ਬਿਜਲੀ ਮੰਤਰੀ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਦੇ ਮੋਹਾਲੀ ਸਥਿਤ ਨਵੇਂ ਕਾਲ ਸੈਂਟਰ ਦੀ ਪ੍ਰਬੰਧਨ ਪ੍ਰਣਾਲੀ ਦੇ ਵਿਸਥਾਰ ਦਾ ਐਲਾਨ
* 750 ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ: ਹਰਭਜਨ ਸਿੰਘ ਈਟੀਓ
ਚੰਡੀਗੜ੍ਹ, 30 ਅਪ੍ਰੈਲ 2025 - ਖਪਤਕਾਰਾਂ ਲਈ ਸ਼ਿਕਾਇਤ ਨਿਵਾਰਣ ਅਤੇ ਸੇਵਾ ਪ੍ਰਦਾਨ ਪ੍ਰਣਾਲੀ ਦੀ ਮਜ਼ਬੂਤੀ ਵੱਲ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਕਾਲ ਸੈਂਟਰ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਉਦੇਸ਼ ਸੂਬੇ ਭਰ ‘ਚ ਬਿਜਲੀ ਸ਼ਿਕਾਇਤ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਕੁਸ਼ਲਤਾ ਅਤੇ ਜਵਾਬਦੇਹੀ ਨੂੰ ਬਿਹਤਰ ਬਣਾਉਣਾ ਹੈ।
ਮੌਜੂਦਾ ਸਮੇਂ ਪੀ.ਐਸ.ਪੀ.ਸੀ.ਐਲ. ਆਪਣੀ ਖਪਤਕਾਰ ਸ਼ਿਕਾਇਤ ਹੈਲਪਲਾਈਨ (1912) ਨੂੰ ਦੋ ਕਾਲ ਸੈਂਟਰਾਂ ਰਾਹੀਂ ਚਲਾਉਂਦਾ ਹੈ ਜਿਸ ਵਿੱਚ ਹਰੇਕ ਕੇਂਦਰ ਵਿੱਚ ਪ੍ਰਤੀ ਸ਼ਿਫਟ ਕੁੱਲ 120 ਸੀਟਾਂ ਹਨ, ਜੋ 24 ਘੰਟੇ ਕੰਮ ਕਰਦੀਆਂ ਹਨ। ਇਸ ਤਰ੍ਹਾਂ ਖਪਤਕਾਰਾਂ ਦੁਆਰਾ ਦਰਜ ਬਿਜਲੀ ਨਾਲ ਸਬੰਧਤ ਮੁੱਦਿਆਂ ਦੇ ਪ੍ਰਬੰਧਨ ਲਈ ਰੋਜ਼ਾਨਾ 360 ਕਰਮਚਾਰੀ ਕਾਲ ਸੈਂਟਰ ‘ਤੇ ਕੰਮ ਵਿੱਚ ਲੱਗੇ ਹੋਏ ਹਨ। ਇਹ ਹੈਲਪਲਾਈਨ 150 ਕਾਲ ਚੈਨਲਾਂ ਦੁਆਰਾ ਸੰਚਾਲਨ ਕਰਦਾ ਹੈ ਪਰ ਇਨ੍ਹਾਂ ਸਰੋਤਾਂ ਦੇ ਬਾਵਜੂਦ ਵੀ ਹਰ ਸਮੇਂ ਔਸਤਨ 30 ਕਾਲਾਂ ਉਡੀਕ (ਵੇਟਿੰਗ) ਵਿੱਚ ਰਹਿੰਦੀਆਂ ਹਨ ਹਾਲਾਂਕਿ ਉਨ੍ਹਾਂ ‘ਤੇ ਤੁਰੰਤ ਸੁਣਵਾਈ ਕੀਤੀ ਜਾਂਦੀ ਹੈ।
ਇਸ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਬਿਹਤਰ ਸੇਵਾ ਨੂੰ ਯਕੀਨੀ ਬਣਾਉਣ ਲਈ ਪੀ.ਐਸ.ਪੀ.ਸੀ.ਐਲ. ਆਪਣੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਕਰ ਰਿਹਾ ਹੈ। ਕਾਰਪੋਰੇਸ਼ਨ ਦੇ ਡਾਇਰੈਕਟਰ (ਡਬਲਿਊ.ਟੀ.ਡੀਜ਼) ਨੇ ਕਾਰਜਸ਼ੀਲ ਕਾਲ ਚੈਨਲਾਂ ਦੀ ਗਿਣਤੀ ਨੂੰ 600 ਤੱਕ ਵਧਾਉਣ ਦੀ ਮਹੱਤਵਪੂਰਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਵਿੱਚੋਂ 210 ਚੈਨਲ ਮੌਜੂਦਾ ਕਾਲ ਸੈਂਟਰਾਂ ਨੂੰ ਅਲਾਟ ਕੀਤੇ ਜਾਣਗੇ, ਜਦੋਂ ਕਿ ਬਾਕੀ ਮੋਹਾਲੀ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਬਿਲਕੁਲ ਨਵੇਂ ਕਾਲ ਸੈਂਟਰ ਵਿਚ ਹੋਣਗੇ।
ਮੋਹਾਲੀ ਵਿਖੇ ਬਣਨ ਵਾਲੇ ਕਾਲ ਸੈਂਟਰ ਵਿੱਚ ਹਰਕੇ ਸ਼ਿਫਟ ਲਈ 250 ਸੀਟਾਂ ਹੋਣਗੀਆਂ ਅਤੇ ਇਹ 24 ਘੰਟੇ ਕੰਮ ਕਰੇਗਾ, ਜਿਸ ਅਨੁਸਾਰ ਕੁੱਲ 750 ਕਰਮਚਾਰੀ ਕਾਲ ਸੈਂਟਰ ਵਿਚ ਹਰ ਸਮੇਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਲਈ ਹਾਜ਼ਰ ਰਹਿਣਗੇ। ਇਸ ਤਰ੍ਹਾਂ ਇਸ ਪਹਿਲਕਦਮੀ ਤੋਂ ਨਾ ਸਿਰਫ਼ ਸੇਵਾ ਪ੍ਰਦਾਨ ਪ੍ਰਣਾਲੀ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ, ਸਗੋਂ ਇਹ ਨੌਜਵਾਨਾਂ ਨੂੰ ਰੋਜ਼ਗਾਰ ਦੇ ਚੋਖੇ ਮੌਕੇ ਵੀ ਮੁਹੱਈਆ ਕਰਵਾਏਗਾ। ਪ੍ਰਾਜੈਕਟ ਲਈ ਇੱਕ ਟੈਂਡਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਬੋਲੀ ਪ੍ਰਕਿਰਿਆ ਜਲਦੀ ਹੀ ਖਤਮ ਹੋਣ ਵਾਲੀ ਹੈ। ਇਸ ਨਵੀਂ ਸਹੂਲਤ ਦੇ ਜੂਨ 2025 ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਉਮੀਦ ਹੈ।
ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਇਹ ਰਣਨੀਤਕ ਪਹਿਲਕਦਮੀ ਖਪਤਕਾਰਾਂ ਦੇ ਮੁੱਦਿਆਂ ਦੇ ਸਮੇਂ ਸਿਰ, ਕੁਸ਼ਲ ਅਤੇ ਢੁਕਵੇਂ ਢੰਗ ਨਾਲ ਹੱਲ ਨੂੰ ਯਕੀਨੀ ਬਣਾ ਕੇ ਉਨ੍ਹਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਪੀ.ਐਸ.ਪੀ.ਸੀ.ਐਲ. ਦੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਰਿਹਾ ਕਿ ਮੋਹਾਲੀ ਕਾਲ ਸੈਂਟਰ ਨਾ ਸਿਰਫ਼ ਕਾਲਾਂ ਦੀ ਵਧਦੀ ਗਿਣਤੀ ਦੇ ਪ੍ਰਬੰਧਨ ਵਿੱਚ ਮਦਦ ਕਰੇਗਾ ਬਲਕਿ ਆਧੁਨਿਕ ਸੰਚਾਰ ਤਕਨਾਲੋਜੀਆਂ ਅਤੇ ਸਿਖਲਾਈ ਪ੍ਰਾਪਤ ਸੇਵਾ ਕਰਮਚਾਰੀਆਂ ਰਾਹੀਂ ਸਹਾਇਤਾ ਪ੍ਰਣਾਲੀਆਂ ਨੂੰ ਵੀ ਮਜ਼ਬੂਤੀ ਦੇਵੇਗਾ।
ਇਹ ਉਮੀਦ ਕੀਤੀ ਜਾਂਦੀ ਹੈ ਕਿ ਉੱਨਤ ਦੂਰਸੰਚਾਰ ਬੁਨਿਆਦੀ ਢਾਂਚੇ ਨਾਲ ਲੈਸ ਅਤੇ ਪੇਸ਼ੇਵਰ ਕਰਮਚਾਰੀਆਂ ਦੀ ਮੌਜੂਦਗੀ ਨਾਲ ਇਹ ਮੋਹਾਲੀ ਸੈਂਟਰ, ਉਡੀਕ ਸਮੇਂ ਨੂੰ ਕਾਫ਼ੀ ਹੱਦ ਤੱਕ ਘਟਾਉਣ, ਅਸਲ-ਸਮੇਂ ਦੀ ਸਹਾਇਤਾ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਖਪਤਕਾਰਾਂ ਦੀ ਸੰਤੁਸ਼ਟੀ ਦੇ ਪੱਧਰ ਨੂੰ ਵਧਾਉਣ ਵਿੱਚ ਅਹਿਮ ਸਿੱਧ ਹੋਵੇਗਾ। ਇਹ ਕੇਂਦਰ ਬਿਲਿੰਗ ਸਬੰਧੀ ਮੁੱਦਿਆਂ, ਨਵੇਂ ਕੁਨੈਕਸ਼ਨ ਸਬੰਧੀ ਬੇਨਤੀਆਂ, ਬਿਜਲੀ ਬੰਦ ਹੋਣ ਸਬੰਧੀ ਸ਼ਿਕਾਇਤਾਂ ਅਤੇ ਸੇਵਾ ਸਬੰਧੀ ਆਮ ਸਵਾਲ-ਜਵਾਬ ਵਰਗੀਆਂ ਖਪਤਕਾਰਾਂ ਦੀਆਂ ਬੇਨਤੀਆਂ ਦੀ ਵਿਸ਼ਾਲ ਸ਼੍ਰੇਣੀ ਦਾ ਪ੍ਰਬੰਧਨ ਕਰੇਗਾ।
ਸੇਵਾ ਗੁਣਵੱਤਾ ਵਿੱਚ ਸੁਧਾਰ ਕਰਨ ਤੋਂ ਇਲਾਵਾ ਨਵਾਂ ਕਾਲ ਸੈਂਟਰ ਸਥਾਨਕ ਪੱਧਰ ‘ਤੇ ਰੋਜ਼ਗਾਰ ਦੇ ਮਹੱਤਵਪੂਰਨ ਮੌਕੇ ਵੀ ਪੈਦਾ ਕਰੇਗਾ, ਜੋ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਹੋਰ ਯੋਗਦਾਨ ਪਾਵੇਗਾ। ਖਪਤਕਾਰ ਪੀ.ਐਸ.ਪੀ.ਸੀ.ਐਲ. ਹੈਲਪਲਾਈਨ ਨੰਬਰ 1912 'ਤੇ ਕਿਸੇ ਵੀ ਸਮੇਂ ਕਾਲ ਕਰਕੇ ਸੇਵਾਵਾਂ ਲੈ ਸਕਦੇ ਹਨ, ਜੋ 24 ਘੰਟੇ ਸਰਗਰਮ ਹੈ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਲੋਕਾਂ ਦੀਆਂ ਉਮੀਦਾਂ ‘ਤੇ ਖ਼ਰਾ ਉਤਰਨ ਲਈ ਆਪਣੀਆਂ ਖਪਤਕਾਰ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤੀ ਦਿੰਦਿਆਂ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹ ਕਿ ਸਾਡੀ ਖ਼ਪਤਕਾਰ ਸਹਾਇਤਾ ਪ੍ਰਣਾਲੀ ਦਾ ਇਹ ਵਿਸਥਾਰ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਸੂਬਾ ਸਰਕਾਰ ਦੀ ਨਾਗਰਿਕ-ਕੇਂਦ੍ਰਿਤ ਪਹੁੰਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਬਿਹਤਰ ਸ਼ਾਸਨ ਪ੍ਰਤੀ ਦੂਰਅੰਦੇਸ਼ੀ ਦ੍ਰਿਸ਼ਟੀਕੋਣ ਨੂੰ ਸੇਵਾ ਸੁਧਾਰਾਂ ਵਿੱਚ ਬਦਲਣ ਲਈ ਵਚਨਬੱਧ ਹਾਂ, ਜਿਸਦਾ ਲਾਭ ਸਿੱਧੇ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਹੋ ਰਿਹਾ ਹੈ।