ਜੇਬਕਤਰੀ ਕਾਂਡ ਬਾਰੇ ਅਦਾਲਤੀ ਫ਼ੈਸਲੇ ਨੇ ਤਾਜ਼ਾ ਕਰਾਈ ਪੁਰਾਣੀ ਯਾਦ ( ਫਾਈਲ ਫ਼ੋਟੋ : ਟੀ ਐਸ ਬੇਦੀ )
ਪਟਿਆਲੇ ਦੀ ਸੀ ਬੀ ਆਈ ਅਦਾਲਤ ਵੱਲੋਂ ਚੋਰੀ ਦੇ ਦੋਸ਼ ਵਿਚ ਫੜੀਆਂ ਤਿੰਨ ਔਰਤਾਂ ਦੇ ਮੱਥੇ ਤੇ "ਜੇਬਕਤਰੀ " ਸ਼ਬਦ ਉੱਕਰੇ ਜਾਣ ਦੇ 23 ਸਾਲ ਪੁਰਾਣੇ ਕੇਸ ਦੇ ਫ਼ੈਸਲੇ ਨੇ ਇੱਕ ਪੁਰਾਣੀ ਯਾਦ ਤਾਜ਼ਾ ਕਰਾ ਦਿੱਤੀ ਹੈ . ਹਿੰਦੁਸਤਾਨ ਟਾਈਮਜ਼ ਵੱਲੋਂ ਨਸ਼ਰ ਕੀਤੀ ਗਈ ਇਸ ਖ਼ਬਰ ਦੇ ਨਾਲ ਟੀ ਐਸ ਬੇਦੀ ਵੱਲੋਂ ਉਸ ਵੇਲੇ ਲਈ ਗਈ ਉਨ੍ਹਾਂ ਤਿੰਨ ਔਰਤਾਂ ਦੀ ਫਾਈਲ ਫ਼ੋਟੋ ਦੇਖ ਕੇ ਮੈਨੂੰ ਉਹ ਘਟਨਾ ਯਾਦ ਆ ਗਈ .
ਦਸੰਬਰ 1993 ਦਾ ਉਹ ਦਿਨ ਮੈਨੂੰ ਯਾਦ ਹੈ .ਉਦੋਂ ਚੰਡੀਗੜ੍ਹ ਵਿਚ ਅਜੀਤ ਦਾ ਰਿਪੋਟਰ ਹੁੰਦਾ ਸੀ .ਕਿਸੇ ਪ੍ਰੈੱਸ ਕਾਨਫਰੰਸ ਦੇ ਸਿਲਸਿਲੇ ਵਿਚ ਮੈਂ ਤੇ ਅਜੀਤ ਦਾ ਫ਼ੋਟੋਗਰਾਫ਼ਰ ਅਤੇ ਮੇਰਾ ਸਾਥੀ ਟੀ ਐਸ ਬੇਦੀ ਯੂ ਟੀ ਗੈਸਟ ਹਾਊਸ ਚੰਡੀਗੜ੍ਹ ਵਿਚ ਸਾਂ . ਬਾਹਰਲੇ ਲਾਅਨ ਵਿਚ ਚਾਹ ਪਾਣੀ ਪੀ ਰਹੇ ਸਾਂ ਕਿ ਰਾਮ ਸਿੰਘ ਬਰਾੜ ਮੇਰੇ ਕੋਲ ਉਹ ਆਇਆ . ਉਹ ਉਸ ਵੇਲੇ ਹਿੰਦੀ ਦੇ ਜਨਸੱਤਾ ਅਖ਼ਬਾਰ ਦਾ ਰਿਪੋਟਰ ਸੀ . ਉਸਨੇ ਮੈਨੂੰ ਪਾਸੇ ਲਿਜਾ ਕੇ ਕਿਹਾ ਕਿ " ਇੱਕ ਬਹੁਤ ਵੱਡੀ ਖ਼ਬਰ ਹੈ ਜੇ ਕਰਨੀ ਹੈ ਤਾਂ ਚੱਲੋ , ਮੈਂ ਜਾ ਰਿਹਾ ਹਾਂ ." ਉਸਨੇ ਦੱਸਿਆ ਕਿ ਤਿੰਨ ਔਰਤਾਂ ਦੇ ਮੱਥੇ ਤੇ ਪੁਲਿਸ ਨੇ ਜੇਬਕਤਰੀ ਸ਼ਬਦ ਉੱਕਰ ਦਿੱਤੇ ਨੇ ਤੇ ਉਹ ਇਕ ਮਨੁੱਖੀ ਅਧਿਕਾਰ ਕਰਿੰਦੇ ਦੇ ਘਰ ਨੇ . ਮੈਂ ਟੀ ਐਸ ਬੇਦੀ ਨੂੰ ਬੁਲਾਇਆ ਤੇ ਇਸ਼ਾਰਾ ਕੀਤਾ ਉਹ ਫੱਟ ਤਿਆਰ ਹੋ ਗਏ . ਸਾਡੀ ਦੋਹਾਂ ਦੀ ਆਪਸ ਵਿਚ ਬਹੁਤ ਸੁਰ ਸੀ। ਫ਼ੋਟੋ ਪੱਤਰਕਾਰੀ ਦੇ ਮਾਮਲੇ ਵਿਚ ਉਹ ਹਰ ਵੇਲੇ ਤਿਆਰ ਬਰ ਹੀ ਰਹਿੰਦੇ ਸਨ . ਅਸੀਂ ਤਿੰਨੇ ਜਣੇ ਗਏ . ਜਗਾ ਮੈਨੂੰ ਯਾਦ ਨਹੀਂ ਕਿ ਉਨ੍ਹਾਂ ਨੂੰ ਕਿੱਥੇ ਮਿਲੇ ਸੀ . ਬੇਦੀ ਜੀ ਨੇ ਤਸਵੀਰਾਂ ਲਈਆਂ , ਅਸੀਂ ਪੂਰੀ ਕਹਾਣੀ ਸੁਣੀ . ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਭਾਅ ਜੀ ਨੂੰ ਐੱਨ ਜਦੋਂ ਫ਼ੋਨ ਤੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਛੇਤੀ ਭੇਜੋ .
ਸਵੇਰੇ ਨੂੰ ਜਦੋਂ ਇਹ ਕਿੱਸਾ ,ਤਸਵੀਰਾਂ ਸਮੇਤ ਅਖ਼ਬਾਰਾਂ ਦੇ ਪਹਿਲੇ ਸਫ਼ੇ ਤੇ ਛਪਿਆ ਤਾਂ ਇਹ ਉਸ ਵੇਲੇ ਇੱਕ ਬਹੁਤ ਚਰਚਿਤ ਮੁੱਦਾ ਬਣਿਆ .ਪਹਿਲੇ ਦਿਨ ਜਨਸੱਤਾ ਅਤੇ ਇੰਡੀਅਨ ਐਕਸਪ੍ਰੈਸ ਤੋਂ ਇਲਾਵਾ ਕਿਸੇ ਹੋਰ ਅਖ਼ਬਾਰ ਵਿਚ ਛਪੀ ਸੀ ਜਾਂ ਨਹੀਂ ਮੈਨੂੰ ਯਾਦ ਨਹੀਂ . ਉਦੋਂ ਪੰਜਾਬ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਹਥਲੀ ਕਾਂਗਰਸ ਸਰਕਾਰ ਸੀ . ਇਸ ਕੇਸ ਨੇ ਸਰਕਾਰ ਅਤੇ ਪੁਲਿਸ ਦੀ ਬਹੁਤ ਬਦਨਾਮੀ ਕਰਾਈ ਸੀ ਕਿਉਂਕਿ ਇਹ ਕੌਮੀ ਮੀਡੀਆ ਦੀਆਂ ਸੁਰਖ਼ੀਆਂ ਬਣ ਗਿਆ ਸੀ .
ਮੇਰੇ ਕੋਲ ਅਜੀਤ ਦੇ ਉਸ ਅੰਕ ਦੀ ਜੇਬਕਤਰੀ ਕਾਂਡ ਦੀ ਖ਼ਬਰ ਵਾਲੀ ਕਟਿੰਗ ਅਜੇ ਵੀ ਸਾਂਭੀ ਹੋਈ ਹੈ .ਮੈਂ ਇਹ ਸਤਰਾਂ ਲਿਖਣ ਵੇਲੇ ਅਮਰੀਕਾ ਦੇ ਓਹਾਇਓ ਸਟੇਟ ਦੇ ਮੇਸਨ ਸ਼ਹਿਰ ਵਿਚ ਆਪਣੇ ਇੱਕ ਦੋਸਤ ਦੇ ਘਰ ਹਾਂ . ਜੇਕਰ ਮੈਂ ਚੰਡੀਗੜ੍ਹ ਵਿਚ ਹੁੰਦਾ ਤਾਂ ਇਸ ਲਿਖਤ ਨਾਲ ਉਸਦੀ ਕਾਪੀ ਵੀ ਪੇਸਟ ਕਰ ਦਿੰਦਾ . ਇਹ ਮਾਮਲਾ ਹਾਈ ਕੋਰਟ ਗਿਆ ਜਿਸ ਨੇ ਸੀ ਬੀ ਆਈ ਜਾਂਚ ਦੇ ਹੁਕਮ ਦਿੱਤੇ . ਕਾਫ਼ੀ ਦੇਰ ਤਾਂ ਮੀਡੀਆ ਇਸ ਕੇਸ ਦੀ ਪੈਰਵਾਈ ਕਰਦਾ ਰਿਹਾ , ਫੇਰ ਇਹ ਕੇਸ ਭੁੱਲ -ਭਲਾ ਗਿਆ ਸੀ .
ਭਾਵੇਂ ਅਦਾਲਤੀ ਹੁਕਮਾਂ ਨਾਲ ਪਲਾਸਟਿਕ ਸਰਜਰੀ ਕਰਕੇ ਉਨ੍ਹਾਂ ਦੇ ਮੱਥੇ ਤੋਂ ਜੇਬਕਤਰੀ ਵਾਲੇ ਨਿਸ਼ਾਨ ਹਟਾ
ਦਿੱਤੇ ਗਏ ਸਨ ਪਰ ਸ਼ਾਇਦ ਉਨ੍ਹਾਂ ਦੇ ਦਿਲਾਂ ਦੇ ਜ਼ਖ਼ਮ ਅਜੇ ਤੱਕ ਨਾਭਰੇ ਹੋਣ .
ਹਿੰਦੁਸਤਾਨ ਟਾਈਮਜ਼ ਦੀ ਹੀ ਨਵੀਂ ਰਿਪੋਰਟ ਵਿਚ ਇਨ੍ਹਾਂ ਔਰਤਾਂ ਦੀ ਹੁਣ ਦੀ ਹਾਲਤ ਬਿਆਨ ਕੀਤੀ ਗਈ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਕਿਸ ਤਰ੍ਹਾਂ ਦੀ ਮਾਨਸਿਕ ਪੀੜਾ ਵਿਚੋਂ ਲੰਘੇ ਹੋਣਗੇ .
ਕੀ ਉਨ੍ਹਾਂ ਨੂੰ ਇਨਸਾਫ਼ ਦਾ ਕੋਈ ਅਹਿਸਾਸ ਅਤੇ ਸੰਤੁਸ਼ਟੀ ਹੋਵੇਗੀ ਜਾਂ ਨਹੀਂ ਪਰ ਇਹ ਕਿੱਸਾ , ਸਾਡੇ ਅਦਾਲਤੀ ਸਿਸਟਮ ਤੇ ਇੱਕ ਅਫ਼ਸੋਸਨਾਕ ਪਰਛਾਵਾਂ ਜ਼ਰੂਰ ਹੈ।
10 ਅਕਤੂਬਰ , 2016
ਮੇਸਨ -ਲੈਬਨਾਨ , ਓਹਾਇਓ ਸਟੇਟ ( ਅਮਰੀਕਾ )
ਬਲਜੀਤ ਬੱਲੀ
ਸੰਪਾਦਕ , ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
+91-9915177722
-
-
ਬਲਜੀਤ ਬੱਲੀ, ਸੰਪਾਦਕ , ਬਾਬੂਸ਼ਾਹੀ ਡਾਟ ਕਾਮ
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.