ਸ਼ੈਰੀ ਕਲਸੀ ਦੇ ਯਤਨਾਂ ਸਦਕਾ ਬਣਿਆ ਬਟਾਲੇ ਦਾ ਨਵਾਂ ਤਹਿਸੀਲ ਕੰਪਲੈਕਸ ਜਲਦ ਹੋਵੇਗਾ ਲੋਕ ਸਮਰਪਿਤ
- ਹੁਣ ਲੋਕਾਂ ਨੂੰ ਇੱਕ ਛੱਤ ਹੇਠਾਂ ਮੁਹੱਈਆ ਹੋਣਗੀਆਂ ਵੱਖ-ਵੱਖ ਸਹੂਲਤਾਂ-ਵਿਧਾਇਕ ਸ਼ੈਰੀ ਕਲਸੀ
ਰੋਹਿਤ ਗੁਪਤਾ
ਬਟਾਲਾ, 30 ਅਪ੍ਰੈਲ 2025 - ਬਟਾਲਾ ਦੇ ਅਗਾਂਹਵਧੂ ਸੋਚ ਰੱਖਣ ਵਾਲੇ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ, ਪੰਜਾਬ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਅਣਥੱਕ ਯਤਨਾਂ ਸਦਕਾ ਬਟਾਲਾ ਹਲਕੇ ਦੇ ਵਾਸੀਆਂ ਲਈ ਉਸਾਰਿਆ ਗਿਆ ਨਵਾਂ ਤਹਿਸੀਲ ਕੰਪਲੈਕਸ ਬਹੁਤ ਜਲਦ ਲੋਕ ਅਰਪਨ ਕੀਤਾ ਜਾ ਰਿਹਾ ਹੈ, ਜਿਥੇ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਹੂਲਤਾਂ ਮੁਹੱਈਆ ਹੋਣਗੀਆਂ।
ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਧ ਤੋਂ ਵਧ ਸਹੂਲਤਾਂ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ ਅਤੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਬਟਾਲਾ ਹਲਕੇ ਦੇ ਲੋਕਾਂ ਨੂੰ ਜ਼ਮੀਨ-ਜਾਇਦਾਦ ਨਾਲ ਸਬੰਧਤ ਸਹੂਲਤਾਂ ਇੱਕ ਹੀ ਥਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਅਹਿਮ ਉਪਰਾਲਾ ਕਰਦਿਆਂ ਬਟਾਲਾ ਵਿਖੇ ਤਹਿਸੀਲ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਵੱਖ-ਵੱਖ ਦਫਤਰਾਂ ਵਿੱਚ ਜਾਣਾ ਪੈਂਦਾ ਸੀ, ਜਿਸ ਨਾਲ ਉਨ੍ਹਾਂ ਦਾ ਸਮਾਂ ਬਹੁਤ ਖਰਾਬ ਹੁੰਦਾ ਸੀ ਪਰ ਹੁਣ ਉਨ੍ਹਾਂ ਵਲੋਂ ਲੋਕਾਂ ਦੀ ਮੁਸ਼ਕਲ ਦਾ ਹੱਲ ਕਰਦਿਆਂ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਨਵਾਂ ਤਹਿਸੀਲ ਕੰਪਲੈਕਸ ਉਸਾਰਿਆ ਗਿਆ ਹੈ, ਜੋ ਬਹੁਤ ਜਲਦ ਲੋਕ ਸਮਰਪਿਤ ਕੀਤਾ ਜਾ ਰਿਹਾ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਬਟਾਲਾ ਵਿੱਚ ਐਸ.ਡੀ.ਐਮ. ਦਫ਼ਤਰ, ਰੀਡਰ ਰੂਮ, ਐਸ.ਡੀ.ਐਮ. ਕੋਰਟ, ਵੇਟਿੰਗ ਹਾਲ, ਕੈਨਟੀਨ, ਐਂਟਰੈਂਸ ਹਾਲ, ਪੋਰਚ, ਟਾਇਲਟ ਬਲਾਕ, ਫਰਦ ਸੈਂਟਰ, ਸਬ ਰਜਿਸਟਾਰ ਆਫ਼ਿਸ, ਸਟਾਫ਼ ਰੂਮ, ਰਜਿਸਟ੍ਰੇਸ਼ਨ ਰੂਮ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦਾ ਦਫ਼ਤਰ ਆਦਿ ਦੀ ਉਸਾਰੀ ਲਈ ਲਈ ਪੰਜਾਬ ਸਰਕਾਰ ਵੱਲੋਂ 05 ਅਪ੍ਰੈਲ, 2023 ਨੂੰ ਕਰੀਬ 11 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਇਹ ਕੰਪਲੈਕਸ ਕਰੀਬ 15 ਮਹੀਨਿਆਂ ਦੇ ਸਮੇਂ ਵਿੱਚ ਬਣ ਕੇ ਤਿਆਰ ਹੋ ਗਿਆ ਹੈ, ਜਿਸਦਾ ਜਲਦ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਹਨ ਅਤੇ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਨ।