ਤਿਰਛੀ ਨਜ਼ਰ : 11-09-2016
ਕੀ ਚੌਥਾ ਚੋਣ ਫਰੰਟ ਬਦਲ ਸਕੇਗਾ ਪੰਜਾਬ ਦੀ ਸਿਆਸੀ ਕਿਸਮਤ .. ?
ਨਵਜੋਤ ਸਿੱਧੂ ਦੀ ਬੀ ਜੇ ਪੀ ਨਾਲ ਜੁੜੀ ਤਾਰ ਨੇ ਖੜ੍ਹੇ ਕੀਤੇ ਕਈ ਸਵਾਲ ਅਤੇ ਸ਼ੰਕੇ
ਆਵਾਜ਼-ਏ-ਪੰਜਾਬ ਦੇ ਐਲਾਨ ਰਾਹੀਂ ਇੱਕ ਹੋਰ ਬੁਝਾਰਤ ਪਾ ਗਏ ਨਵਜੋਤ ਸਿੱਧੂ
ਪੰਜਾਬ ਵਿਚ ਕੇਜਰੀਵਾਲ ਖ਼ਿਲਾਫ਼ ਖੁੱਲ੍ਹਿਆ ਨਵਾਂ ਮੋਰਚਾ
ਕੀ ਪਰਦੇ ਪਿੱਛੇ ਕੋਈ ਹੋਰ ਡੂੰਘੀ ਖੇਡ ਤਾਂ ਨਹੀਂ ਖੇਡੀ ਜਾ ਰਹੀ ?
ਜਿਸ ਦਿਨ ਫੇਸ ਬੁੱਕ ਤੇ ਇੱਕ ਪੋਸਟਰ ਪਾ ਕੇ ਨਵਜੋਤ ਸਿੱਧੂ , ਪਰਗਟ ਸਿੰਘ ਅਤੇ ਬੈਂਸ ਭਰਾਵਾਂ ਵੱਲੋਂ ਆਵਾਜ਼- ਏ ਪੰਜਾਬ ਨਾਮੀ ਨਵੇਂ ਫ਼ਰੰਟ ਦੀ ਤਜਵੀਜ਼ ਸਾਹਮਣੇ ਲਿਆਂਦੀ ਗਈ ਸੀ , ਬਾਬੂ ਸ਼ਾਹੀ ਡਾਟ ਕਾਮ ਵਿਚ ਪੋਸਟ ਕੀਤੀ ਖ਼ਬਰ ਦਾ ਸਿਰਲੇਖ ਇਹ ਸੀ " ਨਵਜੋਤ ਸਿੱਧੂ ਦੇ ਨਵੇਂ ਫ਼ਰੰਟ ਨੇ ਪੰਜਾਬ ਦੀ ਰਾਜਨੀਤੀ ਵਿਚ ਘਚੋਲਾ ਹੋਰ ਵਧਾਇਆ " ਕਿਉਂਕਿ ਇਸ ਫ਼ਰੰਟ ਦਾ ਕੋਈ ਸਪਸ਼ਟ ਸਰੂਪ ਸਾਹਮਣੇ ਨਹੀਂ ਸੀ ਆਇਆ . ਲੋਕਾਂ ਨੂੰ ਇਹ ਉਮੀਦ ਸੀ ਅਗਲੇ ਦਿਨਾਂ ਵਿਚ ਨਵਜੋਤ ਸਿੱਧੂ ਅਤੇ ਉਨ੍ਹ ਦੇ ਸਾਥੀ ਆਪਣੀ ਇਸ ਨਵੀਂ ਪਹਿਲਕਦਮੀ ਦਾ ਬਿਉਰਾ ਵੀ ਦੇਣਗੇ ਅਤੇ ਇਸ ਦਾ ਮੂੰਹ -ਮੁਹਾਂਦਰਾ ਪੇਸ਼ ਕਰਨਗੇ . ਬਹੁਤ ਸਾਰੇ ਜੁੜੇ ਸਵਾਲਾਂ ਦੇ ਜਵਾਬ ਦੇਣਗੇ ਪਰ 8 ਸਤੰਬਰ ,2016 ਨੂੰ ਚੰਡੀਗੜ੍ਹ ਵਿਚ ਨਵਜੋਤ ਸਿੱਧੂ ਨੇ ਜਦੋਂ ਪ੍ਰੈੱਸ ਕਾਨਫ਼ਰੰਸ ਕੀਤੀ ਤਾਂ ਉਨ੍ਹਾਂ ਕੁਝ ਮੁੱਦਿਆਂ ਨਾਮ ਜੁੜੇ ਸਵਾਲਾਂ ਦੇ ਜਵਾਬ ਵੀ ਦਿੱਤੇ ਪਰ ਨਾਲ ਹੀ ਕਈ ਹੋਰ ਬੁਝਾਰਤਾਂ ਵੀ ਪੀ ਦਿੱਤੀਆਂ . ਸਗੋਂ ਇਸ ਨਵੇਂ ਫ਼ਰੰਟ ਅਤੇ ਇਸ ਪਿੱਛੇ ਕੰਮ ਕਰਦੀ ਸੋਚ ਬਾਰੇ ਕਈ ਨਵੇਂ ਸਵਾਲ ਅਤੇ ਸ਼ੰਕੇ ਖੜ੍ਹੇ ਕਰ ਦਿੱਤੇ .
ਨਵਜੋਤ ਨੇ ਬਾਦਲ ਪਰਿਵਾਰ ਤੇ ਤਿੱਖੇ ਹਮਲੇ ਕੀਤੇ . ਪੰਜਾਬ ਵਿਚ ਇੱਕੋ ਪਰਿਵਾਰ ਦੇ ਡੰਡੇ ਦੇ ਰਾਜ ਅਤੇ ਲੁੱਟ -ਖਸੁੱਟ ਦੇ ਦੋਸ਼ ਲਾਏ ,ਬਾਦਲ ਪਰਿਵਾਰ ਦੇ ਵਪਾਰ -ਕਾਰੋਬਾਰ ਨੂੰ ਵੀ ਸਟੇਟ ਦੀ ਲੁੱਟ ਦਾ ਪ੍ਰਤੀਕ ਦੱਸਿਆ . ਬਾਦਲ ਦੀ ਤੁਲਨਾ ਧਿਰ ਰਾਸ਼ਟਰ ਨਾਲ ਵੀ ਕੀਤੀ . ਪਿਛਲੇ 10 ਸਾਲਾਂ ਦੀ ਬਾਦਲ ਹਕੂਮਤ ਨੂੰ ਦੂਰ ਰਾਜ ਵੀ ਕਰਾਰ ਦਿੱਤਾ .
ਫੇਰ ਨਵਜੋਤ ਨੇ ਮੱਠਾ ਜਿਹਾ ਹਮਲਾ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਤੇ ਕੀਤਾ . ਉਨ੍ਹਾਂ ਕਿਹਾ ਕਿ ਅਮਰਿੰਦਰ ਅਤੇ ਬਾਦਲ ਫਰੈਂਡਲੀ ਮੈਚ ਖੇਡ ਰਹੇ ਨੇ .ਉਹ ਦੋਵੇਂ ਲੜਾਈ ਦੇ ਨਾਟਕ ਕਰਦੇ ਨੇ .
ਇਹ ਵੀ ਖ਼ੁਲਾਸਾ ਕੀਤਾ ਕਿ ਕੈਪਟਨ ਨੇ ਬਹੁਤ ਸਾਰੇ ਬੰਦੇ ਉਨ੍ਹਾਂ ਕੋਲ ਭੇਜੇ ਪਰ ਉਨ੍ਹਾਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ .
ਫੇਰ ਜਦੋਂ ਵਾਰੀ ਆਈ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੀ ਤਾਂ ਨਵਜੋਤ ਸਿੱਧੂ ਨੇ ਸਭ ਤੋਂ ਵੱਧ ਤੇਜ਼ ਧਾਰ ਅਤੇ ਜ਼ਹਿਰ ਲੱਗੇ ਤੀਰ ਵਰਗੇ ਘਾਤਕ ਹਮਲੇ ਦਾ ਨਿਸ਼ਾਨਾ ਕੇਜਰੀਵਾਲ ਨੂੰ ਹੀ ਬਣਾਇਆ .ਕੇਜਰੀਵਾਲ ਦੀ ਪਾਰਟੀ ਨੂੰ ਈਸਟ ਇੰਡੀਆ ਕੰਪਨੀ ਨਾਲ ਤੁਲਨਾ ਕੀਤੀ ਤੇ ਕਿਹਾ ਕਿ ਉਹ ਵੀ ਪੰਜਾਬ ਦੀ ਲੁੱਟ ਕਰਨਾ ਚਾਹੁੰਦੇ ਨੇ .ਕਿਹਾ ਆਪ ਵਿਚ ਸਿਰੇ ਦੀ ਅਨਾਰਕੀ ਹੈ , ਲੋਕ ਤੰਤਰ ਦੇ ਚੌਗੇ ਹੇਠ ਤਿੰਨ ਬੰਦੇ ਹੀ 1.50 ਕਰੋੜ ਲੋਕਾਂ ਤੇ ਰਾਜ ਕਰਨਾ ਚਾਹੁੰਦੇ ਨੇ .
ਆਪਣੀ ਪਾਰਟੀ ਬੀ ਜੇ ਪੀ ਬਾਰੇ ਨਵਜੋਤ ਸਿੱਧੂ ਨੇ ਉਮੀਦ ਤੋਂ ਉਲਟ ਨਰਮ ਅਤੇ ਪੋਲਾ ਵਤੀਰਾ ਅਪਣਾਇਆ .ਇਸ ਪਾਰਟੀ ਦੀ ਲੀਡਰਸ਼ਿਪ ਦੀ ਨੁਕਤਾਚੀਨੀ ਕਰਨ ਵੇਲੇ ਉਸਦਾ ਲਹਿਜ਼ਾ ਉਲਾਂਭੇ ਵਾਲਾ ਹੀ ਰਿਹਾ . ਹੈਰਾਨੀ ਜਨਕ ਗੱਲ ਇਹ ਹੈ ਕਿ ਉਹ ਵਾਰ- ਵਾਰ ਬੀ ਜੇ ਪੀ ਨੂੰ " ਮੇਰੀ ਆਪਣੀ ਪਾਰਟੀ " ਕਹਿ ਕੇ ਹੀ ਸੰਬੋਧਨ ਕਰਦੇ ਰਹੇ .ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਸਿੱਧੂ ਨੇ ਟੇਢੇ ਢੰਗ ਨਾਲ ਇਹ ਵੀ ਮੰਨ ਲਿਆ ਕਿ ਅਜੇ ਬੀ ਜੇ ਪੀ ਦੀ ਮੈਂਬਰਸ਼ਿਪ ਤੋਂ ਉਸਨੇ ਅਸਤੀਫ਼ਾ ਨਹੀਂ ਦਿੱਤਾ . ਨਵਜੋਤ ਸਿੱਧੂ ਵੱਲੋਂ ਐਲਾਨੇ ਆਵਾਜ਼-ਏ-ਪੰਜਾਬ ਫਰੰਟ ਬਾਰੇ , ਪੰਜਾਬ ਬੀ ਜੇ ਪੀ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਦੀ ਜ਼ੀ ਟੀ ਵੀ 'ਤੇ ਕੀਤੀ ਟਿੱਪਣੀ ਸਵਾਗਤੀ ਲਹਿਜ਼ੇ ਵਾਲੀ ਸੀ .
ਇਹ ਵੀ ਸਬੱਬ ਸੀ ਕਿ ਜਿਸ ਵੇਲੇ ਨਵਜੋਤ ਸਿੱਧੂ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪਰਗਟ ਅਤੇ ਬੈਂਸ ਭਰਾਵਾਂ ਨਾਲ ਮਿਲਕੇ ਇਸ ਫੋਰਮ ਦਾ ਐਲਾਨ ਕਰ ਰਿਹਾ ਸੀ , ਐਨ ਉਸੇ ਵੇਲੇ ,ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ , ਅਕਾਲੀ-ਬੀ ਜੇ ਪੀ ਵਿਧਾਨ ਪਾਰਟੀ ( ਲੈਜਿਸਲੈਟਿਵ ਪਾਰਟੀ ) ਦੀ ਮੀਟਿੰਗ ਵਿਚ ਬਿਲਕੁਲ ਇੱਕ ਸਾਊ ਐਮ ਐਲ ਏ ਵਜੋਂ ਹਿੱਸਾ ਲੈ ਰਹੇ ਸਨ . ਇਹ ਮੀਟਿੰਗ ਵਿਧਾਨ ਸਭਾ ਕੰਪਲੈਕਸ ਵਿਚ ਹੋ ਰਹੀ ਸੀ ਅਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਇਸ ਦੀ ਪ੍ਰਧਾਨਗੀ ਕਰ ਰਹੇ ਸਨ . ਉਂਜ ਵੀ ਨਵਜੋਤ ਕੌਰ ਸਿੱਧੂ ਪਿਛਲੇ ਦਿਨਾਂ ਤੋਂ ਘੱਟ ਹੀ ਬੋਲ ਰਹੇ ਨੇ. .
ਸ਼ੈਰੀ ਦੀ ਰਵਾਇਤੀ ਸ਼ਾਇਰੋ- ਸ਼ਹਿਰੀ ਨਾਲ ਰੌਚਿਕ ਹੋਈ ਨਵਜੋਤ ਸਿੱਧੂ ਦੀ ਸਮੁੱਚੀ ਪ੍ਰੈੱਸ ਕਾਨਫ਼ਰੰਸ ਦਾ ਜੇਕਰ ਸਮੁੱਚਾ ਜਾਇਜ਼ਾ ਲਈਏ ਤਾਂ ਉਸ ਨੇ 50 ਫ਼ੀ ਸਦਾ ਸਮਾਂ ਅਕਾਲੀ ਦਲ , ਬਾਦਲ ਪਰਿਵਾਰ , ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਬੀ ਜੇ ਪੀ ਤੇ ਲਾਇਆ ਜਦੋਂ ਕਿ ਬਾਕੀ 50 ਫ਼ੀਸਦੀ ਕੇਜਰੀਵਾਲ ਨੂੰ ਰਗੜੇ ਲਾਉਣ ਦੇ ਲੇਖੇ ਹੀ ਲਾਇਆ . ਭਾਰਤ ਵਿਚ ਸਿੱਧੂ ਦੀ ਪੀ ਸੀ ਤੋਂ ਜੇਕਰ ਕੋਈ ਨੇਤਾ ਸਭ ਤੋਂ ਵੱਧ ਖ਼ੁਸ਼ ਹੋਇਆ ਹੋਣਾ ਹੈ ਤਾਂ ਪ੍ਰਧਾਨ ਮੋਦੀ ਜੀ ਹੋਣਗੇ .
ਟੀ ਵੀ , ਅਖ਼ਬਾਰਾਂ ਅਤੇ ਆਉਣ ਲਾਈਨ ਮੀਡੀਆ ਤੋਂ ਸਿੱਧੂ ਦੇ ਵਿਚਾਰ ਜਾਨਣ ਤੋਂ ਬਾਅਦ ਮੇਰੇ ਇਕ ਕਾਰੋਬਾਰੀ ਦੋਸਤ ਦਾ ਫ਼ੋਨ ਆਇਆ . ਉਹ ਮੈਨੂੰ ਪੁੱਛਣ ਲੱਗਾ ਕਿ ਸਿੱਧੂ ਦੇ ਫਰੰਟ ਦਾ ਕੀ ਬਣੇਗਾ ? ਮੈਂ ਉਸਨੂੰ ਕਿਹਾ ਕਿ ਪਹਿਲਾਂ ਉਹ ਦੱਸੇ ਤਾਂ ਉਸ ਦਾ ਜਵਾਬ ਬਹੁਤ ਅਜੀਬ ਸੀ, " ਮੈਨੂੰ ਤਾਂ ਐਂ ਲਗਦੈ ਜਿਵੇਂ ਮਹਾਸ਼ਿਆਂ ਨੇ ਭੇਜਿਆ ਹੋਏ ਸਿੱਧੂ " . ਮਹਾਸ਼ਿਆਂ ਤੋਂ ਉਸਦਾ ਭਾਵ ਆਰ ਐਸ ਐਸ ਤੋਂ ਸੀ .
ਅਜਿਹੇ ਸਾਲ ਖੜ੍ਹੇ ਹੋਣੇ ਲਾਜ਼ਮੀ ਨੇ . ਇਹ ਠੀਕ ਹੈ ਕਿ ਨਵਜੋਤ ਸਿੱਧੂ ਸੈਲੀਬ੍ਰਿਟੀ ਹੈ . ਉਸਦਾ ਦਾ ਅਕਸ ਇੱਕ ਇਮਾਨਦਾਰ ਸਿਆਸਤਦਾਨ ਵਾਲਾ ਹੈ . ਉਹ ਨੌਜਵਾਨ ਪੀੜ੍ਹੀ ਲੈ ਆਕਰਸ਼ਣ ਵੀ ਹੈ . ਬਾਦਲ ਪਰਿਵਾਰ ਦੇ ਖ਼ਿਲਾਫ਼ , ਸਿੱਧੀ ਲਕੀਰ ਖਿੱਚ ਕੇ ਲੜਨ ਦਾ ਉਸਦਾ ਰਿਕਾਰਡ ਹੈ .
ਨਵਜੋਤ ਸਿੱਧੂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਆਵਾਜ਼-ਏ-ਪੰਜਾਬ ਇੱਕ ਪੰਜਾਬ ਪੱਖੀ ਫੋਰਮ ਹੈ , ਪਾਰਟੀ ਨਹੀਂ। ਉਨ੍ਹਾਂ ਨੇ ਸਭ ਪਾਰਟੀਆਂ ਵਿਚਲੇ ਪੰਜਾਬ ਅਤੇ ਪੰਜਾਬੀਅਤ ਨੂੰ ਪਰਨਾਏ ਹਮਖ਼ਿਆਲ ਲੋਕਾਂ ਨੂੰ ਇਸ ਨਾਲ ਜੁੜਨ ਦਾ ਸੱਦਾ ਵੀ ਦਿੱਤਾ . ਪਰ ਆਪਣੇ ਪੂਰੇ ਪੱਤੇ ਨਹੀਂ ਖੋਲ੍ਹੇ .
ਪਹਿਲੀ ਗੱਲ ਨਵਜੋਤ ਅਤੇ ਉਸਦੀ ਪਤਨੀ ਅਜੇ ਵੀ ਬੀ ਜੇ ਪੀ ਵਿਚ ਨੇ , ਇਸ ਨੂੰ ਆਪਣੀ ਪਾਰਟੀ ਵਜੋਂ ਹੀ ਪੇਸ਼ ਕਰ ਰਹੇ ਨੇ .ਉਧਰ ਬੀ ਜੇ ਪੀ ਬਾਦਲ ਸਰਕਾਰ ਦੀ ਹਿੱਸੇਦਾਰ ਹੈ , ਇਸ ਦੀ ਕਾਰਗੁਜ਼ਾਰੀ ਬਾਰੇ ਸਿੱਧੂ ਚੁੱਪ ਹੈ .ਤੀਜਾ, ਸਿੱਧੂ ਦੇ ਕੇਜਰੀਵਾਲ ਤੇ ਤੇਜ਼- ਧਾਰ ਹਮਲੇ ਅਤੇ ਚੌਥਾ ਇਹ ਕਿ ਉਸਦੇ ਨਵੇਂ ਫਰੰਟ ਦਾ ਮੂੰਹ -ਮੁਹਾਂਦਰਾ ਅਜੇ ਸਪਸ਼ਟ ਨਹੀਂ . ਉਹ ਕਿਹੜਾ ਸਿਆਸੀ ਪ੍ਰੋਗਰਾਮ ਹੈ ਜਿਸ ਦੇ ਆਧਾਰ ਤੇ ਇਹ ਨਵਾਂ ਫਰੰਟ ਹੋਂਦ ਵਿਚ ਆਏਗਾ ? ਕੀ ਇਹ ਸਿਆਸੀ ਪਾਰਟੀ ਬਣੇਗੀ ਜਾਂ ਨਹੀਂ ? ਕੀ ਇਹ ਇਕੱਲੀ ਚੋਣ ਲੜੇਗੀ ਜਾਂ ਹੋਰ ਕਿਸੇ ਪਾਰਟੀ ਨਾਲ ਸਮਝੌਤਾ ਕਰੇਗੀ ? ਇਸ ਨਵੇਂ ਫ਼ਰੰਟ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ? ਜਿਹੜੇ ਸਿਆਸਤਦਾਨਾਂ ਨੂੰ ਹੋਰ ਪਾਰਟੀਆਂ ਵਿਚ ਟਿਕਟਾਂ ਨਹੀਂ ਮਿਲੀਆਂ ਅਤੇ ਇਸੇ ਕਰਕੇ ਉਹ ਇਸ ਫ਼ਰੰਟ ਨਾਲ ਆਏ ਤਾਂ ਉਨ੍ਹਾਂ ਬਾਰੇ ਇਸ ਦੀ ਕੇ ਪਹੁੰਚ ਹੋਵੇਗੀ ?
ਬੇਸ਼ੱਕ ਅਜੇ ਤੱਕ ਇਸ ਚੌਥੇ ਫ਼ਰੰਟ ਦਾ ਕੋਈ ਮੂੰਹ -ਮੱਥਾ ਸਪਸ਼ਟ ਨਹੀਂ ਪਰ ਇਸ ਤਰ੍ਹਾਂ ਲਗਦਾ ਹੈ ਇਸ ਨਾਲ ਪਹਿਲੇ ਪੜਾਅ ਤੇ ਉਹ ਸਾਰੇ ਨੇਤਾ ਤੇ ਸਿਆਸਤਦਾਨ ਜੁੜ ਸਕਦੇ ਨੇ ਜਿਹੜੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਤੋਂ ਬਾਗ਼ੀ ਹੋਏ ਨੇ . ਅਗਲੇ ਦਿਨਾਂ ਵਿਚ ਆਪ ਦੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਹੋਣ ਤੋਂ ਬਾਅਦ ਜਿਹੜੇ ਹੋਰ ਬਾਗ਼ੀ ਹੋਣਗੇ , ਉਹ ਵੀ ਸ਼ਾਮਲ ਹੋ ਸਕਦੇ . ਇਨ੍ਹਾਂ ਵਿਚ ਵਿਚ ਸੁੱਚਾ ਸਿੰਘ ਛੋਟੇਪੁਰ ਅਤੇ ਉਸਦੇ ਸਾਥੀ ਵਲੰਟੀਅਰ, ਸਵਰਾਜ ਪਾਰਟੀ ਅਤੇ ਪ੍ਰਮੁੱਖ ਹਨ .ਇਸ ਤੋਂ ਬਾਅਦ ਹੋਰ ਕਿਹੜੇ -ਕਿਹੜੇ ਗਰੁੱਪ ਜਾਂ ਸਿਆਸੀ ਬੰਦੇ ਜੁੜਨਗੇ ਅਜੇ ਕੁਝ ਸਪਸ਼ਟ ਨਹੀਂ ਪਰ ਦਿਲਚਸਪ ਗੱਲ ਹੈ ਕਿ ਭਾਈ ਮੋਹਕਮ ਸਿੰਘ ਦੀ ਅਗਵਾਈ ਹੇਠਲੇ ਯੂਨਾਈਟਿਡ ਅਕਾਲੀ ਦਲ ਨੇ ਨਵਜੋਤ ਸਿੱਧੂ ਦੀ ਅਗਵਾਈ ਵਾਲੇ ਫ਼ਰੰਟ ਦੀ ਖੁੱਲ੍ਹੀ ਮਦਦ ਦਾ ਐਲਾਨ ਕਰ ਦਿੱਤਾ ਹੈ . ਇਹ ਉਹੀ ਪਾਰਟੀ ਅਤੇ ਨੇਤਾ ਹੈ ਜਿਸ ਨੂੰ ਗਰਮ ਦਲ਼ੀਆ ਕਹਿਕੇ ਸੁਖਬੀਰ ਬਾਦਲ ਨੇ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ .
ਰਾਜਨੀਤੀ ਵਿਚ ਪਾਸੇ ਪਲਟਦਿਆਂ ਦੇਰ ਨਹੀਂ ਲਗਦੀ .ਅਕਾਲੀ-ਬੀ ਜੇ ਪੀ ਗੱਠਜੋੜ , ਕਾਂਗਰਸ ਅਤੇ ਆਪ ਦੇ ਮੁਕਾਬਲੇ ਚੌਥੇ ਫ਼ਰੰਟ ਨੂੰ ਭਰਵੇਂ ਹੁੰਗਾਰੇ ਦੀ ਸੰਭਾਵਨਾ ਜ਼ਰੂਰ ਹੈ ਜੇਕਰ ਇਸ ਦਾ ਪ੍ਰੋਗਰਾਮ, ਇਸਦੇ ਉਦੇਸ਼ ਅਤੇ ਕਰ ਵਿਹਾਰ -ਸ਼ੀਸ਼ੇ ਵਾਂਗ ਸਾਫ਼ ਹੋਵੇ , ਲੀਡਰਸ਼ਿਪ ਸੂਝਵਾਨ ਹੋਵੇ ਅਤੇ ਪੰਜਾਬ ਦੇ ਲੋਕਾਂ ਵਿਚ ਦਿਨ-ਰਾਤ ਰਹਿ ਕੇ , ਉਨ੍ਹਾਂ ਦੇ ਅੰਗ-ਸੰਗ ਹੋਣ ਦੇ ਅਮਲ ਵਿਚ ਪਈ ਦਿਸੇ . ਜਿਹੜੀ ਕਿ ਪਾਰਟ ਟਾਈਮ 365 ਦਿਨ, ਸੱਟੇ ਦਿਨ ਅਤੇ ਚੌਵੀ ਘੰਟੇ ਲੋਕਾਂ ਵਿਚ ਵਿਚਰਨ ਦਾ ਮਾੜਾ ਰੱਖਦੀ ਹੋਵੇ ਅਤੇ ਮੌਜੂਦਾ ਰਵਾਇਤੀ ਹਾਕਮਾਂ ਅਤੇ ਸਿਆਸਤਦਾਨਾਂ ਨਾਲੋਂ ਵੱਖਰੀ ਹੋਵੇ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਤੇ ਫੋਕਸ ਕਰੇ। ਪਰ ਕੀ ਚੋਣਾਂ ਤੋਂ ਪਹਿਲਾਂ ਸਿਰਫ਼ 4-5 ਮਹੀਨਿਆਂ ਵਿਚ ਅਜਿਹਾ ਹੋ ਸਕੇਗਾ ? ਅਜੇ ਇਸ ਦਾ ਜਵਾਬ ਦੇਣਾ ਮੁਸ਼ਕਿਲ ਹੈ .
ਕਮਾਲ ਦੀ ਗੱਲ ਇਹ ਹੈ ਕਿ ਛੋਟੇਪੁਰ ਸਮੇਤ ਕੇਜਰੀਵਾਲ ਤੋਂ ਬਾਗ਼ੀ ਹੋਏ ਸਾਰੇ ਜਾਣੇ ਸਿਰਫ਼ ਕੇਜਰੀਵਾਲ ਦੀ ਖਾਟ ਖੜ੍ਹੀ ਕਰਨ ਤੇ ਲੱਗੇ ਹੋਏ ਨੇ . ਇਸ ਤਰ੍ਹਾਂ ਲਗਦਾ ਹੈ ਜਿਵੇਂ ਉਹ ਆਪਣਾ ਅਤੇ ਪੰਜਾਬ ਦਾ ਮੁੱਖ ਸਿਆਸੀ ਅਤੇ ਜ਼ਾਤੀ ਦੁਸ਼ਮਣ ਕੇਜਰੀਵਾਲ ਨੂੰ ਹੀ ਮੰਨ ਰਹੇ ਹੋਣ ਅਤੇ ਕੇਜਰੀਵਾਲ ਨੂੰ ਰਾਜ ਗੱਡੀ ਤੋਂ ਲਾਹੁਣਾ ਹੋਵੇ . ਉਹ ਬਾਦਲ ਸਰਕਾਰ ਨੂੰ ਲਾਹੁਣ ,ਨਸ਼ਾਖੋਰੀ, ਭਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਅਤੇ ਕਿਸਾਨੀ ਅਤੇ ਲੋਕਾਂ ਦੇ ਸਾਰੇ ਮੁੱਦੇ ਭੁੱਲ ਗਏ ਨੇ .
ਇਹ ਹਕੀਕਤ ਹੈ ਕਿ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਨਾਲ ਜੁੜੀਆਂ ਘਟਨਾਵਾਂ ਨੇ ਆਪ ਅਤੇ ਕੇਜਰੀਵਾਲ ਨੂੰ ਪੰਜਾਬ ਵਿਚ ਕਾਫ਼ੀ ਢਾਹ ਲਾਈ ਹੈ , ਇਸ ਦਾ ਸਿਆਸੀ ਅਤੇ ਜ਼ਾਤੀ ਕਿਰਦਾਰ ਤੇ ਅਕਸ ਵੀ ਵਿਗੜਿਆ ਹੈ , ਇਹ ਜਥੇਬੰਦਕ ਫੁੱਟ ਦਾ ਸ਼ਿਕਾਰ ਵੀ ਹੋਈ ਹੈ ਅਤੇ ਲੋਕਾਂ ਦੇ ਮਨਾ ਵਿਚ ਦੋਚਿੱਤੀ, ਬਹੁਤ ਸਾਰੇ ਸ਼ੰਕੇ ਅਤੇ ਸਵਾਲ ਵੀ ਖੜ੍ਹੇ ਹੋਏ ਨੇ . ਛੋਟੇਪੁਰ ਨਾਲ ਲਿਆ ਪੰਗਾ ,ਦਿੱਲੀ ਵਾਲੀ ਲੀਡਰਸ਼ਿਪ ਨੂੰ ਕਾਫ਼ੀ ਮਹਿੰਗਾ ਪਿਆ ਹੈ . ਇਸ ਮਾਹੌਲ ਨਾਲ ਅਕਾਲੀ -ਬੀ ਜੇ ਪੀ ਅਤੇ ਕਾਂਗਰਸ ਲੀਡਰਸ਼ਿਪ ਨੂੰ ਰਾਹਤ ਮਹਿਸੂਸ ਹੋਈ ਹੈ . ਕੁਝ ਸਮਾਂ ਪਹਿਲਾਂ ਤਾਂ ਉਨ੍ਹਾਂ ਦੇ ਸਾਹ ਸੁੱਕੇ ਪਏ ਸੀ .
ਪਰ ਅਜੇ ਵੀ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਕਾਫ਼ੀ ਵੱਡਾ ਵਲੰਟੀਅਰ ਆਧਾਰ ਕਾਇਮ ਹੈ ਜੋ ਕਿ ਅਜੇ ਵੀ ਬਾਦਲ ਸਰਕਾਰ ਵਿਰੋਧੀ ਅਤੇ ਸਥਾਪਤੀ- ਵਿਰੋਧੀ ਵੋਟ ਬੈਂਕ 'ਤੇ ਸਵਾਰ ਹੈ. 11 ਸਤੰਬਰ ਦੀ ਕੇਜਰੀਵਾਲ ਦੀ ਬਾਘਾ ਪੁਰਾਣਾ ਵਿਚ ਹੋਈ ਵਿਸ਼ਾਲ ਕਿਸਾਨ ਰੈਲੀ ਵੀ ਇਸੇ ਹਕੀਕਤ ਦਾ ਸੰਕੇਤ ਹੈ .
ਕੀ ਕੇਜਰੀਵਾਲ ਕਿਸੇ ਨਵੀਂ ਰਣਨੀਤੀ ਰਾਹੀਂ , ਪਾਰਟੀ ਨੂੰ ਪੰਜਾਬ ਵਿਚ ਹੋਏ ਨੁਕਸਾਨ ਦੀ ਭਰਪਾਈ ਕਰ ਸਕਣਗੇ ? ਕੀ ਉਹ ਪੰਜਾਬ ਬਨਾਮ ਦਿੱਲੀ ਅਤੇ ਬਾਹਰਲੇ ਵਾਲੇ ਪ੍ਰਭਾਵ ਨੂੰ ਦੂਰ ਕਰ ਸਕਣਗੇ ? ਕੀ ਉਹ ਕੋਈ ਪੰਜਾਬ ਦਾ ਚਿਹਰਾ ਸੀ ਐਮ ਵਜੋਂ ਪੇਸ਼ ਕਰਕੇ , ਖ਼ੁਦ ਸੀ ਐਮ ਬਣਨ ਦੀ ਇੱਛਾ ਵਾਲੇ ਪ੍ਰਭਾਵ ਅਤੇ ਪ੍ਰਚਾਰ ਨੂੰ ਕਾਟ ਕਰ ਸਕਣਗੇ ? ਕੀ ਅਗਲੇ ਦਿਨਾਂ ਵਿਚ ਟਿਕਟਾਂ ਦੀ ਵੰਡ ਤੋਂ ਬਾਅਦ ਪਾਰਟੀ ਵਿਚ ਹੋਣ ਵਾਲੀ ਬਗ਼ਾਵਤ ਅਤੇ ਸੰਭਾਵੀ ਟੁੱਟ ਭੱਜ ਨੂੰ ਰੋਕ ਸਕਣਗੇ ? ਇਹ ਸਵਾਲ ਇਸ ਲਈ ਇਹ ਸਵਾਲ ਅਜੇ ਖੜ੍ਹੇ ਹਨ .
ਸਮੁੱਚੇ ਤੌਰ ਤੇ ਅਜੇ ਤੱਕ ਪੰਜਾਬ ਦੀਆਂ 2017 ਦੀਆਂ ਅਸੈਂਬਲੀ ਚੋਣਾਂ ਪੱਖੋਂ ਸਿਆਸੀ ਘਚੋਲੇ ਵਾਲੀ ਹਾਲਤ ਹੈ ਜਿਸ ਦਾ ਕੁਝ ਹੱਦ ਤੱਕ ਕੁਦਰਤੀ ਲਾਹਾ ਹਾਕਮ ਗੱਠਜੋੜ ਅਤੇ ਕੁਝ ਕਾਂਗਰਸ ਪਾਰਟੀ ਨੂੰ ਹੋ ਰਿਹਾ ਹੈ .ਚੋਣ-ਮੈਦਾਨ ਸਾਫ਼ ਹੋਣ ਲਈ ਅਜੇ ਕੁਝ ਹੋਰ ਉਡੀਕਣਾ ਪਵੇਗਾ।
11 ਸਤੰਬਰ , 2016
-
-
ਬਲਜੀਤ ਬੱਲੀ , Editor, Babushahi.com
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.