- ਡਰੱਗ ਦਾ ਸ਼ਿਕਾਰ ਇੱਕ ਹੋਰ ਵਿਧਵਾ ਦੀ ਦਰਦ-ਭਰੀ ਦਾਸਤਾਨ ...
- ਮੈਂ ਤਾਂ ਵਿਚਾਰੀ ਦਾ ਹਾਲ ਈ ਪੁੱਛਣਾ ਸੀ , ਉਹ ਵੀ ਮੇਰੇ ਵਰਗੀ ਹੈ ...
ਬਲਜੀਤ ਬੱਲੀ
27 ਅਪ੍ਰੈਲ ਸਾਢੇ ਕੁ 4 ਵਜੇ ਦੀ ਗੱਲ ਹੈ . ਮੈਂ ਆਪਣੇ 44 ਸੈਕਟਰ ਵਾਲੇ ਦਫ਼ਤਰ ਵਿਚ ਬੈਠਾ ਲੈਪ ਟਾਪ ਤੇ ਕੰਮ ਕਰ ਰਿਹਾ ਸੀ . ਮੋਬਾਈਲ ਫ਼ੋਨ ਤੇ ਵਾਟਸ ਐਪ ਕਾਲ ਆਈ . ਨੰਬਰ ਅਣਜਾਣਾ ਸੀ . ਮੈਂ ਸੁਣਿਆ ਤਾਂ ਅੱਗੋਂ ਕਿਸੇ ਜਵਾਨ ਔਰਤ ਦੀ ਆਵਾਜ਼ ਆਈ . ਕਹਿਣ ਲੱਗੀ ," ਭਾਅ ਜੀ ਇੱਕ ਗੁਰਦੁਆਰੇ ਦੀ ਖ਼ਬਰ ਤੁਸੀਂ ਦਿੱਤੀ ਸੀ , ਕੋਈ ਮਰ ਗਿਆ ਸੀ ..? " ਮੈਂ ਦੋ ਕੁ ਪਲ ਲਈ ਸੋਚੀਂ ਪੈ ਗਿਆ ਕਿ ਪਿਛਲੇ ਦਿਨਾਂ ਵਿਚ ਗੁਰਦੁਆਰੇ ਦੀ ਕੋਈ ਖ਼ਬਰ ਮੈਂ ਦਿੱਤੀ ਹੋਵੇ ਜਾਂ ਮੇਰੇ ਨਿਊਜ਼ ਪੋਰਟਲ ਬਾਬੂਸ਼ਾਹੀ ਤੇ ਪੋਸਟ ਕੀਤੀ ਹੋਵੇ . ਕੋਈ ਅਜਿਹੀ ਖ਼ਬਰ ਯਾਦ ਨਹੀਂ ਆਈ .ਹੈਰਾਨ ਜਿਹਾ ਹੋਕੇ ਕਿਹਾ ਨਹੀਂ ਮੈਂ ਤਾਂ ਗੁਰਦੁਆਰੇ ਵਿਚ ਮੌਤ ਦੀ ਕੋਈ ਖ਼ਬਰ ਨਹੀਂ ਦਿੱਤੀ . "ਕਿਹੜੀ ਖ਼ਬਰ ਅਤੇ ਕਿਹੜੇ ਗੁਰਦੁਆਰੇ ਦੀ, ਕਦੋਂ ਦੀ ਗੱਲ ਐ ? , " ਮੈਂ ਉਸ ਬੀਬੀ ਨੂੰ ਮੋੜਵਾਂ ਸਵਾਲ ਕੀਤਾ . ਜਵਾਬ ਮਿਲਿਆ , ਉਹ ਜਿਹੜਾ ਬੰਦਾ ਡਰੱਗ ਨਾਲ ਮਰ ਗਿਆ ਸੀ , 2016 ਦੀ ਗੱਲ ਐ , ਗੁਰਦੁਆਰੇ ਵਿਚ ਕਿਸੇ ਨੇ ਬੋਲਿਆ ਸੀ .
ਉਸ ਦੀ ਇਹ ਗੱਲ ਸੁਣ ਕੇ ਪਿਛਲੀ ਰੀਲ ਇੱਕ ਦਮ ਘੁੰਮੀ ,ਮੈਨੂੰ ਯਾਦ ਆ ਗਿਆ ਕੀ ਉਹ ਕਿਹੜੀ ਘਟਨਾ ਦਾ ਜ਼ਿਕਰ ਕਰ ਰਹੀ ਸੀ .ਉਹ ਸਿਤਮ-ਜ਼ਈਫ਼ੀ ਕੈਨੇਡਾ ਦੇ ਧਨਾਢ ਕਾਰੋਬਾਰੀ ਦਰਸ਼ਨ ਸਾਹਸੀ ਨਾਲ ਵਾਪਰੀ ਸੀ .ਉਹ, ਸਾਹਸੀ ਵੱਲੋਂ ਲੁਧਿਆਣੇ ਨੇੜੇ ਰਾਜਗੜ੍ਹ ਦੇ ਗੁਰਦਵਾਰਾ ਸਾਹਿਬ ਵਿਚ ਬਿਆਨ ਕੀਤੀ ਭਾਵੁਕ ਅਤੇ ਕੌੜੀ ਹਕੀਕਤ ਭਰੀ ਹੱਡਬੀਤੀ ਡਾ ਹਵਾਲਾ ਦੇ ਰਹੀ ਸੀ ਜੋ ਸਾਹਸੀ ਨੇ ਪੁੱਤ ਬਣਾਏ ਆਪਣੇ ਭਤੀਜੇ ਦੀ ਡਰੱਗ ਨਾਲ ਹੋਈ ਮੌਤ'ਤੇ ਜ਼ਾਹਰ ਕੀਤੇ ਸਨ .
ਮੈਂ ਹਾਮੀ ਭਰੀ -" ਹਾਂ ਮੈਂ ਹੀ ਦਿੱਤੀ ਸੀ ." ਨਾਲ ਹੀ ਥੋੜ੍ਹੇ ਜਿਹੇ ਤੌਖਲੇ ਨਾਲ ਮੈਂ ਸੋਚੀਂ ਪਿਆ ਕਿ ਕਿਤੇ ਮੈਂ ਕੁਝ ਗ਼ਲਤ ਤਾਂ ਨਹੀਂ ਸੀ ਲਿਖਿਆ ਜਿਸਤੇ ਕਿਸੇ ਨੇ ਇਤਰਾਜ਼ ਕੀਤਾ ਹੋਵੇ ? ਕੀ ਕੀਤੇ ਉਸ ਪਰਿਵਾਰ ਨਾਲ ਕੋਈ ਹੋਰ ਦੁਰਘਟਨਾ ਤਾਂ ਨਹੀਂ ਵਾਪਰੀ ?
ਉਹ ਪੁੱਛਣ ਲੱਗੀ , " ਤੁਸੀਂ ਉਸ ਵਿਚ ਇਹ ਲਿਖਿਆ ਸੀ ਕਿ ਜਿਹੜਾ ਡਰੱਗ ਨਾਲ ਮਰਿਆ ਸੀ , ਉਸ ਦੀ ਇੱਕ ਛੋਟੀ ਧੀ ਸੀ , ਮੈਂ ਤਾਂ ਇਹ ਪੁੱਛਣਾ ਸੀ ਕਿ ਉਸ ਦਾ ਕੀ ਹਾਲ ਹੈ ? ਕਿੰਨੇ ਕੁ ਸਾਲ ਦੀ ਹੋਗੀ ਉਹ ? ਮੈਨੂੰ ਉਹ ਕਹਾਣੀ ਕਿਸੇ ਨੇ ਪੜ੍ਹ ਕੇ ਸੁਣਾਈ ਸੀ ." ਮੈ ਥੋੜ੍ਹਾ ਸੋਚ ਕੇ ਦੱਸਿਆ ਕਿ ਕੀ ਮੇਰਾ ਖ਼ਿਆਲ ਹੈ 6 ਕੁ ਸਾਲ ਦੀ ਹੋਣੀ ਐ ਉਹ . ਮੈਂ ਜਦੋਂ ਉਸ ਭੋਗ ਤੇ ਖੇਡਦੀ ਦੇਖੀ ਸੀ 5 ਕੁ ਸਾਲ ਦੀ ਲਗਦੀ ਸੀ .
ਮੈਂ ਅਜੇ ਇਹ ਪੁੱਛਣ ਹੀ ਲੱਗਾ ਸੀ ਕਿ ਉਹ ਕਿਉਂ ਪੁੱਛ ਰਹੀ , ਉਹ ਖ਼ੁਦ ਹੀ ਬੋਲ ਪਈ , " ਜੋ ਉਸ ਮਾਂ -ਧੀ ਨਾਲ ਹੋਈ , ਉਹੋ ਮੇਰੇ ਨਾਲ ਵਾਪਰੀ ਹੈ . ਉਹ ਵੀ ਮੇਰੇ ਵਰਗੀ ਹੈ ..ਮੇਰਾ ਘਰ ਵਾਲਾ ਵੀ ਇਸੇ ਤਰ੍ਹਾਂ ਡਰੱਗ ਨਾਲ ਮਰਿਆ .ਮੇਰੇ ਕੋਲ ਵੀ ਇੱਕ ਧੀ ਹੈ ." ਮੈਂ ਅਫ਼ਸੋਸ ਜ਼ਾਹਰ ਕੀਤਾ . ਮੇਰੇ ਹੋਰ ਸਵਾਲ ਕਰਨ ਤੋਂ ਪਹਿਲਾਂ ਹੀ ਉਹ ਦੱਸਣ ਲੱਗੀ , " ਜਿਨ੍ਹਾਂ ਦਿਨਾਂ ਵਿਚ ਤੁਸੀਂ ਇਹ ਕਹਾਣੀ ਲਿਖੀ , ਉਨ੍ਹਾਂ ਦਿਨਾਂ ਵਿਚ ਹੀ ਮੇਰੇ ਪਤੀ ਦੀ ਮੌਤ ਹੋਈ ਸੀ . ਤੁਸੀਂ 13 ਜੂਨ ਨੂੰ ਲਿਖਿਆ ਸੀ , ਮੇਰੇ ਘਰਵਾਲੇ ਦੀ ਮੌਤ 27 ਜੂਨ ਨੂੰ ਹੋਈ ਸੀ . "
ਤੇ ਇਸ ਤੋਂ ਬਾਅਦ ਗੱਲ ਕਰਦੀ -ਕਰਦੀ ਉਸ ਦਾ ਗੱਚ ਭਰ ਆਇਆ , ਆਵਾਜ਼ ਦਰਦ ਭਰੀ ਹੋ ਗਈ . ਦੱਸਣ ਲੱਗੀ " ਵਿਆਹ ਤੋਂ ਬਾਅਦ 6 ਸਾਲ ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ ਆਪਣੇ ਘਰ ਵਾਲੇ ਤੋਂ ਡਰੱਗ ਛੁਡਵਾਉਣ ਦੀਆਂ . ਕਦੇ ਕਿਤੇ -ਕਦੇ ਕਿਤੇ ਪਰ ਆਖ਼ਰ ਮੈਂ ਹਾਰ ਗਈ ."
ਤੇ ਇਸ ਤੋਂ ਬਾਅਦ ਉਸਦੇ ਹੌਕੇ , ਰੋਣੇ ਵਿਚ ਬਦਲ ਗਏ . ਰੋਂਦੀ -ਰੋਂਦੀ ਆਪਣੀ ਕਹਾਣੀ ਸੁਣਾਉਣ ਲੱਗੀ ਕਿ ਕਿਵੇਂ ਉਸ ਦਾ ਪਤੀ ਡਰੱਗ ਦਾ ਸ਼ਿਕਾਰ ਹੁੰਦਾ ਰਿਹਾ ਪਰ ਉਹ ਕੁਝ ਨਾ ਕਰ ਸਕੀ . ਰੋਂਦੀ -ਵਿਲਕਦੀ ਨੇ ਦੱਸਿਆ , " ਬੱਸ ਮੈਨੂੰ ਇੱਕੋ ਹੀ ਧਰਵਾਸ ਹੈ ਉਸ ਦੀ ਨਿਸ਼ਾਨੀ ਮੇਰੇ ਕੋਲ ਹੈ . ਮੈਂ ਆਪਣੀ ਧੀ ਦੇ ਸਹਾਰੇ ਦਿਨ ਕੱਟ ਰਹੀ ਹਾਂ ." ਇਹ ਕਹਿੰਦੇ -ਕਹਿੰਦੇ ਉਹ ਲਗਭਗ ਭੁੱਬਾਂ ਮਾਰ ਕੇ ਰੋਣ ਲੱਗ ਪਈ , ਰੁਕ ਰੁਕ ਕੇ ਗੱਲ ਕਰਨ ਲੱਗੀ . ਉਸ ਦੇ ਇਸ ਵਿਰਲਾਪ ਨੇ ਮੈਨੂੰ ਵੀ ਭਾਵੁਕ ਕਰ ਦਿੱਤਾ . ਮੈਨੂੰ ਵੀ ਸਮਝ ਨਾ ਲੱਗੇ ਕਿ ਮੈਂ ਹੁਣ ਹੋਰ ਗੱਲ ਕੀ ਕਰਾਂ ਅਤੇ ਉਸ ਨੂੰ ਕਿਵੇਂ ਢਾਰਸ ਦਿਆਂ .
ਮੈਂ ਪੁੱਛਿਆ ਕਿ ਉਸ ਦੀ ਧੀ ਕਿੰਨੇ ਸਾਲਾਂ ਦੀ ਹੈ . ਉਸੇ ਹੀ ਵਿਲਕਦੀ ਆਵਾਜ਼ ਵਿਚ ਉਸ ਨੇ ਜਵਾਬ ਦਿੱਤਾ ," ਇਹ ਤਾਂ ਉਸ ਦੇ ਮਰਨ ਤੋਂ ਦੋ ਮਹੀਨੇ ਬਾਅਦ ਜੰਮੀ ਹੈ . 6 ਸਾਲ ਬਾਅਦ ਵਾਹਿਗੁਰੂ ਨੇ ਮਿਹਰ ਕੀਤੀ ਸੀ ਬੱਚੇ ਦੀ ਪਰ ਕੀ ਪਤਾ ਸੀ ਕਿ ਉਸ ਨੇ ਇਹ ਖ਼ੁਸ਼ੀ ਦੇਖਣੀ ਨਹੀਂ ਸੀ . ਮੈਂ ਇਸ ਵਿਚਾਰੀ ਨੂੰ ਕੀ ਦੱਸਾਂ ਕਿ ਤੇਰਾ ਪਾਪਾ ਕਿਹੋ ਜਿਹਾ ਸੀ .ਜਿਸ ਨੇ ਦੇਖਿਆ ਹੀ ਨਹੀਂ , ਉਹ ਕੀ ਸੋਚੇਗੀ . ਬੱਸ ਇਹ ਜ਼ਰੂਰ ਹੈ ਕਿ ਉਹ ਆਪਣੀ ਨਿਸ਼ਾਨੀ ਦੇ ਗਿਆ ਇਹ ਧੀ . ਮੈਨੂੰ ਇਹ ਤਸੱਲੀ ਹੈ ਕਿ ਜਦੋਂ ਮੈਂ ਬਾਜ਼ਾਰ ਵਿਚ ਜਾਂਦੀ ਹਾਂ ਤਾਂ ਲੋਕ ਕਹਿੰਦੇ ਨੇ ਕਿ ਉਹ ਜਗਦੀਪ ਦੀ ਘਰਵਾਵਾਲੀ ਹੈ ਤੇ ਉਹ ਉਸ ਧੀ ਹੈ . "
ਮੇਰੇ ਹਾਲਤ ਬਹੁਤ ਅਜੀਬ ਸੀ ਨਾ ਉਹ ਰੋਣਾ ਬੰਦ ਕਰ ਰਹੀ ਸੀ ਅਤੇ ਨਾ ਹੀ ਉਹ ਫ਼ੋਨ ਤੇ ਗੱਲ ਕਰਨੋਂ ਰੁਕ ਰਹੀ ਸੀ . ਮੈਂ ਹੌਸਲਾ ਜਿਹਾ ਕਰ ਕੇ ਪੁੱਛਿਆ ਕਿ ਉਹ ਕਿਥੋਂ ਦੀ ਰਹਿਣ ਵਾਲੀ ਹੈ . ਉਸ ਨੇ ਦੱਸਿਆ ਕਿ ਉਸ ਦਾ ਪਿੰਡ ਤਾਂ ਭੀਖੀ ਵਿੰਡ ਨੇੜੇ - ਖਾਲੜੇ ਕੋਲ ਹੈ ਪਰ ਉਹ ਅੰਮ੍ਰਿਤਸਰ ਵਿਚ ਹੀ ਰਹਿ ਰਹੇ ਨੇ . ਮੇਰੇ ਅਗਲੇ ਸਵਾਲ ਦੇ ਜਵਾਬ ਵਿਚ ਉਸ ਨੇ ਦੱਸਿਆ ਕਿ ਉਸ ਦੇ ਪੇਕੇ ਵੀ ਅੰਮ੍ਰਿਤਸਰ ਹੀ ਨੇ ਪਰ ਉਹ ਆਪਣੇ ਸਹੁਰੇ ਪਰਿਵਾਰ ਕੋਲ ਹੀ ਰਹਿ ਰਹੀ ਹੈ . ਮੈਂ ਉਸ ਦਾ
ਨਾਂ ਵੀ ਪੁੱਛਿਆ ਤਾਂ ਰੋਂਦੀ ਰੋਂਦੀ ਨੇ ਉਸ ਨੇ ਨਿਝੱਕ ਦੱਸ ਦਿੱਤਾ . ਫੇਰ ਉਸ ਨੇ ਪੁੱਛਿਆ ਕਿ ਜਿਸ ਬਾਰੇ ਤੁਸੀਂ ਲਿਖਿਆ ਸੀ ਉਹ ਹੁਣ ਕਿੱਥੇ ਹੈ ? ਮੈਂ ਦੱਸਿਆ ਕਿ ਮੈਨੂੰ ਹੁਣ ਤਾਂ ਨਹੀਂ ਪਤਾ ਪਰ ਇਹ ਜ਼ਰੂਰ ਹੈ ਕਿ ਮੇਰਾ ਉਹ ਦੋਸਤ ਜਿਸ ਦੇ ਭਤੀਜੇ ਦੀ ਉਹ ਘਰਵਾਲੀ ਸੀ , ਉਸ ਨੇ ਆਪਣੇ ਧੀ ਵਾਂਗ ਹੀ ਰੱਖਿਆ ਸੀ ਉਸ ਨੂੰ . ਉਹ ਬਹੁਤ ਨੇਕਦਿਲ ਇਨਸਾਨ ਹੈ . ਅਖੀਰ ਵਿਚ ਫੇਰ ਉਸ ਨੇ ਕਿਹਾ," ਮੈਂ ਤਾਂ ਉਸ ਦਾ ਹਾਲ ਹੀ ਪੁੱਛਣਾ ਚਾਹੁੰਦੀ ਸੀ ਕਿਉਂਕਿ ਉਹ ਵੇ ਮੇਰੇ ਵਰਗੀ ਹੈ . "
ਫ਼ੋਨ ਬੰਦ ਹੋ ਗਿਆ . ਮੈਂ ਆਪਣੀਆਂ ਅੱਖਾਂ ਵਿਚ ਆਏ ਅੱਥਰੂ ਪੂੰਝੇ . ਕੁੱਝ ਪਲ ਲਈ ਕੁੱਝ ਨਾ ਸੁੱਝਿਆ ਕਿ ਕੀ ਕਰਾਂ .
ਮਾਨਵੀ ਸੰਵੇਦਨਾ ਵਾਲਾ ਕੋਈ ਵੀ ਮਨੁੱਖ ਉਸ ਵੇਲੇ ਦੀ ਮੇਰੇ ਮਨ ਦੀ ਹਾਲਤ ਦਾ ਅੰਦਾਜ਼ਾ ਲਾ ਸਕਦਾ ਹੈ .
28 ਅਪ੍ਰੈਲ, 2017
................
ਪਿੱਛੋਂ ਸੁੱਝੀ : ਮੈਨੂੰ ਇਸ ਗੱਲ ਤੇ ਪਛਤਾਵਾ ਜਿਹਾ ਜ਼ਰੂਰ ਹੋਇਆ ਕਿ ਕੈਨੇਡਾ ਵਿਚ ਵਸਦੇ ਮੇਰੇ ਮਿੱਤਰ ਦਰਸ਼ਨ ਸਾਹਸੀ ਨਾਲ ਗਾਹੇ -ਬਗਾਹੇ ਸੰਪਰਕ ਹੋਣ ਦੇ ਬਾਵਜੂਦ ਮੈਂ ਉਸ ਦੀ ਭਤੀਜ -ਨੂੰਹ ਅਤੇ ਉਸ ਦੀ ਧੀ ਦਾ ਹਾਲ ਪਿਛਲੇ ਕਾਫ਼ੀ ਸਮੇਂ ਤੋਂ ਕੌਣ ਨਹੀਂ ਪੁੱਛਿਆ ਖ਼ੈਰ !
ਮੇਰੀ ਜਿਸ ਲਿਖਤ ਦੇ ਹਵਾਲੇ ਨਾਲ ਉਸ ਵਿਚਾਰੀ ਬੀਬੀ ਨੇ ਮੇਰੇ ਨਾਲ ਗੱਲ ਕੀਤੀ , ਉਸ ਦਾ ਬਾਬੂਸ਼ਾਹੀ ਲਿੰਕ ਮੈਂ ਇੱਥੇ ਦੇ ਰਿਹਾ ਹਾਂ :
ਇਹ ਕੋਈ ਫ਼ਿਲਮੀ ਨਹੀਂ .... ਅਸਲੀ ਕਹਾਣੀ ਹੈ .. ਬਲਜੀਤ ਬੱਲੀ
ਦਰਦ ਭਰੀ ਦਾਸਤਾਂ....ਕੈਨੇਡਾ ਦੇ ਇੱਕ ਧਨਾਢ ਪੰਜਾਬੀ ਬਿਜਨੈੱਸਮੈਨ ਦੀ
http://www.babushahi.in/tirchhinazar.php?oid=36
-
-
ਬਲਜੀਤ ਬੱਲੀ, ਸੰਪਾਦਕ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.