ਸਮੁੱਚੀ ਦੁਨੀਆ ਬਦਲ ਰਹੀ ਹੈ, ਪਰ ਮਨੁੱਖ ਦੀ ਸੰਗਠਤ ਹੋ ਕੇ ਇਕੱਠਿਆਂ ਜ਼ਿੰਦਗੀ ਜਿਉਣ ਵਾਲੀ ਇਕਾਈ ਪਿੰਡ ਨਿੱਤ ਉਜਾੜੇ ਵੱਲ ਵਧ ਰਿਹਾ ਹੈ। ਦੁਨੀਆ ਵਿੱਚ ਜਿੰਨੇ ਵੀ ਵੱਡੇ ਬਦਲਾਅ ਇਸ ਵੇਲੇ ਦੇਖਣ ਨੂੰ ਮਿਲ ਰਹੇ ਹਨ, ਉਨਾਂ 'ਚ ਸਭ ਤੋਂ ਵੱਡੇ ਬਦਲਾਅ ਵਜੋਂ ਪਿੰਡਾਂ ਦੀ ਸੰਖਿਆ ਦਾ ਤੇਜ਼ੀ ਨਾਲ ਘਟਣਾ ਹੈ। ਸੰਯੁਕਤ ਰਾਸ਼ਟਰ ਦੇ ਆਰਥਿਕ, ਸਮਾਜਿਕ ਵਿਭਾਗ ਦੀ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ 1995 ਵਿੱਚ ਵਿਸ਼ਵ ਵਿੱਚ ਪਿੰਡਾਂ ਦੀ ਆਬਾਦੀ ਤਿੰਨ ਅਰਬ ਤੋਂ ਉੱਪਰ ਸੀ। ਕਈ ਦਹਾਕਿਆਂ ਬਾਅਦ ਸਾਲ 2015 ਦੇ ਅੰਕੜਿਆਂ ਅਨੁਸਾਰ ਸ਼ਹਿਰਾਂ ਦੀ ਆਬਾਦੀ ਲੱਗਭੱਗ ਦੋ ਗੁਣਾਂ, ਭਾਵ ਚਾਰ ਅਰਬ ਹੋ ਗਈ, ਜਦੋਂ ਕਿ ਪਿੰਡਾਂ ਦੀ ਆਬਾਦੀ ਉਸੇ ਥਾਂ ਟਿਕੀ ਰਹੀ, ਅਰਥਾਤ ਤਿੰਨ ਅਰਬ ਹੀ ਰਹੀ।
ਅੰਕੜੇ ਸਪੱਸ਼ਟ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਖ਼ਾਲੀ ਹੁੰਦੇ ਜਾਣਗੇ ਅਤੇ ਸ਼ਹਿਰਾਂ ਵਿੱਚ ਆਬਾਦੀ ਦਾ ਦਬਾਅ ਦਮ-ਘੋਟੂ ਹਾਲਤ ਤੱਕ ਵਧ ਜਾਵੇਗਾ। ਪਿਛਲੇ ਦਿਨੀਂ ਅਮਰੀਕਾ ਵਿੱਚ ਪਿੰਡਾਂ ਦੀ ਸਥਿਤੀ ਸੰਬੰਧੀ ਹੋਏ ਸੰਮੇਲਨ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਜੇਕਰ ਪਿੰਡਾਂ ਦੀ ਨਿੱਤ ਦਿਨ ਡਾਵਾਂਡੋਲ ਹੋ ਰਹੀ ਸਥਿਤੀ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਦੁਨੀਆ 'ਚ ਪਿੰਡ ਤਾਂ ਕਿਧਰੇ ਲੱਭਣਗੇ ਹੀ ਨਹੀਂ ਅਤੇ ਸ਼ਹਿਰਾਂ ਉੱਤੇ ਦਬਾਅ ਲਗਾਤਾਰ ਵਧਦਾ ਜਾਏਗਾ।
ਇਸ ਸਮੇਂ ਪਿੰਡਾਂ-ਸ਼ਹਿਰਾਂ 'ਚ ਆਬਾਦੀ ਦਾ ਪਰਿਵਰਤਨ ਹੀ ਨਹੀਂ ਆ ਰਿਹਾ, ਬਦਲਦੇ ਹਾਲਾਤ ਵਿੱਚ ਪਿੰਡ ਦਾ ਮੂਲ ਸਮਝੀ ਜਾਂਦੀ ਖੇਤੀ ਵੀ ਇਸ ਤੋਂ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕੀ। ਸਾਲ 2006 ਵਿੱਚ ਦੁਨੀਆ ਭਰ ਵਿੱਚ 38 ਫ਼ੀਸਦੀ ਧਰਤੀ ਉਤੇ ਖੇਤੀ ਹੁੰਦੀ ਸੀ। ਸੰਨ 2011 ਤੱਕ ਇਸ ਵਿੱਚ ਇੱਕ ਪ੍ਰਤੀਸ਼ਤ ਦੀ ਗਿਰਾਵਟ ਨੋਟ ਕੀਤੀ ਗਈ। ਆਇਰਲੈਂਡ ਵਿੱਚ 66 ਫ਼ੀਸਦੀ ਭੂਮੀ ਖੇਤੀ ਅਧੀਨ ਸੀ, ਜੋ ਘਟ ਕੇ 65 ਫ਼ੀਸਦੀ ਅਤੇ ਡੈੱਨਮਾਰਕ ਵਿੱਚ 63 ਫ਼ੀਸਦੀ ਤੋਂ 61 ਫ਼ੀਸਦੀ, ਸੁਡਾਨ ਵਿੱਚ 48 ਫ਼ੀਸਦੀ ਤੋਂ 47 ਫ਼ੀਸਦੀ ਰਹਿ ਗਈ। ਕਿਸੇ ਇੱਕ-ਅੱਧੇ ਦੇਸ਼ ਨੂੰ ਛੱਡ ਕੇ ਦੁਨੀਆ ਦੇ ਲੱਗਭੱਗ ਸਾਰੇ ਦੇਸ਼ਾਂ 'ਚ ਖੇਤੀ ਖੇਤਰ 'ਚ ਗਿਰਾਵਟ ਦਾ ਰੁਝਾਨ ਵਧਿਆ। ਭਾਰਤ ਵਿੱਚ 1992 ਵਿੱਚ ਪੇਂਡੂ ਖੇਤਰ ਵਿੱਚ ਪ੍ਰਤੀ ਵਿਅਕਤੀ ਔਸਤਨ 1.01 ਹੈਕਟੇਅਰ ਭੂਮੀ ਸੀ, ਜੋ 2013 'ਚ ਘਟ ਕੇ 0.592 ਹੈਕਟੇਅਰ ਰਹਿ ਗਈ। ਕੀ ਖੇਤੀ ਖੇਤਰ ਵਿੱਚ ਇਹੋ ਜਿਹੀ ਘਾਟ ਅੱਛਾ ਸੰਕੇਤ ਹੈ? ਅਸਲ ਵਿੱਚ ਇਹ ਸਪੱਸ਼ਟ ਇਸ਼ਾਰਾ ਹੈ ਕਿ ਕਿਸਾਨਾਂ ਦਾ ਖੇਤੀ ਵੱਲ ਰੁਝਾਨ ਘਟਿਆ ਹੈ। ਖੇਤੀ ਖੇਤਰ ਦੇ ਘਟਣ ਨਾਲ ਖ਼ੁਰਾਕ ਸੁਰੱਖਿਆ ਦੇ ਦ੍ਰਿਸ਼ਟੀਕੋਣ ਦੇ ਮੱਦੇ-ਨਜ਼ਰ ਦੇਸ਼ ਅਣਸੁਰੱਖਿਅਤ ਹੋ ਰਹੇ ਹਨ, ਜਿਸ ਨਾਲ ਵਪਾਰਕ ਖੇਤੀ ਨੂੰ ਉਤਸ਼ਾਹ ਮਿਲ ਰਿਹਾ ਹੈ। ਰਸਾਇਣ-ਯੁਕਤ ਖੇਤੀ ਦਾ ਪ੍ਰਚਲਣ ਵਧ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਸਾਡੀ ਨਿੱਤ ਦੀ ਭੋਜਨ ਥਾਲੀ ਰਸਾਇਣ-ਯੁਕਤ ਹੋ ਰਹੀ ਹੈ ਅਤੇ ਫ਼ਸਲਾਂ ਵਿੱਚ ਸਥਾਨਕ ਫ਼ਸਲਾਂ ਦਾ ਜਿਵੇਂ ਖ਼ਾਤਮਾ ਹੀ ਹੋ ਰਿਹਾ ਹੈ। ਇਹ ਕਦੇ ਪੇਂਡੂਆਂ ਦਾ ਸਥਾਨਕ ਅਮੀਰ ਭੋਜਨ ਗਿਣਿਆ ਜਾਂਦਾ ਸੀ, ਜਿਸ ਦੇ ਆਸਰੇ ਉਹ ਕੁਦਰਤ ਦੀ ਗੋਦ ਵਿੱਚ ਬੈਠ ਕੇ ਸਾਫ਼-ਸੁਥਰਾ, ਪ੍ਰਦੂਸ਼ਣ-ਰਹਿਤ ਜੀਵਨ ਬਤੀਤ ਕਰਦੇ ਸਨ।
ਮੌਜੂਦਾ ਸਮੇਂ 'ਚ ਬਦਲਦੀ ਦੁਨੀਆ 'ਚ ਜੇਕਰ ਮਨੁੱਖ ਨੇ ਕੁਝ ਸਭ ਤੋਂ ਵੱਧ ਗੁਆਇਆ ਹੈ ਤਾਂ ਉਹ ਕੁਦਰਤੀ ਜੰਗਲ, ਨਦੀਆਂ ਅਤੇ ਗਲੇਸ਼ੀਅਰ ਹਨ, ਜਿਨਾਂ ਦਾ ਵੱਡਾ ਅਸਰ ਵਿਸ਼ਵ ਦੇ ਪੇਂਡੂ ਖਿੱਤੇ ਉੱਤੇ ਪਿਆ ਹੈ। ਅੰਕੜੇ ਗਵਾਹ ਹਨ ਕਿ ਦੁਨੀਆ ਦੇ ਕੁਦਰਤੀ ਜੰਗਲਾਂ ਦਾ ਵਿਨਾਸ਼ ਹੋਇਆ ਹੈ। ਭਾਰਤ ਵਿੱਚ ਇਸ ਸਮੇਂ ਸਿਰਫ਼ 23 ਫ਼ੀਸਦੀ ਜੰਗਲ ਬਚਿਆ ਹੈ, ਬਾਕੀ ਸਭ ਵਿਕਾਸ ਦੀ ਭੇਂਟ ਚੜ ਗਿਆ। ਦੁਨੀਆ ਦੇ ਦੂਸਰੇ ਦੇਸ਼ਾਂ ਵਿੱਚ ਵੀ ਗਿਰਾਵਟ ਆਈ। ਉਦਾਹਰਣ ਵਜੋਂ ਜ਼ਿੰਬਾਬਵੇ ਵਿੱਚ 2011 ਵਿੱਚ 40 ਫ਼ੀਸਦੀ ਭੂਮੀ 'ਤੇ ਜੰਗਲ ਸਨ, ਜੋ ਹੁਣ ਘਟ ਕੇ 36 ਫ਼ੀਸਦੀ ਰਹਿ ਗਏ ਹਨ। ਇਹ ਜੰਗਲ ਹੀ ਹਨ, ਜੋ ਧਰਤੀ ਉੱਤੇ ਪਾਣੀ, ਮਿੱਟੀ ਅਤੇ ਸਾਫ਼-ਸੁਥਰੀ ਹਵਾ ਪੈਦਾ ਕਰਦੇ ਹਨ। ਜੇਕਰ ਪ੍ਰਿਥਵੀ ਉੱਤੇ ਬਦਲਦੇ ਮੌਸਮ ਵਿੱਚ ਤਾਪਮਾਨ ਉੱਤੇ ਕੋਈ ਨਿਯੰਤਰਣ ਰੱਖ ਸਕਦਾ ਹੈ ਤਾਂ ਉਹ ਜੰਗਲ ਹਨ। ਵਿਸ਼ਵ ਵਿੱਚ ਵਧ ਰਹੀ ਵਪਾਰਕ ਬਿਰਤੀ ਇਹਨਾਂ ਨੂੰ ਨਿੱਤ ਖ਼ਾਤਮੇ ਵੱਲ ਲੈ ਕੇ ਜਾ ਰਹੀ ਹੈ। ਇਸ ਦਾ ਅਸਰ ਮੁੱਢਲੇ ਤੌਰ ਉੱਤੇ ਪੇਂਡੂ ਜੀਵਨ ਉੱਪਰ ਪੈ ਰਿਹਾ ਹੈ ਅਤੇ ਪੇਂਡੂ ਲੋਕ, ਜੋ ਕੁਦਰਤੀ ਅਮਲ ਦੇ ਰਾਖੇ ਗਿਣੇ ਜਾਂਦੇ ਹਨ, ਰੋਟੀ-ਰੋਜ਼ੀ ਤੇ ਚੰਗੇ ਜੀਵਨ ਦੀ ਭਾਲ ਵਿੱਚ ਸ਼ਹਿਰਾਂ ਵੱਲ ਭੱਜਣ ਲਈ ਮਜਬੂਰ ਹੋ ਰਹੇ ਹਨ।
ਜੰਗਲਾਂ ਤੋਂ ਬਾਅਦ ਨਦੀਆਂ ਦਾ ਜਿਸ ਢੰਗ ਨਾਲ ਦੁਨੀਆ 'ਚ ਸ਼ਹਿਰੀਕਰਨ ਨੇ ਵਿਨਾਸ਼ ਕੀਤਾ ਹੈ, ਉਸ ਦਾ ਕਾਰਨ ਵੀ ਪਿੰਡਾਂ ਦਾ ਘਟਣਾ ਬਣ ਰਿਹਾ ਹੈ। ਭਾਵੇਂ ਵਿਕਸਤ ਦੇਸ਼ ਅਮਰੀਕਾ ਹੋਵੇ ਜਾਂ ਫਿਰ ਚੀਨ, ਜਾਪਾਨ, ਪਿਛਲੇ ਦੋ ਦਹਾਕਿਆਂ 'ਚ ਸਾਰੇ ਦੇਸ਼ਾਂ ਨੇ ਨਦੀਆਂ ਨੂੰ ਗੁਆਇਆ ਹੈ। ਪਾਣੀ ਦੀ ਮਾਤਰਾ ਅਤੇ ਗੁਣਵਤਾ ਦਾ ਵੱਡਾ ਨੁਕਸਾਨ ਅੱਜ ਦੁਨੀਆ 'ਚ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰਾਂ ਦਾ ਕਚਰਾ, ਕੈਮੀਕਲ ਵਗੈਰਾ ਨਦੀਆਂ ਨੂੰ ਮਾਰਨ ਦਾ ਕਾਰਨ ਬਣ ਰਹੇ ਹਨ। ਗਲੇਸ਼ੀਅਰਾਂ ਦਾ ਪਿਘਲਣਾ ਵੀ ਵਧਦੇ ਸ਼ਹਿਰਾਂ ਦਾ ਸਿੱਟਾ ਹੈ। ਦੁਨੀਆ ਦਾ ਸਭ ਤੋਂ ਵੱਡਾ ਐਨਟਾਰਕਟਿਕਾ ਗਲੇਸ਼ੀਅਰ ਆਪਣਾ ਆਕਾਰ ਗੁਆ ਰਿਹਾ ਹੈ। ਸਾਰੀਆਂ ਥਾਂਵਾਂ ਉੱਤੇ ਧਰਤੀ ਦਾ ਵਧ ਰਿਹਾ ਤਾਪਮਾਨ ਗਲੇਸ਼ੀਅਰਾਂ ਉੱਤੇ ਹਮਲਾ ਹੈ।
ਅਸਲ ਵਿੱਚ ਇਸ ਸਾਰੇ ਬਦਲਾਅ ਦੇ ਪਿੱਛੇ ਸ਼ਹਿਰੀਕਰਨ ਦੀਆਂ ਲੋੜਾਂ ਹਨ। ਵੱਡੇ-ਵੱਡੇ ਮਹੱਲ, ਕੰਕਰੀਟ ਦੀਆਂ ਇਮਾਰਤਾਂ, ਵੱਡੀਆਂ- ਬੋਝਲ ਸੜਕਾਂ ਅਤੇ ਹੋਰ ਬੁਨਿਆਦੀ ਢਾਂਚਾ ਨਿੱਤ ਵਧਦਾ ਹੀ ਵਧਦਾ ਤੁਰਿਆ ਜਾਂਦਾ ਹੈ। ਇਸ ਸਭ ਕੁਝ ਦਾ ਖਮਿਆਜ਼ਾ ਪਿੰਡ ਭੁਗਤ ਰਿਹਾ ਹੈ। ਵਿਕਾਸ ਦੀ ਬਲੀ ਉੱਤੇ ਪਿੰਡ ਚੜ ਰਿਹਾ ਹੈ। ਬਿਜਲੀ ਦੇ ਮੂਲ ਸਰੋਤ ਪਾਣੀ, ਕੋਲਾ, ਸੂਰਜੀ ਸ਼ਕਤੀ, ਜਾਂ ਫਿਰ ਪੈਟਰੋਲ ਹਨ, ਜੋ ਸ਼ਹਿਰੀ ਜ਼ਿੰਦਗੀ ਦੇ ਮੂਲ ਉਤਪਾਦ ਗਿਣੇ ਜਾਂਦੇ ਹਨ। ਇਨਾਂ ਸਾਧਨਾਂ ਨਾਲ ਉਦਯੋਗ ਚੱਲਦਾ ਹੈ। ਇਨਾਂ ਸਾਧਨਾਂ ਨਾਲ ਸ਼ਹਿਰ ਰੌਸ਼ਨ ਹੁੰਦਾ ਹੈ। ਕੀ ਇਹ ਵਿਡੰਬਨਾ ਨਹੀਂ ਹੈ ਕਿ ਦੁਨੀਆ ਦੇ ਦੋ ਅਰਬ ਪੇਂਡੂ ਲੋਕ ਹੁਣ ਵੀ ਬਿਜਲੀ ਤੋਂ ਵਿਰਵੇ ਹਨ? ਸ਼ਹਿਰਾਂ ਵਿੱਚ ਸਾਫ਼ ਪਾਣੀ ਹੈ, ਬਿਜਲੀ ਹੈ, ਉਦਯੋਗ ਹੈ, ਸੁਵਿਧਾਵਾਂ ਹਨ, ਠਾਠ-ਬਾਠ ਹੈ। ਪਿੰਡ ਇਨਾਂ ਸਹੂਲਤਾਂ ਦੀ ਹੇਠਲੀ ਪੱਧਰ ਉੱਤੇ ਬੈਠੇ ਨਰਕੀ ਜੀਵਨ ਭੋਗ ਰਹੇ ਹਨ। ਵਿਕਾਸ ਦਾ ਲਾਭ ਮੁੱਖ ਤੌਰ 'ਤੇ ਸ਼ਹਿਰਾਂ ਨੂੰ ਹੁੰਦਾ ਰਿਹਾ ਹੈ, ਤੇ ਪਿੰਡ ਪ੍ਰਬੰਧਨ ਅਤੇ ਕੌਸ਼ਲ ਵਿਕਾਸ ਦੀ ਅਣਹੋਂਦ ਕਾਰਨ ਕਿਨਾਰੇ 'ਤੇ ਬੈਠਾ ਹੈ। ਸਿੱਟੇ ਵਜੋਂ ਸ਼ਹਿਰ ਦੀ ਜੀ ਡੀ ਪੀ ਵਧੀ ਹੈ, ਪਰ ਪਿੰਡ ਦੀ ਜੀ ਡੀ ਪੀ ਘਟੀ ਹੈ ਜਾਂ ਸਥਿਰ ਹੋ ਕੇ ਰਹਿ ਗਈ ਹੈ। ਇਸ ਸਭ ਕੁਝ ਦੇ ਚੱਲਦਿਆਂ ਸਿਰਫ਼ ਸ਼ਹਿਰਾਂ-ਪਿੰਡਾਂ 'ਚ ਹੀ ਆਪਸੀ ਆਰਥਿਕ ਪਾੜਾ ਨਹੀਂ ਵਧਿਆ, ਸਗੋਂ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਵੀ ਆਰਥਿਕ ਅਸਮਾਨਤਾ ਵਧੀ ਹੈ। ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਗ਼ਰੀਬਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਇਆ ਹੈ।
ਪਿੰਡਾਂ ਦੀ ਇਹੋ ਜਿਹੀ ਸਥਿਤੀ ਸਾਡੇ ਲਈ ਵੱਡੇ ਪ੍ਰਸ਼ਨ ਖੜੇ ਕਰਦੀ ਹੈ। ਕਿਹੋ ਜਿਹਾ ਹੋਵੇਗਾ ਦੁਨੀਆ ਦਾ ਆਉਣ ਵਾਲਾ ਸਮਾਂ? ਜੇਕਰ ਇੰਜ ਹੀ ਸ਼ਹਿਰ ਪ੍ਰਫੁੱਲਤ ਹੁੰਦਾ ਰਿਹਾ ਤੇ ਪਿੰਡ ਕਮਜ਼ੋਰ ਹੁੰਦੇ ਰਹੇ ਤਾਂ ਪਿੰਡ ਖ਼ਾਲੀ ਹੁੰਦੇ ਚਲੇ ਜਾਣਗੇ ਤੇ 2050 ਤੱਕ ਹਾਲਾਤ ਵਿਸਫੋਟਕ ਹੋ ਜਾਣਗੇ। ਇਸ ਦੀ ਸਭ ਤੋਂ ਵੱਡੀ ਮਾਰ ਕੁਦਰਤੀ ਉਤਪਾਦਾਂ ਭੋਜਨ, ਪਾਣੀ, ਹਵਾ, ਮਿੱਟੀ ਉੱਤੇ ਪਵੇਗੀ, ਜੋ ਸਿੱਧੇ ਤੌਰ 'ਤੇ ਪਿੰਡਾਂ ਨਾਲ ਜੁੜੇ ਹੋਏ ਹਨ। ਹਾਲਾਤ ਕਿਹੋ ਜਿਹੇ ਹੋ ਜਾਣਗੇ, ਇਸ ਦੀ ਉਦਾਹਰਣ ਵੈਨਜ਼ੂਏਲਾ ਹੈ। ਇਹ ਦੇਸ਼ ਤੇਲ ਦੇ ਮਾਮਲੇ 'ਚ ਅਮੀਰ ਹੈ। ਇਥੇ ਸਭ ਕੁਝ ਸੀ, ਪਰ ਭੋਜਨ ਦੇ ਲਾਲੇ ਪੈ ਗਏ। ਖ਼ੁਰਾਕੀ ਪਦਾਰਥਾਂ ਦੀ ਕਮੀ ਕਾਰਨ ਖ਼ੁਰਾਕ ਯੁੱਧ ਵਰਗੀ ਸਥਿਤੀ ਪੈਦਾ ਹੋ ਗਈ ਅਤੇ ਸਥਿਤੀ ਭਾਰਤ ਦੇਸ਼ ਵਿੱਚ ਵੀ ਸੁਖਾਵੀਂ ਨਹੀਂ ਕਹੀ ਜਾ ਸਕਦੀ। ਸਾਲ 1951 ਵਿੱਚ ਦੇਸ਼ ਦੀ ਸ਼ਹਿਰੀ ਆਬਾਦੀ 62.4 ਮਿਲੀਅਨ ਸੀ, ਜੋ ਛੇ ਗੁਣਾਂ ਵਧ ਕੇ 2011 ਵਿੱਚ 377 ਮਿਲੀਅਨ ਹੋ ਗਈ, ਜਦੋਂ ਕਿ ਪੇਂਡੂ ਆਬਾਦੀ, ਜੋ 1951 ਵਿੱਚ 298 ਮਿਲੀਅਨ ਸੀ, ਪੌਣੇ ਤਿੰਨ ਗੁਣਾਂ (2.75 ਗੁਣਾਂ) ਹੀ ਵਧੀ ਤੇ 2011 ਵਿੱਚ 833 ਮਿਲੀਅਨ ਹੋਈ। ਭਾਵ ਭਾਰਤ ਵਿੱਚ ਵੀ ਪਿੰਡਾਂ ਵੱਲੋਂ ਸ਼ਹਿਰਾਂ ਵੱਲ ਆਬਾਦੀ ਦਾ ਚਾਲਾ ਲਗਾਤਾਰ ਵਧਿਆ ਹੈ ਕਿਉਂਕਿ ਜੀਵਨ ਨਾਲ ਜੁੜੇ ਹੋਏ ਉਤਪਾਦਾਂ ਦੀ ਪੈਦਾਵਾਰ ਮੁੱਖ ਤੌਰ 'ਤੇ ਪਿੰਡਾਂ ਨਾਲ ਜੁੜੀ ਹੋਈ ਹੈ, ਇਸ ਲਈ ਪੂਰੇ ਵਿਸ਼ਵ ਨੂੰ ਪਿੰਡਾਂ ਦੀ ਤਰੱਕੀ ਪ੍ਰਤੀ ਕੇਂਦਰਤ ਹੋਣਾ ਪਵੇਗਾ। ਨਹੀਂ ਤਾਂ ਵੱਡੀਆਂ ਸ਼ਹਿਰੀ ਸੁਵਿਧਾਵਾਂ ਦੇ ਢੇਰ ਉੱਤੇ ਮਨੁੱਖ ਜਾਤੀ ਦੋ-ਹੱਥੜਾ ਮਾਰ ਕੇ ਰੋਂਦੀ ਨਜ਼ਰ ਆਏਗੀ।
ਮੋਹਨ ਦਾਸ ਕਰਮ ਚੰਦ ਗਾਂਧੀ ਦੇ ਇਹ ਸ਼ਬਦ, 'ਜੇ ਪਿੰਡ ਨਸ਼ਟ ਹੋਣਗੇ ਤਾਂ ਭਾਰਤ ਵੀ ਨਸ਼ਟ ਹੋ ਜਾਏਗਾ। ਪਿੰਡਾਂ ਦਾ ਕਲਿਆਣ ਤਦੇ ਹੋਏਗਾ, ਜੇਕਰ ਇਨਾਂ ਦਾ ਹੋਰ ਸ਼ੋਸ਼ਣ ਨਾ ਹੋਵੇ', ਪੂਰੇ ਵਿਸ਼ਵ ਨੂੰ ਯਾਦ ਰੱਖਣੇ ਹੋਣਗੇ।
-
-
ਗੁਰਮੀਤ ਸਿੰਘ ਪਲਾਹੀ, ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.