- ਫ਼ਿਲਮ 31 ਅਕਤੂਬਰ ਦਾ ਸਵਾਲ : ਕਿੱਥੇ ਹੈ ਇਨਸਾਫ਼ ਦਾ ਤਰਾਜ਼ੂ ... ? .. ਬਲਜੀਤ ਬੱਲੀ
- ਇੱਕ ਫ਼ਿਲਮ ਜੋ ਸਾਹ ਰੋਕ ਕੇ ਦੇਖੀ - ਸਰੀ ਦੇ ਹਾਲੀਵੁੱਡ ਥੀਏਟਰ ਵਿਚ
-
- ਫ਼ੀਚਰ ਫ਼ਿਲਮ ਦੇ ਚੌਖਟੇ ਵਿਚ ਫਿੱਟ ਕੀਤੀ ਗਈ ਦਸਤਾਵੇਜ਼ੀ ਫ਼ਿਲਮ
- ਬੇਲੋੜੀ ਹੈ ਫ਼ਿਲਮ ਦੇ ਅੰਤ ਵਿਚ ਇੱਕ ਵਕੀਲ ਦੀ ਐਂਟਰੀ
-
- ਤਾਰੀਖ਼ 19 ਅਕਤੂਬਰ ,2016 . ਸਥਾਨ ਸਰੀ ਦਾ ਹਾਲੀਵੁੱਡ ਥੀਏਟਰ . ਫ਼ਿਲਮ ਦੇਖ ਕੇ ਥੀਏਟਰ ਵਿਚੋਂ ਆਏ . ਅੱਗੇ ਕੈਮਰਾ ਅਤੇ ਮਾਈਕ ਲਈ ਪ੍ਰਾਈਮ ਏਸ਼ੀਆ ਟੀ ਵੀ ਚੈਨਲ ਦੀ ਐਂਕਰ ਰੂਪ ਖੜ੍ਹੀ ਸੀ . ਇਸ਼ਾਰਾ ਹੋਇਆ ਕਮੈਂਟ ਦੇਣ ਲਈ . ਵਾਸ਼ਰੂਮ ਜਾਂ ਦੇ ਬਹਾਨੇ ਮੈਂ ਟਾਲਣ ਦੀ ਕੋਸ਼ਿਸ਼ ਕੀਤੀ .ਬੋਲਣਾ ਮੁਸ਼ਕਲ ਲੱਗ ਰਿਹਾ ਸੀ . ਮੇਰਾ ਗੱਚ ਭਰਿਆ ਹੋਇਆ ਸੀ . ਫ਼ਿਲਮ ਦੇਖਦਿਆਂ ਨਮ ਹੋਈਆਂ ਅੱਖਾਂ ਅਜੇ ਪੂਰੀ ਤਰ੍ਹਾਂ ਨਹੀਂ ਸਨ ਸੁੱਕੀਆਂ . ਫ਼ਿਲਮ ਵਿਚ ਦਿਖਾਈ ਦਰਦ ਭਰੀ ਦਾਸਤਾਨ ਨੇ ਮਨ ਬੇਹੱਦ ਉਦਾਸ ਕਰ ਦਿੱਤਾ ਸੀ . 32 ਵਰ੍ਹੇ ਪਹਿਲਾਂ ਸਿੱਖ ਕੌਮ ਨਾਲ ਵਾਪਰਿਆ ਭਿਆਨਕ ਦੁਖਾਂਤ ਅੱਖਾਂ ਅੱਗੇ ਘੁੰਮ ਗਿਆ ਸੀ . ਪਰ ਉਸ ਨੇ ਮੈਨੂੰ ਰੋਕਿਆ ਤੇ ਮਾਈਕ ਅੱਗੇ ਕਰ ਦਿੱਤਾ . ਸਵਾਲ ਸੀ ਕਿਹੋ ਜਿਹੀ ਲੱਗੀ ਫ਼ਿਲਮ ? ਜਕੋ-ਤੱਕੀ ਵਿਚ ਮਾਈਕ ਅੱਗੇ ਹੋਇਆ . ਭਰੇ ਮਨ ਨਾਲ ਦੋ ਚਾਰ ਸ਼ਬਦ ਬੋਲ ਦਿੱਤੇ -ਫ਼ਿਲਮ ਅੱਛੀ ਹੈ, ਕੌੜੀ ਸਚਾਈ ਬਿਆਨੀ ਗਈ ਹੈ . ਇਹ ਫ਼ਿਲਮ ਸੀ - 31 ਅਕਤੂਬਰ . ਅਮਨ ਖਟਕੜ ਨੇ ਪ੍ਰੀਮੀਅਰ ਦਾ ਪ੍ਰਬੰਧ ਕੀਤਾ ਸੀ . 1984 ਵਿਚ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੌਰਾਨ ਘਿਰੇ ਇੱਕ ਸਿੱਖ ਪਰਿਵਾਰ ਦੀ ਤ੍ਰਾਸਦੀ ਇਸ ਤਰ੍ਹਾਂ ਪੇਸ਼ ਕੀਤੀ ਗਈ ਕਿ ਸਾਰੀ ਫ਼ਿਲਮ ਲਗਭਗ ਸਾਹ ਰੋਕ ਕੇ ਹੀ ਦੇਖੀ । ਪਰਦੇ 'ਤੇ ਦਿਖਾਈ ਹਕੀਕਤ ਬੇਹੱਦ ਦਿਲ-ਕੰਬਾਊ ਅਤੇ ਹੌਲਨਾਕ ਸੀ ਪਰ ਕਹਾਣੀ ਵਿਚ ਨਾਟਕੀ ਮੋੜ ਐਨੇ ਹਨ ਕਿ ਅੱਖ ਵੀ ਝਮਕਣੀ ਔਖੀ ਲਗਦੀ ਸੀ . ਇਹ ਡਰ ਲਗਦਾ ਰਹਿੰਦੈ ਕਿ ਕਿਤੇ ਕੋਈ ਸੀਨ ਮਿਸ ਨਾ ਹੋ ਜਾਵੇ .ਮੇਰੇ ਨਾਲ ਦੀ ਸੱਜੀ ਸੀਟ 'ਤੇ ਪੰਜਾਬ ਭਵਨ ਕੈਨੇਡਾ ਦੇ ਬਾਨੀ ਸੁੱਖੀ ਬਾਠ ਹੋਰੀਂ ਬੈਠੇ ਸਨ ਅਤੇ ਖੱਬੇ ਪਾਸੇ ਮੇਰੀ ਜੀਵਨ -ਸਾਥਣ ਤ੍ਰਿਪਤਾ ਬੈਠੀ ਸੀ . ਫ਼ਿਲਮ ਇੰਨੀ ਖੁੱਭ ਵੀ ਸੀ, ਸਕਰੀਨ ਤੋ ਧਿਆਨ ਪਾਸੇ ਕਰਨਾ ਇੰਨਾ ਮੁਸ਼ਕਲ ਸੀ ਕਿ ਸਾਰੀ ਫ਼ਿਲਮ ਦੇਖਦਿਆਂ ਆਪਸ ਮਸਾਂ ਇੱਕ ਅੱਧੀ ਗੱਲ ਹੀ ਕਰ ਸਕੇ ,ਉਹ ਅੱਖਾਂ ਵਿਚ ਆ ਰਹੇ ਹੰਝੂਆਂ ਨੂੰ ਟਾਲਣ ਲਈ .ਫ਼ਿਲਮ ਦੇਖਦਿਆਂ , ਬੇਹੱਦ ਦੁੱਖ ਵੀ ਹੁੰਦੈ ਜਜ਼ਬਾਤ ਵੀ ਉੱਛਲਦੇ ਨੇ , ਗ਼ੁੱਸਾ ਵੀ ਆਉਂਦੈ ਅਤੇ ਬੇਬਸੀ ਦਾ ਅਹਿਸਾਸ ਵੀ . ਫ਼ਿਲਮ ਦੇਖਕੇ ਮੈਨੂੰ ਤਾਂ ਇਸ ਭਿਆਨਕ ਕਤਲੇਆਮ ਦੇ ਉਹ ਪੀੜਿਤ ਪਰਿਵਾਰਾਂ ਅਤੇ ਖ਼ਾਸ ਕਰਕੇ ਵਿਧਵਾ ਹੋਈਆਂ ਸਿੱਖ ਬੀਬੀਆਂ ਅਤੇ ਅਨਾਥ ਹੋਏ ਬੱਚਿਆਂ ਦੀਆਂ ਉਹ ਦਰਦ ਭਰੀਆਂ ਕਹਾਣੀਆਂ ਵੀ ਯਾਦ ਆ ਗਈਆਂ ਜਿਨ੍ਹਾਂ ਨੂੰ ਮੈਂ ਅਤੇ ਹੋਰ ਪੱਤਰਕਾਰ ਅਖ਼ਬਾਰੀ ਸਫ਼ਿਆਂ ਲਈ ਕਵਰ ਕਰਦੇ ਰਹੇ .ਉਹ ਸੀਨ ਵੀ ਯਾਦ ਆਏ ਕਿ ਸਾਲਾਂ- ਬੱਧੀ ਟੱਕਰਾਂ ਮਾਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਜਿਸ ਨੇ ਸਿੱਖਾਂ ਦੇ ਮਨਾਂ ਅੰਦਰ ਬੇਗਾਨਗੀ ਦਾ ਅਹਿਸਾਸ ਪੈਦਾ ਕੀਤਾ ਸੀ .
ਅਫ਼ਸੋਸ ਵੀ ਹੁੰਦੈ ਕਿ ਦੁਨੀਆਂ ਦੇ ਵੱਡੇ ਲੋਕ- ਰਾਜੀ ਮੁਲਕਾਂ ਵਿਚੋਂ ਮੰਨੇ ਜਾਂਦੇ ਸਾਡੇ ਮੁਲਕ ਇੰਡੀਆ ਵਿਚ ਸਿੱਖ ਭਾਈ ਚਾਰੇ ਨਾਲ ਅਜਿਹਾ ਵਾਪਰਿਆ ਵੀ ਅਤੇ ਤਿੰਨ ਦਹਾਕਿਆਂ ਬਾਅਦ ਇਨਸਾਫ਼ ਵੀ ਨਹੀਂ ਮਿਲਿਆ . ਮੁਲਕ ਦੇ ਮੱਥੇ ਤੇ ਲੱਗਿਆ ਇਹ ਕਾਲਾ ਕਲੰਕ ਮਿਟਣਾ ਮੁਸ਼ਕਲ ਹੈ .
ਹੈਰੀ ਸਚਦੇਵਾ ਵੱਲੋਂ 2014 ਵਿਚ ਬਣਾਉਣੀ ਸ਼ੁਰੂ ਕੀਤੀ ਗਈ ਇਹ ਪਲੇਠੀ ਫ਼ਿਲਮ ਇੱਕ ਸਿੱਖ ਪਰਿਵਾਰ ਦੀ ਸੱਚੀ ਹੱਡ -ਬੀਤੀ ਤੇ ਆਧਾਰਤ ਹੈ . ਇਹ ਪਰਿਵਾਰ ਭਾਵੇਂ ਖ਼ੁਦ ਬਚ ਜਾਂਦਾ ਹੈ ਪਰ ਇਸ ਪਰਿਵਾਰ ਦੇ ਰਿਸ਼ਤੇਦਾਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕੋਹ ਕੋਹ ਕੇ ਮਾਰ ਦਿੱਤੇ ਜਾਂਦੇ ਨੇ , ਜਿਉਂਦੇ ਹੀ ਤੇਲ ਪਾ ਕੇ ਸਾੜ ਦਿੱਤੇ ਜਾਂਦੇ ਨੇ ਪਰ ਉਹ ਬੇਬਸ ਅਤੇ ਲਾਚਾਰ ਹੁੰਦੇ ਹੋਏ ਕੁਝ ਨਹੀਂ ਕਰ ਸਕਦੇ .
ਇਸ ਲਈ ਇਹ ਦਸਤਾਵੇਜ਼ੀ ਅਤੇ ਫ਼ੀਚਰ ਫ਼ਿਲਮ ਦਾ ਸੁਮੇਲ ਹੈ . ਫ਼ਿਲਮ ਵਿਚ ਇਸ਼ਾਰੇ ਸਪਸ਼ਟ ਨੇ ਕਿ 31 ਅਕਤੂਬਰ , 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪਹਿਲੀ ਅਤੇ ਦੋ ਨਵੰਬਰ ਨੂੰ ਭਾਰਤ ਦੀ ਰਾਜਧਾਨੀ ਵਿਚ ਵਾਪਰਿਆ ਖ਼ੂਨੀ ਕਾਂਡ ਆਪ ਮੂਹਰੇ ਭੜਕੇ ਦੰਗੇ ਨਹੀਂ ਸਨ ਸਗੋਂ ਇਹ ਬਦਲਾ ਲਊ ਭਾਵਨਾ ਨਾਲ ਸਿੱਖਾਂ ਨੂੰ "ਸਬਕ ਸਿਖਾਉਣ " ਦੇ ਮੰਤਵ ਨਾਲ ਕੀਤਾ ਗਿਆ ਇੱਕ ਯੋਜਨਾਬੱਧ ਕਤਲੇਆਮ ਸੀ .ਇਸ ਕਤਲੇਆਮ ਦੇ ਦੇ ਮੋਹਰੀ ਦੋਸ਼ੀ ਮੰਨੇ ਜਾਂਦੇ ਕੁਝ ਕਾਂਗਰਸੀ ਸਿਆਸਤਦਾਨਾਂ ਨਾਲ ਰਲਦੇ-ਮਿਲਦੇ ਦਿਖਾਏ ਚਿਹਰੇ ਵੀ ਇਸੇ ਹਕੀਕਤ ਵੱਲ ਇਸ਼ਾਰਾ ਕਰਦੇ ਨੇ .
ਫ਼ਿਲਮ ਵਿਚ ਤਸਵੀਰ ਦੇ ਦੋਵੇਂ ਪਾਸੇ ਬਾਖ਼ੂਬੀ ਪੇਸ਼ ਕੀਤੇ ਨੇ . ਇੱਕ ਪਾਸੇ ਫ਼ਿਰਕੂ ਨਫ਼ਰਤ ਨਾਲ ਭਰੇ ਜਨੂਨੀ ਮੁਜਰਮਾਨਾ ਟੋਲੇ ਅਤੇ ਲੁਟੇਰੇ ਗਰੋਹ ਕਤਲੋਂ ਗਾਰਦ ਕਰਦੇ , ਸਾੜ ਫ਼ੂਕ ਕਰਦੇ ਅਤੇ ਸਿੱਖ ਪਰਿਵਾਰਾਂ ਦੀ ਲੁੱਟਮਾਰ ਕਰਦੇ ਅਤੇ ਧੀਆਂ -ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਦੇ ਦਿਖਾਏ ਗਏ ਉੱਥੇ ਹਿੰਦੂ ਪਰਿਵਾਰਾਂ ਦੇ ਕੁਝ ਮੈਂਬਰ ਸਿੱਖ ਪਰਿਵਾਰਾਂ ਨੂੰ ਬਚਾਉਂਦੇ ਹੋਏ ਮਾਨਵੀ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੇ ਵੀ ਦਿਖਾਏ ਨੇ . ਫ਼ਿਲਮ ਵਿਚ ਦਿਖਾਏ ਗਏ ਸਿੱਖ ਪਰਿਵਾਰ ਨੂੰ ਵੀ ਬਚਾਉਣ ਵਾਲੇ ਤਿੰਨ ਹਿੰਦੂ ਸ਼ਖ਼ਸ ਸਨ . ਆਪਣੀ ਜਾਨ ਜੋਖ਼ਮ ਵਿਚ ਪਾ ਕੇ ਉਸ ਪਰਿਵਾਰ ਨੂੰ ਬਚਾਉਂਦੇ ਹੋਏ ਉਨ੍ਹਾਂ ਤਿੰਨਾਂ ਵਿਚੋਂ ਇੱਕ ਨੇ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ . ਕਤਲੇਆਮ ਦੌਰਾਨ ਦਿੱਲੀ ਪੁਲਿਸ ਨੇ ਕਿਵੇਂ ਕਾਤਲ ਟੋਲੀਆਂ ਨੂੰ ਰੋਕਣ ਦੀ ਥਾਂ ਉਨ੍ਹਾਂ ਨੂੰ ਹਵਾ ਦਿੱਤੀ .
ਹੈਰੀ ਸਚਦੇਵਾ , ਫ਼ਿਲਮ ਦੇ ਡਾਇਰੈਕਟਰ ਸ਼ਿਵਾਜੀ ਲੋਟਣ ਪਾਟਿਲ ਅਤੇ ਅਤੇ ਸਾਰੀ ਪ੍ਰੋਡਕਸ਼ਨ ਟੀਮ ਇਸ ਗੱਲੋਂ ਵਧਾਈ ਕਿ ਹਿੰਦੀ ਫ਼ਿਲਮ ਹੁੰਦੇ ਹੋਏ ਹੋਏ ਵੀ ਪੰਜਾਬੀ ਅਤੇ ਸਿੱਖ ਪਾਤਰਾਂ ਦੀ ਵੇਸ-ਭੂਸ਼ਾ ਅਤੇ ਰਾਹੀਂ-ਸਹਿਣ ਬਹੁਤ ਸੁਭਾਵਕ ਢੰਗ ਨਾਲ ਪੇਸ਼ ਕੀਤਾ ਗਿਆ ਹੈ . ਆਪੋ ਆਪਣੀ ਜਗਾ ਲਗਭਗ ਸਾਰੇ ਐਕਟਰਾਂ ਨੇ ਢੁਕਵੀਂ ਅਦਾਕਾਰੀ ਦਿਖਾਈ ਹੈ . ਦੇਵਿੰਦਰ ਦਾ ਰੋਲ ਵੀਰ ਦਾਸ ਨੇ ਚੰਗਾ ਨਿਭਾਇਆ ਹੈ ਪਰ ਤੇਜਿੰਦਰ ਕੌਰ ਦੇ ਰੋਲ ਵਿਚ ਸੋਹਾ ਅਲੀ ਖਾਨ ਨੇ ਬਹੁਤ ਹੀ ਵਧੀਆ ਰੋਲ ਕੀਤਾ ਹੈ .
ਫ਼ਿਲਮ ਦੇ ਅਖੀਰ ਵਿਚ ਐਡਵੋਕੇਟ ਐਚ ਐਸ ਫੂਲਕਾ ਨੂੰ ਲਿਆਕੇ ਉਸਦੇ ਮੂੰਹੋਂ ਇਸ ਕਤਲੇਆਮ ਦੇ ਇਨਸਾਫ਼ ਬਾਰੇ ਕਹਾਏ ਸ਼ਬਦ ਵਾਲਾ ਸੀਨ ਬਿਲਕੁਲ ਬੇਲੋੜਾ ਸੀ .ਫ਼ਿਲਮ ਦਾ ਅੰਤ ਫ਼ਿਲਮ ਕਲਾ ਤੋਂ ਸੱਖਣਾ ਸੀ . 30 ਸਾਲ ਦੇ ਵਕਫ਼ੇ ਬਾਅਦ ਜਦੋਂ ਸੋਹਾ ਅਲੀ ਖਾਨ ਅਤੇ ਉਸਦੇ ਪਤੀ ਬਣੇ ਬਜ਼ੁਰਗ ਦੇ ਵਾਰਤਾਲਾਪ ਤੋਂ ਬਾਅਦ ਦਿਖਾਏ ਟੈਕਸਟ ਤੇ ਫ਼ਿਲਮ ਖ਼ਤਮ ਹੋ ਜਾਣੀ ਚਾਹੀਦੀ ਸੀ .ਉਥੋਂ ਉਹ ਸਭ ਕੁਝ ਕਨਵੇ ਹੋ ਚੁੱਕਾ ਸੀ ਜੋ ਹੈਰੀ ਸਚਦੇਵਾ ਕਹਿਣਾ ਅਤੇ ਦਿਖਾਉਣਾ ਚਾਹੁੰਦੇ ਸਨ .ਫੂਲਕਾ ਨੂੰ ਲਿਆ ਕੇ ਬੇਕਿਰਕੀ ਕਰਨ ਦੀ ਲੋੜ ਨਹੀਂ ਸੀ .
ਫਿਰ ਵੀ ਕੁਲ ਮਿਲਾਕੇ ਇਹ ਫ਼ਿਲਮ ਇੱਕ ਦੇਖਣਯੋਗ ਫ਼ਿਲਮ ਹੈ . ਹੈਰੀ ਸਚਦੇਵਾ ਨੂੰ ਸ਼ਾਬਾਸ਼ ਹੀ ਦੇਣੀ ਬਣਦੀ ਹੈ .
20 ਅਕਤੂਬਰ , 2016
-
-
ਬਲਜੀਤ ਬੱਲੀ, ਸੰਪਾਦਕ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.