ ਪਹਿਲਾਂ ਹੀਸਾਹ ਨਿਕਲ ਚੁੱਕਾ ਹੈ। ਇਹੋ ਜਿਹੀ ਹਾਲਤ ਵਿੱਚ ਪੰਜਾਬ ਦੇ ਲੋਕਾਂ ਉੱਤੇ ਜੰਗ ਦਾ ਪਰਛਾਵਾਂ, ਉਨਾਂ ਦੀ ਪਹਿਲਾਂ ਹੀ ਪ੍ਰੇਸ਼ਾਨ ਮਨੋ-ਸਥਿਤੀ ਨੂੰ ਹੋਰ ਪ੍ਰੇਸ਼ਾਨ ਨਹੀਂ ਕਰ ਦੇਵੇਗਾ?
ਆਪੋ-ਆਪਣੇ ਡੋਰੂ ਵਜਾ ਰਹੇ ਕੁਝ ਟੀ ਵੀ ਚੈਨਲ, ਆਪਣੀ ਹੋਂਦ ਦਰਸਾਉਣ ਅਤੇ ਲੋਕਾਂ ਦੀ ਹਰਮਨ-ਪਿਆਰਤਾ ਪਾਉਣ (ਟੀ ਆਰ ਪੀ ਵਧਾਉਣ) ਲਈ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਬੜਕਾਂ ਮਾਰ ਰਹੇ ਹਨ। ਉਹ ਸ਼ਾਇਦ ਉਨਾਂ ਲੋਕਾਂ ਦਾ ਦਰਦ ਨਹੀਂ ਜਾਣਸਕਦੇ, ਜਿਹੜੇ ਆਪਣਾ ਘਰ-ਘਾਟ, ਡੰਗਰ-ਪਸ਼ੂ, ਜ਼ਮੀਨਾਂ-ਜਾਇਦਾਦਾਂ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਮਜਬੂਰ ਕਰ ਕੇ ਤੋਰ ਦਿੱਤੇ ਗਏ ਹਨ। ਆਰਥਿਕ ਪੱਖੋਂ ਖੋਖਲਾ ਹੋ ਚੁੱਕਾ ਪੰਜਾਬ, ਜੋ ਆਪਣੀ ਹੋਂਦ ਬਚਾਉਣ ਦੀ ਲੜਾਈ ਪਹਿਲਾਂ ਹੀ ਲੜ ਰਿਹਾ ਹੈ, ਕਿਸੇ ਨਵੀਂਥੋਪੀ ਜੰਗ ਨੂੰ ਸਹਿਣ ਜੋਗਾ ਨਹੀਂ। ਇਧਰਲੇ-ਉਧਰਲੇ ਪੰਜਾਬੀ ਦਿਲੋਂ-ਮਨੋਂ ਜੰਗ ਦਾ ਵਿਰੋਧ ਕਰਨ ਲਈ ਨਿੱਤਰ ਰਹੇ ਹਨ, ਤਾਂ ਕਿ ਹਾਕਮਾਂ ਦੇ ਉਨਾਂ ਮਨਸੂਬਿਆਂ ਨੂੰ ਨੰਗਿਆ ਕੀਤਾ ਜਾਏ, ਜਿਨਾਂ ਦੀ ਖ਼ਾਤਰ ਉਹ ਲੋਕਾਂ ਨੂੰ ਜੰਗ ਦੀ ਭੱਠੀ 'ਚ ਝੋਕਣ ਜਾ ਰਹੇ ਹਨ।
ਸੰਸਾਰ ਪ੍ਰਸਿੱਧ ਫਰਾਂਸੀਸੀ ਮਹਾਰਾਜੇ ਅਤੇ ਮਿਲਟਰੀ ਸ਼ਾਸਕ ਨੇ ਕਿਹਾ ਸੀ ਕਿ ਜਦੋਂ ਸਰਕਾਰਾਂ ਹਰ ਪਾਸੇ ਤੋਂ ਫ਼ੇਲ ਹੋ ਜਾਂਦੀਆਂ ਹਨ ਤਾਂ ਉਨਾਂ ਵੱਲੋਂ ਜੰਗ ਲਾ ਕੇ ਤੇ ਮੀਡੀਆ ਰਾਹੀਂ ਲੋਕਾਂ ਦੇ ਦੇਸ਼ ਭਗਤੀ ਦਾ ਮੋਟੀ ਸੂਈ ਵਾਲਾ ਟੀਕਾ ਲਾ ਕੇ ਉਨਾਂ ਨੂੰ ਅਸਲ ਮੁੱਦਿਆਂ ਤੋਂਭਟਕਾਇਆ ਜਾਂਦਾ ਹੈ। ਕੀ ਦੇਸ਼ ਦੇ ਲੋਕ ਅੱਜ ਇਹੋ ਜਿਹੀ ਸਥਿਤੀ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ? ਕੀ ਇਸ ਦਾ ਖਮਿਆਜ਼ਾ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਹੀ ਤਾਂ ਨਹੀਂ ਭੁਗਤਣਾ ਪੈ ਰਿਹਾ?
-
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.