Canada ਚੋਣ ਨਤੀਜੇ : ਲਿਬਰਲ ਪਾਰਟੀ ਦੀ ਜਿੱਤ, ਮਾਰਕ ਕਾਰਨੀ ਬਣੇ ਰਹਿਣਗੇ ਪ੍ਰਧਾਨ ਮੰਤਰੀ, PM ਮੋਦੀ ਵੱਲੋਂ ਵਧਾਈ
ਕੈਨੇਡਾ ਵਿੱਚ 2025 ਦੀਆਂ ਫੈਡਰਲ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਸ ਵਾਰ ਮੁੱਖ ਮੁਕਾਬਲਾ ਲਿਬਰਲ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਪੀਅਰੇ ਪੋਇਲੀਵਰ ਵਿਚਕਾਰ ਸੀ। ਨਤੀਜਿਆਂ ਅਨੁਸਾਰ, ਲਿਬਰਲ ਪਾਰਟੀ ਨੇ ਫੇਰ ਤੋਂ ਚੋਣਾਂ ਜਿੱਤ ਲਿਆ ਹੈ, ਹਾਲਾਂਕਿ ਪਾਰਟੀ ਨੂੰ ਪੂਰਾ ਬਹੁਮਤ ਨਹੀਂ ਮਿਲਿਆ ਅਤੇ ਸੰਭਵ ਹੈ ਕਿ ਉਹ ਗਠਜੋੜ ਸਰਕਾਰ ਬਣਾਵੇ।
ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ, ਮਾਰਕ ਕਾਰਨੀ ਲਿਬਰਲ ਪਾਰਟੀ ਦੇ ਆਗੂ ਬਣੇ। 60 ਸਾਲਾ ਮਾਰਕ ਕਾਰਨੀ ਪਹਿਲਾਂ ਕੈਨੇਡਾ ਅਤੇ ਬ੍ਰਿਟੇਨ ਦੇ ਕੇਂਦਰੀ ਬੈਂਕਾਂ ਦੇ ਗਵਰਨਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਮਾਨਤਾ ਇੱਕ ਮਜ਼ਬੂਤ ਆਰਥਿਕ ਮਾਹਿਰ ਵਜੋਂ ਹੈ। ਰਾਜਨੀਤੀ ਵਿੱਚ ਨਵੇਂ ਹੋਣ ਦੇ ਬਾਵਜੂਦ, ਉਨ੍ਹਾਂ ਨੇ ਆਪਣੀ ਲੀਡਰਸ਼ਿਪ ਨਾਲ ਪਾਰਟੀ ਨੂੰ ਜਿੱਤ ਦਿਵਾਈ।
ਵਿਰੋਧੀ ਪਾਰਟੀਆਂ ਦੀ ਹਾਲਤ
ਕੰਜ਼ਰਵੇਟਿਵ ਪਾਰਟੀ ਮੁੱਖ ਵਿਰੋਧੀ ਰਹੀ, ਪਰ ਉਹ ਸਰਕਾਰ ਬਣਾਉਣ ਤੋਂ ਦੂਰ ਰਹਿ ਗਈ। ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਆਗੂ ਜਗਮੀਤ ਸਿੰਘ ਨੇ ਪਾਰਟੀ ਦੀ ਭਾਰੀ ਹਾਰ ਅਤੇ ਆਪਣੀ ਸੀਟ ਹਾਰਣ ਤੋਂ ਬਾਅਦ ਅਸਤੀਫਾ ਦੇ ਦਿੱਤਾ। NDP 343 ਸੀਟਾਂ 'ਤੇ ਚੋਣ ਲੜੀ ਸੀ, ਪਰ ਸਿਰਫ਼ 8 ਸੀਟਾਂ ਹੀ ਜਿੱਤ ਸਕੀ, ਜਿਸ ਨਾਲ ਪਾਰਟੀ ਨੇ ਆਪਣਾ ਰਾਸ਼ਟਰੀ ਦਰਜਾ ਵੀ ਗੁਆ ਦਿੱਤਾ।
ਭਾਰਤ-ਕੈਨੇਡਾ ਸੰਬੰਧ
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਾਰਕ ਕਾਰਨੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਅਤੇ ਲਿਬਰਲ ਪਾਰਟੀ ਦੀ ਜਿੱਤ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਲੋਕਤੰਤਰੀ ਮੁੱਲਾਂ ਅਤੇ ਕਾਨੂੰਨ ਦੇ ਰਾਜ ਲਈ ਵਚਨਬੱਧ ਹਨ। ਮੋਦੀ ਨੇ ਆਸ ਜਤਾਈ ਕਿ ਦੋਵੇਂ ਦੇਸ਼ ਭਾਈਚਾਰੇ ਅਤੇ ਵਿਕਾਸ ਲਈ ਮਿਲ ਕੇ ਕੰਮ ਕਰਦੇ ਰਹਿਣਗੇ।