ਜਗਰੂਪ ਬਰਾੜ ਅਤੇ ਸਾਰੇ ਬਰਾੜ ਪਰਿਵਾਰ ਨੂੰ ਮੁਬਾਰਕਾਂ ਅਤੇ ਸ਼ੁੱਭ -ਇੱਛਾਵਾਂ
ਨਵੰਬਰ 2016 ਵਿਚ ਕੈਨੇਡਾ ਦੀ ਫੇਰੀ ਸਮੇਂ ਸਰੀ ਸ਼ਹਿਰ ਵਿਚ ਮੇਰੇ ਪਰਿਵਾਰਿਕ ਮਿੱਤਰ ਜਗਰੂਪ ਬਰਾੜ ਦਾ ਫ਼ੰਡ ਰੇਜ਼ਿੰਗ ਡਿਨਰ ਸੀ . ਉਸਨੇ ਮੈਨੂੰ ਅਤੇ ਮੇਰੀ ਬੀਵੀ ਤ੍ਰਿਪਤਾ ਨੂੰ ਵੀ ਤਾਕੀਦ ਕੀਤੀ ਸੀ ਅਸੀਂ ਜ਼ਰੂਰ ਪੁੱਜੀਏ . ਅਸੀਂ ਡਿਨਰ ਵਿਚ ਸ਼ਾਮਲ ਹੋਏ . ਮੈਂ ਪਹਿਲੀ ਵਾਰ ਕੈਨੇਡਾ ਦੇ ਕਿਸੇ ਸਿਆਸਤਦਾਨ ਦਾ ਫ਼ੰਡ ਰੇਜ਼ਿੰਗ ਡਿਨਰ ਦੇਖਿਆ ਸੀ . ਵੱਖਰੀ ਕਿਸਮ ਦਾ ਤਜਰਬਾ ਸੀ . ਅਸੀਂ ਜਗਰੂਪ ਦੇ ਖ਼ਾਸ ਮਹਿਮਾਨ ਸਾਂ . ਸਾਡੀ ਸੀਟ ਐਨ ਡੀ ਪੀ ਦੇ ਬੀ ਸੀ ਲੀਡਰ ਹੋਰਗਨ ਦੇ ਟੇਬਲ ਤੇ ਹੀ ਲਾਈ ਗਈ ਸੀ . ਹੋਰਗਨ ਨਾਲ ਮਿਲਣ ਦਾ ਮੌਕਾ ਵੀ ਮਿਲਿਆ , ਕੁੱਝ ਗੱਪ-ਸ਼ੱਪ ਵੀ ਹੋਈ . ਮੰਚ ਤੋਂ ਭਾਸ਼ਣ ਵੀ ਹੋਏ ਅਤੇ ਖਾਣ-ਪੀਣ ਤਾਂ ਹੋਣਾ ਹੀ ਸੀ . ਲੱਗਭੱਗ 400 ਦੇ ਕਰੀਬ ਜਗਰੂਪ ਸਮਰਥਕ ਇਸ ਡਿਨਰ ਵਿਚ ਸ਼ਾਮਲ ਸਨ .
ਅਚਾਨਕ ਮੰਚ ਤੋਂ ਮੇਰੇ ਨਾਂ ਜ਼ਿਕਰ ਹੋਇਆ . ਮੇਰੀ ਜਾਨ - ਪਛਾਣ ਜਗਰੂਪ ਬਰਾੜ ਦਾ ਖ਼ਾਸ ਮਿੱਤਰ ਅਤੇ ਖ਼ਾਸ ਮਹਿਮਾਨ ਕਹਿਕੇ ਕਰਾਈ ਗਈ . ਨਾਲ ਹੀ ਉਸ ਨੇ ਮੈਨੂੰ ਕੁੱਝ ਸ਼ਬਦ ਕਹਿਣ ਲਈ ਸਟੇਜ 'ਤੇ ਵੀ ਵਾਜ ਮਾਰ ਲਈ .ਹਾਲਾਂ ਕਿ ਉਦੋਂ ਤੱਕ ਕਾਫ਼ੀ ਲੋਕ ਉੱਠ ਕੇ ਖਾਣਪੀਣ ਵਿਚ ਰੁੱਝ ਗਏ ਸਨ .
ਮਜਬੂਰੀ ਸੀ . ਕੁੱਝ ਬੋਲਣਾ ਪੈਣਾ ਸੀ . ਮੈਂ ਝਕਦਾ ਜਿਹਾ ਸਟੇਜ ਤੇ ਗਿਆ . ਮੈਂ ਸਿਰਫ਼ ਦੋ -ਤਿੰਨ ਫ਼ਿਕਰੇ ਹੀ ਕਹੇ . ਮੈਂ ਕਿਹਾ ਕਿ ਮੈਂ ਕਿਸੇ ਪਾਰਟੀ ਪਾਲਿਟਿਕਸ ਵਿਚ ਸ਼ਾਮਲ ਨਹੀਂ . ਕੈਨੇਡਾ ਦੀਆਂ ਸਾਰੀਆਂ ਪਾਰਟੀਆਂ ਵਿਚ ਹੀ ਮੇਰੇ ਦੋਸਤ -ਮਿੱਤਰ ਨੇ ਪਰ ਜਿੰਨਾ ਕੁ ਜਗਰੂਪ ਨੂੰ ਮੈਂ ਜਾਣਦਾ ਹਾਂ ,ਉਹ ਅਸਲ ਮਾਹਣੇ ਵਿਚ ਲੋਕ-ਸੇਵਕ ਹੈ . ਉਹ ਇੱਕ ਸੁਲਝਿਆ ਹੋਇਆ , ਤਰਕਸ਼ੀਲ ਸਿਆਸਤਦਾਨ ਹੈ ,ਇੱਕ ਨੇਕ ਦਿਲ ਅਤੇ ਦਿਆਨਤਦਾਰ ਇਨਸਾਨ ਹੈ . ਜੇਕਰ ਮੇਰੀ ਵੋਟ ਕੈਨੇਡਾ ਵਿਚ ਹੁੰਦੀ ਤਾਂ ਮੈਂ ਹਰ ਹਾਲਤ ਵਿਚ ਆਪਣੀ ਵੋਟ ਜਗਰੂਪ ਦੇ ਹੱਕ ਵਿਚ ਪਾਉਂਦਾ . ਹਾਲ ਵਿਚ ਬਹੁਤ ਤਾੜੀਆਂ ਵੱਜੀਆਂ .
ਵੋਟ ਤਾਂ ਮੈਂ ਨਹੀਂ ਪਾ ਸਕਦਾ ਸੀ ਅਤੇ ਨਾ ਹੀ ਮੈਂ ਬੀ ਸੀ ਅਸੈਂਬਲੀ ਦੀਆਂ 9 ਮਈ ਨੂੰ ਹੋਈਆਂ ਚੋਣਾਂ ਵੇਲੇ ਉੱਥੇ ਸੀ ਪਰ ਮੇਰੀਆਂ ਸ਼ੁੱਭ-ਇੱਛਾਵਾਂ ਉਸਦੇ ਨਾਲ ਸਨ .
ਅੱਜ ਮੈਂ ਬਹੁਤ ਖ਼ੁਸ਼ ਹਾਂ ਕਿ ਸਾਡਾ ਦੋਸਤ ਜਗਰੂਪ ਬਰਾੜ ਸਰੀ -ਫਲੀਟ ਵੁੱਡ ਚੋਣ ਜਿੱਤ ਕੇ ਤੀਜੀ ਵਾਰ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ ਹੈ . ਉਸ ਨੇ ਬਹੁਤ ਵੱਡੇ ਫ਼ਰਕ ਨਾਲ ਲਿਬਰਲ ਪਾਰਟੀ ਉਮੀਦਵਾਰ ਅਤੇ ਇੱਕ ਤਕੜੇ ਮੌਜੂਦਾ ਵਜ਼ੀਰ ਨੂੰ ਹਰਾਇਆ ਹੈ .
ਉਸ ਦੀ ਇਸ ਜਿੱਤ ਵਿਚ ਸਾਰੇ ਬਰਾੜ ਪਰਿਵਾਰ ਅਤੇ ਖ਼ਾਸ ਕਰ ਕੇ ਪਤਨੀ ਰਾਜਵੰਤ ਕੌਰ ਦਾ ਬਹੁਤ ਯੋਗਦਾਨ ਹੈ . ਜਗਰੂਪ ਬਰਾੜ , ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੇ ਦਿਉਣ ਪਿੰਡ ਦੇ ਰੇਤ ਵਾਲੇ ਟਿੱਬਿਆਂ ਦਾ ਜੰਮਪਲ ਹੈ . ਉਸਦੇ ਬਚਪਨ ਵੇਲੇ ਬਠਿੰਡੇ ਦੇ ਰੇਤਲੇ ਟਿੱਬੇ ਮਸ਼ਹੂਰ ਸਨ।
ਜਗਰੂਪ ਬਰਾੜ , ਉਸ ਦੇ ਭਰਾ ਜਸਵੰਤ ਬਰਾੜ ਅਤੇ ਸਾਰੇ ਪਰਿਵਾਰ ਨਾਲ ਲਗਭਗ 40 ਸਾਲ ਦੀ ਲੰਮੀ ਸਾਂਝ ਹੈ . ਜਦੋਂ ਵੀ ਮਿਲਦੇ ਹਾਂ , ਬਹੁਤ ਅਨੰਦ ਮਹਿਸੂਸ ਹੁੰਦਾ ਹੈ . ਜਗਰੂਪ ਅਤੇ ਮੈਂ ਜਦੋਂ ਮਹੀਨਿਆਂ ਅਤੇ ਕਈ ਵਾਰ ਸਾਲਾਂ ਬੱਧੀ ਦੂਰ ਰਹਿੰਦੇ ਹੋਏ ਵੀ ਦੂਰ ਨਹੀਂ ਹੁੰਦੇ . ਕਨੇਡਾ ਵਿਚ ਜਾਂ ਇੰਡੀਆ ਵਿਚ ,ਜਦੋਂ ਵੀ ਮਿਲੀਏ ਘੰਟਿਆਂ ਬੱਧੀ -ਦੁਨੀਆ ਭਰ ਦੀ ਵਿਚਾਰ -ਚਰਚਾ ਅਤੇ ਗੱਪ-ਸ਼ੱਪ ਕਰਦੇ ਥੱਕਦੇ ਨਹੀਂ .
ਇੱਕ ਹੋਰ ਗੱਲ ਜਿਸ ਲਈ ਮੈਂ ਜਗਰੂਪ ਦਾ ਸ਼ੁਕਗੁਜ਼ਾਰ ਵੀ ਹਾਂ . ਕੈਨੇਡਾ ਵਿਚ ਪੰਜਾਬ ਭਵਨ ਕਾਇਮ ਕਰਨ ਵਾਲੀ , ਪੰਜਾਬੀਅਤ ਦੀ ਮੁਦਈ ਬਹੁ-ਪੱਖੀ ਹਸਤੀ ਸੁਖੀ ਬਾਠ ਨਾਲ ਮੇਰਾ ਮੇਲ ਵੀ ਜਗਰੂਪ ਬਰਾੜ ਨੇ ਹੀ ਕਰਾਇਆ ਸੀ .
ਮੈਂ ਅਤੇ ਸਾਡਾ ਪਰਿਵਾਰ ਜਗਰੂਪ , ਰਾਜਵੰਤ ਉਨ੍ਹਾਂ ਦੀ ਧੀ ਨੂਰ ਅਤੇ ਬੇਟੇ ਅਰਜਨ ਨੂੰ ਬਹੁਤ ਮੁਬਾਰਕਬਾਦ ਦਿੰਦੇ ਹਾਂ ਅਤੇ ਜਗਰੂਪ ਦੀ ਨਵੀਂ ਜ਼ਿੰਮੇਵਾਰੀ ਦੀ ਸਫਲਤਾ ਲਈ ਲਈ ਸ਼ੁੱਭ ਇੱਛਾਵਾਂ ਭੇਜਦੇ ਹਾਂ .
ਬਲਜੀਤ ਬੱਲੀ-ਤ੍ਰਿਪਤਾ ਕੰਧਾਰੀ
May 10, 2017
-
-
ਬਲਜੀਤ ਬੱਲੀ, ਸੰਪਾਦਕ , ਬਾਬੂਸ਼ਾਹੀ ਡਾਟ ਕਾਮ ਅਤੇ ਬਾਬੂਸ਼ਾਹੀ ਟੀ ਵੀ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.