ਪੰਜਾਬ ਕਾਂਗਰਸ ਪਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ , ਸਿਆਸੀ ਲੋਕਾਂ ਅਤੇ ਮੀਡੀਆ ਦੀਆਂ ਉਮੀਦਾਂ ਤੋਂ ਉਲਟ ਰਾਹੁ ਲ ਗਾਂਧੀ ਨੇ ਜ਼ੀਰਕਪੁਰ ਫੇਰੀ ਸਮੇਂ ਕੈਪਟਨ ਨੂੰ 2017 ਦੀਆਂ ਪੰਜਾਬ ਅਸੈਂਬਲੀ ਚੋਣਾਂ ਲਈ ਕਾਂਗਰਸ ਦਾ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਕਰਨ ਤੋਂ ਟਾਲਾ ਵੱਟ ਲਿਆ .ਅਖ਼ਬਾਰੀ ਰਿਪੋਰਟਾਂ ਇਹ ਵੀ ਸੰਕੇਤ ਕਰਦੀਆਂ ਨੇ ਪ੍ਰਸ਼ਾਂਤ ਕਿਸ਼ੋਰ ਨੇ ਵੀ ਰਾਹੁਲ ਨੂੰ ਇਹ ਸਲਾਹ ਦਿੱਤੀ ਹੈ ਕਿ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਲਈ ਉਮੀਦਵਾਰ ਐਲਾਨ ਦਿੱਤਾ ਜਾਵੇ . ਕੈਪਟਨ ਦੀ ਲੀਡਰਸ਼ਿਪ 'ਤੇ ਉਂਗਲ ਉਠਾਉਣ ਵਾਲੇ ਨੇਤਾ ਜਗਮੀਤ ਬਰਾੜ ਅਤੇ ਬੀਰ ਦਵਿੰਦਰ ਸਿੰਘ ਵਰਗੇ ਸੀਨੀਅਰ ਨੇਤਾਵਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੇ ਬਾਵਜੂਦ ਵੀ ਰਾਹੁਲ ਨੇ ਕੈਪਟਨ ਦੇ ਨਾਂਅ ਦਾ ਐਲਾਨ ਤਾਂ ਕੀ ਕਰਨਾ ਸੀ ਸਗੋਂ ਇਹ ਕਹਿ ਦਿੱਤਾ ਕਿ ਮੁੱਖ ਮੰਤਰੀ ਦੀ ਚੋਣ ਐਮ ਐਲ ਏ ਕਰਨਗੇ।
ਸਵਾਲ ਉੱਠਣੇ ਕੁਦਰਤੀ ਨੇ ਕਿ ਅਮਰਿੰਦਰ ਸਿੰਘ ਨੇ ਤਾਂ ਆਪਣੇ ਆਪ ਨੂੰ ਪੰਜਾਬ ਦਾ ਕੈਪਟਨ ਐਲਾਨ ਦਿੱਤਾ ਹੈ ਪਰ ਰਾਹੁਲ ਉਨਾਂ ਨੂੰ ਕੈਪਟਨ ਮੰਨਣ ਲਈ ਕਿਓਂ ਨਹੀਂ ਤਿਆਰ ਹੋ ਰਹੇ ?
ਰਾਹੁਲ ਦੇ ਇਸ ਬਿਆਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਟਾ-ਫੱਟ ਟਵਿੱਟਰ ਤੇ ਇਹ ਕਮੈਂਟ ਪਾ ਦਿੱਤੇ ਕਿ ਰਾਹੁਲ ਨੇ ਕੈਪਟਨ ਨੂੰ ਚੀਟ ਕੀਤਾ ਹੈ . ਦੁਰਗੇਸ਼ ਪਾਠਕ ਅਤੇ ਅਸ਼ੀਸ਼ ਖੈਤਾਨ ਨੇ ਵੀ ਇਸੇ ਤੇ ਆਪਣੀ ਹਾਜ਼ਰੀ ਲਵਾ ਦਿੱਤੀ ਅਤੇ ਨਾਲ ਹੀ ਇਹ ਦੋਸ਼ ਲਾ ਦਿੱਤਾ ਕਿ ਕੈਪਟਨ ਅਤੇ ਬਾਦਲਾਂ ਦੀ ਆਪਸ ਵਿਚ ਡੀਲ ਹੋਈ -ਹੋਈ ਹੈ .
ਮੇਰੀ ਜਾਚੇ ਤਿੰਨ ਕਾਰਨ ਹੋ ਸਕਦੇ ਨੇ ਜਿਸ ਕਰ ਕੇ ਰਾਹੁਲ ਅਜਿਹੇ ਐਲਾਨ ਤੋ ਟਲ ਰਹੇ ਨੇ .
1- ਕੈਪਟਨ ਦੇ ਪਿਛਲੇ ਬਾਗੀਆਨਾ ਅਤੇ ਆਪ-ਮਤੇ ਵਿਹਾਰ ਕਰਕੇ ਰਾਹੁਲ ਨੂੰ ਕੈਪਟਨ ਤੇ ਅਜੇ ਪੂਰਾ ਭਰੋਸਾ ਨਾ ਬੱਝਿਆ ਹੋਵੇ . ਸਭ ਨੂੰ ਪਤਾ ਹੈ ਕਿ ਕੈਪਟਨ ਨੇ ਪੰਜਾਬ ਕਾਂਗਰਸ ਦੀ ਪਰਧਾਨਗੀ , ਪਾਰਟੀ ਹਾਈ ਕਮਾਂਡ ਦੀ ਬਾਂਹ ਮਰੋੜ ਕੇ ਲਈ ਹੈ . ਇਹ ਵੀ ਗੱਲ ਜੱਗ-ਜ਼ਾਹਰ ਹੈ ਕਿ ਕੈਪਟਨ ਨੇ ਖੁਲ੍ਹੇ ਆਮ ਰਾਹੁਲ ਦੇ ਸਿਆਸੀ ਗਲਮੇ ਨੂੰ ਹੱਥ ਤੱਕ ਵੀ ਪਾ ਲਿਆ ਸੀ . ਲੋਕ ਸਭਾ ਵਿਚ ਕਾਂਗਰਸ ਦੇ ਡਿਪਟੀ ਲੀਡਰ ਵਜੋਂ ਵੀ ਆਪਣੀ ਮਨ-ਮਰਜ਼ੀ ਕਰਦੇ ਰਹੇ .ਇਸ ਲਈ ਰਾਹੁਲ ਦੇ ਮਨ ਵਿਚ ਇਹ ਤੌਖਲਾ ਹੋ ਸਕਦਾ ਹੈ ਜੇਕਰ ਹੁਣੇ ਕੈਪਟਨ ਨੂੰ ਉਮੀਦਵਾਰ ਐਲਾਨ ਦਿੱਤਾ ਤਾਂ ਉਹ ਹਾਈ ੱਕਮਾਨ ਸਮੇਤ ਸਭ ਨੂੰ ਟਿੱਚ ਜਾਨਣ ਹੀ ਨਾ ਲੱਗ ਜਾਣ ਜਿਸ ਨਾਲ ਬਾਜਵਾ ਅਤੇ ਪਾਰਟੀ ਦੇ ਬਾਕੀ ਧੜਿਆਂ ਲਈ ਮੁਸ਼ਕਲ ਖੜੀ ਹੋ ਜਾਵੇ ਕਿਓਂਕਿ ਉਸ ਨੂੰ ਪੰਜਾਬ ਕਾਂਗਰਸ ਅੰਦਰਲੀ ਗੁੱਟ- ਬੰਦੀ ਦਾ ਵੀ ਅਹਸਾਸ ਹੈ . ਜ਼ੀਰਕਪੁਰ ਵਿਚ ਕਾਂਗਰਸੀ ਵਰਕਰਾਨ ਅਤੇ ਨੇਤਾਵਾਂ ਨਾਲ ਕੀਤੀ ਮਿਲਣੀ ਦੌਰਾਨ ਉਨ੍ਹਾਂ ਦਾ ਭਾਸ਼ਣ ਵੀ ਇਹੀ ਸੰਕੇਤ ਕਰਦਾ ਹੈ .
2- ਦੂਜਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਕਾਂਗਰਸ ਵਿਚਲੇ ਕੈਪਟਨ ਵਿਰੋਧੀ ਧੜਿਆਂ ਵੱਲੋਂ ਦੱਬਵੀਂ ਜ਼ੁਬਾਨ ਵਿਚ ਕੀਤੇ ਜਾਂਦੇ ਇਸ ਪਰਚਾਰ ਅਤੇ ਕੇਜਰੀਵਾਲ ਤੱਕ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਲਾਏ ਇਨ੍ਹਾਂ ਦੋਸ਼ਾਂ ਦਾ ਅਸਰ ਵੀ ਹੋਵੇ ਕਿ ਕੈਪਟਨ ਅੰਮ੍ਰਿਤਸਰ ਸਿੰਘ ਦੀ ਕਿਸੇ ਕਿਸੇ ਨਾ ਕਿਸੇ ਰੂਪ ਵਿਚ ਬਾਦਲਾਂ ਨਾਲ ਅੰਡਰਸਟੈਂਡਿੰਗ ਹੈ ਅਤੇ ਦੋਵੇਂ ਇੱਕ ਦੂਜੇ ਪ੍ਰਤਿ ਸਾਫ਼ਟ ਕਾਰਨਰ ਰੱਖਦੇ ਨੇ .ਪੰਜਾਬ ਦੇ ਸਿਆਸੀ ਹਲਕਿਆਂ ਅੰਦਰ ਵੀ ਇਹ ਚਰਚਾ ਚਲਦੀ ਰਹਿੰਦੀ ਹੈ . ਪਿਛਲੇ ਸਮੇ ਦੌਰਾਨ ਪੰਜਾਬ ਕਾਂਗਰਸ ਵਿਚਲੇ ਕੈਪਟਨ ਵਿਰੋਧੀ ਪਾਰਟੀ ਹਾਈ ਕਮਾਂਡ ਕੋਲ ਬਾਕਾਇਦਾ ਸ਼ਿਕਾਇਤਾਂ ਲਾਉਂਦੇ ਰਹੇ ਨੇ ਕਿ ਕੈਪਟਨ ਅਤੇ ਬਾਦਲਾਂ ਵਿਚਕਾਰ ਸਿਆਸੀ ਸਾਂਝ- ਭਿਆਲੀ ਚੱਲ ਰਹੀ ਹੈ .
3-ਤੀਜਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਰਾਹੁਲ ਨੂੰ ਇਹ ਖ਼ਦਸ਼ਾ ਹੋਵੇ ਕਿ ਕੈਪਟਨ ਨੂੰ ਹੁਣੇ ਸੀ ਐਮ ਦੇ ਅਹੁਦੇ ਦਾ ਉਮੀਦਵਾਰ ਐਲਾਨ ਦੇਣ ਨਾਲ ਮੋਦੀ ਸਰਕਾਰ ਵੱਲੋਂ ਮਾਹਰਾਜਾ ਪਰਿਵਾਰ ਦੇ ਖਿਲਾਫ , ਵਿਦੇਸ਼ ਖਾਤਿਆਂ ਦੀ ਕੀਤੀ ਜਾ ਰਹੀ ਜਾਂਚ ਨੂੰ ਇੱਕ ਦਮ ਤੂਲ ਦੇ ਸਕਦੀ ਹੈ .ਸਿੱਟੇ ਵਜੋਂ ਇਸ ਮਾਮਲੇ ਨੂੰ ਉਛਾਲ ਕੇ , ਹੁਣੇ ਤੋਂ ਕੈਪਟਨ ਛਵੀ ਖ਼ਰਾਬ ਕਰਨ ਦੇ ਨਾਲ ਨਾਲ ਰਾਹੁਲ ਅਤੇ ਸੋਨੀਆ ਲਈ ਵੀ ਸਿਆਸੀ ਮੁਸ਼ਕਲਾਂ ਪੈਦਾ ਕਰ ਸਕਦੀ ਹੈ . ਵਿਦੇਸ਼ੀ ਖਾਤਿਆਂ ਅਤੇ
ਆਰਥਕ ਜੁਰਮਾਂ ਦੀ ਜਾਂਚ ਕਰਨ ਵਾਲੇ ਦੋਵੇਂ ਵੱਡੇ ਮਹਿਕਮੇ -ਈ ਡੀ ਅਤੇ ਇਨਕਮ ਟੈਕਸ - ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਕੋਲ ਹਨ .ਸਮਝਿਆ ਇਹੀ ਜਾਂਦਾ ਹੈ ਕਿ ਉਹ ਕੈਪਟਨ ਹੱਥੋਂ ਅੰਮ੍ਰਿਤਸਰ ਤੋਂ 2014 ਦੀਆਂ ਲੋਕ ਸਭਾ ਚੋਣ ਦੌਰਾਨ ਹੋਈ ਹਾਰ ਦੀ ਕਸਕ ਨੂੰ ਭੁੱਲੇ ਨਹੀਂ . ਖ਼ੁਦ ਕੈਪਟਨ ਨੇ ਵੀ ਆਪਣੇ ਸ਼ਾਹੀ ਪਰਿਵਾਰ ਦੇ ਖਿਲਾਫ ਸ਼ੁਰੂ ਕੀਤੀ ਜਾਂਚ ਬਾਰੇ ਅਜਿਹੇ ਹੀ ਦੋਸ਼ ਜੇਤਲੀ ਤੇ ਲਾਏ ਸਨ .
ਮੈਨੂੰ ਯਾਦ ਹੈ ਕਿ ਜਦੋਂ ਕੈਪਟਨ ਦੀ ਪ੍ਰਧਾਨਗੀ ਦਾ ਮਾਮਲਾ ਚੱਲ ਰਿਹਾ ਸੀ ਤਾਂ ਇੱਕ ਸੀਨੀਅਰ ਕਾਂਗਰਸੀ ਲੀਡਰ ਨੇ ਉਸ ਵੇਲੇ ਮੈਨੂੰ ਦੱਸਿਆ ਸੀ ਕਿ ਹਾਈ ਕਮਾਂਡ ਦੇ ਮਨ ਵਿਚ ਇਹ ਤੌਖਲਾ ਸੀ ਕਿ ਜਿਓਂ ਹੀ ਕੈਪਟਨ ਨੂੰ ਪ੍ਰਧਾਨ ਬਣਾਇਆ ਗਿਆ ਉਦੋਂ ਹੀ ਮੋਦੀ ਸਰਕਾਰ ਵਿਦੇਸ਼ੀ ਖਾਤੇ ਦਾ ਕੇਸ ਖੋਲ੍ਹ ਲੈਣਾ ਹੈ .ਮੋਦੀ ਸਰਕਾਰ ਦਾ ਨਿਸ਼ਾਨਾ ਸਿਰਫ਼ ਕੈਪਟਨ ਨਹੀਂ ਸਗੋਂ ਰਾਹੁਲ ਅਤੇ ਸੋਨੀਆ ਵੀ ਹੋਣਗੇ ਤਾਂਕਿ ਉਹ ਕਾਲੇ ਧਨ ਦੇ ਮਾਮਲੇ ਤੇ ਮੋਦੀ ਸਰਕਾਰ ਤੇ ਕੀਤੇ ਜਾਣ ਵਾਲੇ ਹਮਲੇ ਦਾ ਜਵਾਬ ਦਿੱਤਾ ਜਾ ਸਕੇ .
ਹੋ ਸਕਦੈ , ਰਾਹੁਲ ਇਹ ਉਡੀਕ ਰਹੇ ਹੋਣ ਕਿ ਆਮ ਆਦਮੀ ਪਾਰਟੀ ਕਿਸ ਨੇਤਾ ਨੂੰ ਸੀ ਐਮ ਦਾ ਉਮੀਦਵਾਰ ਐਲਾਨਦੀ ਹੈ . ਇਹ ਵੀ ਹੋ ਸਕਦੈ ਕਿ ਰਾਹੁਲ ਗਾਂਧੀ ਕਿਸੇ ਢੁਕਵੇਂ ਮੌਕੇ ਦੀ ਤਾਕ ਵਿਚ ਹੋਵੇ ਜਦੋਂ ਕਾਂਗਰਸ ਕੈਪਟਨ ਨੂੰ ਕਾਂਗਰਸ ਦਾ ਸੀ ਐਮ ਚਿਹਰਾ ਰਸਮੀ ਤੌਰ ਤੇ ਐਲਾਨਿਆ ਜਾਵੇ .
ਬਲਜੀਤ ਬੱਲੀ
ਸੰਪਾਦਕ
ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
17 ਅਪ੍ਰੈਲ , 2016
+91-9915177722
tirshinazar@gmail.ਕੌਮ
-
-
ਬਲਜੀਤ ਬੱਲੀ,
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.