ਸਹਾਇਕ ਕਮਿਸ਼ਨਰ ਫੂਡ ਵੱਲੋਂ ਜ਼ਿਲ੍ਹੇ ਦੇ ਦੁਕਾਨਾਂ ਤੇ ਅਦਾਰਿਆਂ ਦੇ ਮਾਲਕਾਂ/ਜ਼ਿੰਮੇਵਾਰ ਵਿਅਕਤੀਆਂ ਨੂੰ ਬੱਚਿਆਂ ਨੂੰ ਐਨਰਜੀ ਡਰਿੰਕਸ ਨਾ ਵੇਚਣ ਦੇ ਸਖ਼ਤ ਨਿਰਦੇਸ਼
ਵਿੱਦਿਅਕ ਸੰਸਥਾਵਾਂ ਦੇ ਨੇੜੇ ਸਥਿਤ ਸਕੂਲ ਕੰਟੀਨਾਂ, ਦੁਕਾਨਾਂ/ਹੋਰ ਅਦਾਰਿਆਂ ’ਚ ਵੀ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮਨਾਹੀ
ਜਲੰਧਰ, 29 ਅਪ੍ਰੈਲ : ਪੰਜਾਬ ਦੇ ਨਾਗਰਿਕਾਂ ਖਾਸ ਕਰ ਬੱਚਿਆਂ ਲਈ ਸੁਰੱਖਿਅਤ ਭੋਜਨ ਅਤੇ ਸਿਹਤਮੰਦ ਖੁਰਾਕ ਯਕੀਨੀ ਬਣਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਅਧਿਕਾਰਤ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਨਾਲ ਹੀ ਰਾਜ ਭਰ ਵਿੱਚ ਵਿੱਦਿਅਕ ਸੰਸਥਾਵਾਂ ਦੇ ਨੇੜੇ ਸਥਿਤ ਸਕੂਲ ਕੰਟੀਨਾਂ, ਦੁਕਾਨਾਂ/ਹੋਰ ਅਦਾਰਿਆਂ ਵਿੱਚ ਇਨ੍ਹਾਂ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ।
ਸਹਾਇਕ ਕਮਿਸ਼ਨਰ (ਫੂਡ) ਡਾ. ਹਰਜੋਤ ਪਾਲ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਸੇਫਟੀ ਕਮਿਸ਼ਨਰ ਵੱਲੋਂ ਇਹ ਮਨਾਹੀ ਦਾ ਹੁਕਮ 21 ਅਪ੍ਰੈਲ, 2025 ਨੂੰ ਜਾਰੀ ਹੋਇਆ ਹੈ, ਜੋ ਕਿ ਇੱਕ ਸਾਲ ਦੀ ਮਿਆਦ ਲਈ ਲਾਗੂ ਰਹੇਗਾ।
ਉਨ੍ਹਾਂ ਜ਼ਿਲ੍ਹੇ ਦੇ ਦੁਕਾਨਾਂ ਅਤੇ ਅਦਾਰਿਆਂ ਦੇ ਮਾਲਕਾਂ/ਜ਼ਿੰਮੇਵਾਰ ਵਿਅਕਤੀਆਂ ਨੂੰ ਬੱਚਿਆਂ ਨੂੰ ਐਨਰਜੀ ਡਰਿੰਕਸ ਨਾ ਵੇਚਣ ਦੇ ਸਖ਼ਤ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ 100 ਮੀਟਰ ਅਤੇ ਸ਼ਹਿਰ ਖੇਤਰ ਵਿੱਚ ਸਕੂਲ ਦੇ ਅਹਾਤੇ ਤੋਂ 50 ਮੀਟਰ ਦੇ ਘੇਰੇ ਵਿੱਚ ਸਥਿਤ ਦੁਕਾਨਾਂ ਅਤੇ ਅਦਾਰਿਆਂ ਦੇ ਮਾਲਕਾਂ/ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਕਿ ਕਿਸੇ ਵੀ ਹਾਲਤ ਵਿੱਚ ਐਨਰਜੀ ਡਰਿੰਕਸ ਨਾ ਵੇਚਣ।
ਸਹਾਇਕ ਕਮਿਸ਼ਨਰ ਨੇ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਵਿਦਿਅਕ ਸੰਸਥਾਨ ਦੇ ਅੰਦਰ ਇਸ ਪਾਬੰਦੀ ਦੇ ਹੁਕਮ ਦੀ ਉਲੰਘਣਾ ਨਾ ਹੋਵੇ ਅਤੇ ਸਕੂਲੀ ਬੱਚੇ ਵਿੱਦਿਅਕ ਸੰਸਥਾਨ ਵਿੱਚ ਐਨਰਜੀ ਡਰਿੰਕਸ ਦਾ ਸੇਵਨ ਨਾ ਕਰਨ।
ਉਨ੍ਹਾਂ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਜੇਕਰ ਪੇਂਡੂ ਖੇਤਰਾਂ ਵਿੱਚ 100 ਮੀਟਰ ਅਤੇ ਸ਼ਹਿਰੀ ਖੇਤਰਾਂ ਵਿੱਚ 50 ਮੀਟਰ ਦੇ ਘੇਰੇ ਵਿੱਚ ਸਥਿਤ ਕੋਈ ਦੁਕਾਨ ਅਤੇ ਅਦਾਰੇ ਐਨਰਜੀ ਡਰਿੰਕਸ ਵੇਚ ਰਹੇ ਹਨ, ਤਾਂ ਫੂਡ ਸੇਫਟੀ ਵਿੰਗ, ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ, ਜਲੰਧਰ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਮੂਹ ਨਾਗਰਿਕਾਂ ਅਤੇ ਹੋਰ ਸਬੰਧਤਾਂ ਨੂੰ ਅਪੀਲ ਵੀ ਕੀਤੀ ਤਾਂ ਜੋ ਇਨ੍ਹਾਂ ਐਨਰਜੀ ਡਰਿੰਕਸ ਦੇ ਮਾੜੇ ਪ੍ਰਭਾਵਾ ਤੋਂ ਬਚਿਆਂ ਨੂੰ ਬਚਾਇਆ ਜਾ ਸਕੇ।
ਫੂਡ ਸੇਫਟੀ ਵਿਭਾਗ ਵੱਲੋਂ ਇਸ ਸਬੰਧੀ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੈਣਕ ਬਾਜ਼ਾਰ ਵਿਖੇ ਸਕੂਲੀ ਬਚਿਆਂ ਨੂੰ ਐਨਰਜੀ ਡਰਿੰਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ ਤੇ ਫੂਡ ਸੇਫਟੀ ਅਫ਼ਸਰ ਸ਼੍ਰੀਮਤੀ ਰਾਸ਼ੂ ਮਹਾਜਨ, ਮੁਕੂਲ ਗਿੱਲ ਅਤੇ ਸਕੂਲ ਮੁਖੀ ਜਗਪ੍ਰੀਤ ਕੌਰ ਵੀ ਮੌਜੂਦ ਸਨ।