← ਪਿਛੇ ਪਰਤੋ
Babushahi Special: ‘ਝਾੜੂ ਜਾਂ ਪੰਜਾ’ ਨਗਰ ਨਿਗਮ ਬਠਿੰਡਾ ’ਚ ਕਿਹੜੀ ਪਾਰਟੀ ਡਾਹੂਗੀ ਆਪਣਾ ਸਿਆਸੀ ਮੰਜਾ
ਅਸ਼ੋਕ ਵਰਮਾ
ਬਠਿੰਡਾ, 30 ਅਪ੍ਰੈਲ2025: ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਲਈ ਕੌਂਸਲਰਾਂ ਵੱਲੋਂ ਦਿੱਤੇ ਬੇਵਿਸਾਹੀ ਮਤੇ ਦੇ ਅਧਾਰ ਤੇ ਬਹੁਮੱਤ ਦੀ ਪਰਖ ਲਈ ਨਗਰ ਨਿਗਮ ਦੇ ਮੇਅਰ ਨੇ 2 ਮਈ ਨੂੰ ਮੀਟਿੰਗ ਸੱਦ ਲਈ ਹੈ। ਮੇਅਰ ਪਦਮਜੀਤ ਮਹਿਤਾ ਨੇ ਜਰਨਲ ਹਾਊਸ ਦੀ ਮੀਟਿੰਗ ਸੱਦਣ ਦੀ ਪੁਸ਼ਟੀ ਕੀਤੀ ਹੈ। ਲੰਘੇ ਸੋਮਵਾਰ ਨੂੰ 34 ਕੌਂਸਲਰਾਂ ਨੇ ਕਮਿਸ਼ਨਰ ਅਜੇ ਅਰੋੜਾ ਨੂੰ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਖਿਲਾਫ ਬੇਭਰੋਸਗੀ ਦਾ ਮਤਾ ਸੌਂਪਿਆ ਸੀ ਜਿੰਨ੍ਹਾਂ ਵਿੱਚ ਵੱਡੀ ਗਿਣਤੀ ਕਾਂਗਰਸੀ ਕੌਸਲਰ ਵੀ ਸ਼ਾਮਲ ਹਨ। ਬੇਵਿਸਾਹੀ ਮਤੇ ਰਾਹੀਂ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੂੰ ਬਹੁਮਤ ਸਾਬਤ ਕਰਨ ਲਈ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਸੱਦਣ ਦੀ ਮੰਗ ਕੀਤੀ ਗਈ ਸੀ। ਨਿਯਮਾਂ ਮੁਤਾਬਕ ਇੱਕ ਮਹੀਨੇ ਦੇ ਅੰਦਰ ਅੰਦਰ ਜਰਨਲ ਹਾਊਸ ਦੀ ਮੀਟਿੰਗ ਸੱਦਣੀ ਹੁੰਦੀ ਹੈ । ਤੱਤਕਾਲੀ ਮੇਅਰ ਰਮਨ ਗੋਇਲ ਤੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਨੂੰ ਹਟਾਉਣ ਤੋਂ ਉਤਸ਼ਾਹਿਤ ਕਾਂਗਰਸੀ ਕੌਂਸਲਰਾਂ ਦੀ ਅਪੀਲ ਤਹਿਤ ਹੁਣ ਸ਼ਕਤੀ ਪ੍ਰਦਰਸ਼ਨ ਲਈ 2 ਮਈ ਦਾ ਦਿਨ ਤੈਅ ਕੀਤਾ ਗਿਆ ਹੈ। ਜਰਨਲ ਹਾਊਸ ਦੀ ਮੀਟਿੰਗ ਦਾ ਸੱਦਣ ਤੋਂ ਬਾਅਦ ਨਾਂ ਸਿਰਫ ਸ਼ਹਿਰ ਵਾਸੀਆਂ ਬਲਕਿ ਵਿਰੋਧੀ ਪਾਰਟੀਆਂ ਦੀਆਂ ਨਜ਼ਰਾਂ ਹਾਕਮ ਧਿਰ ਆਮ ਆਦਮੀ ਪਾਰਟੀ ਅਤੇ ਨਗਰ ਨਿਗਮ ਵਿੱਚ ਸਭ ਤੋਂ ਵੱਧ ਕੌਂਸਲਰਾਂ ਵਾਲੀ ਕਾਂਗਰਸ ਵਿਚਕਾਰ ਹੋਣ ਵਾਲੇ ਸਿਆਸੀ ਦੰਗਲ ਤੇ ਟਿਕ ਗਈਆਂ ਹਨ। ਨਗਰ ਨਿਗਮ ਦੇ ਜਰਨਲ ਹਾਊਸ ਦੀ ਮੀਟਿੰਗ ਦੌਰਾਨ ਹਾਜ਼ਰ ਕੌਂਸਲਰਾਂ ਚੋਂ ਸੀਨੀਅਰ ਡਿਪਟੀ ਮੇਅਰ ਨੂੰ ਗੱਦੀਓਂ ਲਾਹੁਣ ਲਈ ਮਤੇ ਦੇ ਹੱਕ ਵਿੱਚ ਦੋ ਤਿਹਾਈ ਕੌਂਸਲਰਾਂ ਦੀਆਂ ਵੋਟਾਂ ਪੈਣੀਆਂ ਲਾਜਮੀ ਦੱਸੀਆਂ ਜਾ ਰਹੀਆਂ ਹਨ ਜਦੋਂਕਿ ਬੇਵਿਸਾਹੀ ਦੇ ਮਤੇ ਨੂੰ ਰੱਦ ਕਰਵਾਉਣ ਲਈ ਕਾਂਗਰਸ ਪਾਰਟੀ ਨੂੰ ਸਿਰਫ ਡੇਢ ਦਰਜ਼ਨ ਕੌਂਸਲਰਾਂ ਦੇ ਸਾਥ ਦੀ ਜਰੂਰਤ ਹੈ। ਨਗਰ ਨਿਗਮ ਦੇ ਜਰਨਲ ਹਾਊਸ ਦੀ ਮੀਟਿੰਗ ਦਾ ਸਮਾਂ ਮਿਥਣ ਦੀ ਗੱਲ ਬਾਹਰ ਆਉਂਦਿਆਂ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੂੰ ਇੱਕ ਮੋਰੀ ਕੱਢਣ ਲਈ ਸ਼ਹਿਰੀ ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਜੰਗੀ ਪੱਧਰ ਤੇ ਮਸ਼ਕਾਂ ਵਿੱਢ ਦਿੱਤੀਆਂ ਹਨ। ਰਾਜਨ ਗਰਗ ਨੇ ਅੱਜ 22 ਕਾਂਗਰਸੀ ਕੌਂਸਲਰਾਂ ਨੂੰ ਵੱਖੋ ਵੱਖਰੇ ਪੱਤਰ ਲਿਖਕੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਜਿੰਨ੍ਹਾਂ ਕੌਂਸਲਰਾਂ ਨੂੰ ਪੱਤਰ ਲਿਖਿਆ ਗਿਆ ਹੈ ਉਨ੍ਹਾਂ ਵਿੱਚ ਕੌਂਸਲਰ ਪੁਸ਼ਪਾ ਰਾਣੀ ਅਤੇ ਕਮਲਜੀਤ ਕੌਰ ਵੀ ਸ਼ਾਮਲ ਹਨ। ਇੰਨ੍ਹਾਂ ਦੋਵਾਂ ਕੌਂਸਲਰਾਂ ਦੇ ਪਤੀਆਂ ਕ੍ਰਮਵਾਰ ਵਿਪਨ ਮਿੱਤੂ ਅਤੇ ਚਰਨਜੀਤ ਸਿੰਘ ਨੂੰ ਬੇਵਿਸਾਹੀ ਮਤੇ ਤੇ ਪਤਨੀਆਂ ਦੇ ਦਸਤਖਤ ਹੋਣ ਕਾਰਨ ਪਾਰਟੀ ਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਵਿਪਨ ਮਿੱਤੂ ਕਾਂਗਰਸ ਦਾ ਬਲਾਕ ਪ੍ਰਧਾਨ ਹੈ ਜਿਸ ਨੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਹਾਜ਼ਰੀ ’ਚ ਉਸੇ ਦਿਨ ਪਾਲਾ ਬਦਲ ਲਿਆ ਸੀ। ਰੌਚਕ ਪਹਿਲੂ ਇਹ ਵੀ ਹੈ ਕਿ ਬੇਵਿਸਾਹੀ ਮਤੇ ਦੀ ਅਗਵਾਈ ਕਰਨ ਵਾਲੇ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਦੇ ਦਖਲ ਉਪਰੰਤ ਵਿਪਿਨ ਮਿੱਤੂ ਇੱਕ ਵਾਰ ਫਿਰ ਪਲਟੀ ਮਾਰਕੇ ਮੇਅਰ ਖੇਮੇ ਵਿੱਚ ਪਰਤ ਆਏ ਹਨ। ਇਹੋ ਕਾਰਨ ਹੈ ਕਿ ਅਸ਼ੋਕ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦਾ ਮਾਮਲਾ ਮੇਅਰ ਧਿਰ ਲਈ ਮੁੱਛ ਦਾ ਸਵਾਲ ਹੈ ਤਾਂ ਕਾਂਗਰਸ ਪਾਰਟੀ ਵਾਸਤੇ ਕਰੋ ਜਾਂ ਮਰੋ ਦੀ ਸਥਿਤੀ ਬਣ ਗਿਆ ਹੈ। ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਪੱਤਰ ਰਾਹੀਂ ਕੌਂਸਲਰਾਂ ਨੂੰ ਕਿਹਾ ਕਿ ਆਪ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਸੀਨੀਅਰ ਡਿਪਟੀ ਮੇਅਰ ਖਿਲਾਫ ਬੇਵਿਸਾਹੀ ਮਤਾ ਪੇਸ਼ ਕੀਤਾ ਹੈ ਇਸ ਲਈ ਹੁਣ ਪੰਜਾਬ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਹੰਕਾਰੀਆਂ ਦਾ ਬੇਵਿਸਾਹੀ ਮਤਾ ਰੱਦ ਕਰਵਾਉਣ ਲਈ ਤੁਸੀਂ ਦੋ ਮਈ ਨੂੰ ਨਗਰ ਨਿਗਮ ਦੇ ਜਰਨਲ ਹਾਊਸ ਦੀ ਮੀਟਿੰਗ ਵਿੱਚ ਕਾਂਗਰਸ ਪਾਰਟੀ ਖਿਲਾਫ ਲਿਆਂਦੇ ਬੇਵਿਸਾਹੀ ਮਤੇ ਤੇ ਵੋਟਿੰਗ ਦੌਰਾਨ ਅਸ਼ੋਕ ਕਮਾਰ ਦੇ ਹੱਕ ਵਿੱਚ ਵੋਟਾਂ ਪਾਉਣ ਅਤੇ ਪਾਰਟੀ ਨੂੰ ਚੜ੍ਹਦੀ ਕਲਾ ਕਰਨ ਲਈ ਆਪਣਾ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਨਕਾਰ ਦਿੱਤੀ ਹੈ ਅਤੇ ਹਰ ਪੰਜਾਬੀ ਦੀ ਭਾਵਨਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਜਾਏ। ਜਿਲ੍ਹਾ ਪ੍ਰਧਾਨ ਕੌਂਸਲਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਤੁਸੀ ਪੰਜਾਬ ਵਾਸੀਆਂ ਦੀ ਭਾਵਨਾ ਤੇ ਫੁੱਲ ਚੜ੍ਹਾਉਂਦਿਆਂ ਆਪਣੀ ਜਿੰਦ ਜਾਨ ਲਾਕੇ ਹਾਊਸ ਮੀਟਿੰਗ ਦੌਰਾਨ ਕਾਂਗਰਸ ਦੀ ਡਟਕੇ ਮੱਦਦ ਕਰੋਗੇ। ਰਾਜਨ ਗਰਗ ਨੇ ਕਿਹਾ ਕਿ ਉਹ ਇਸ ਮੀਟਿੰਗ ਵਿੱਚ ਪਾਰਟੀ ਦੀ ਜਿੱਤ ਹੋਣ ਪ੍ਰਤੀ ਪੂਰਨ ਆਸਵੰਦ ਹਨ। ‘ਗਿੱਲ’ ਦੀ ਸਿਆਸੀ ‘ਗਿੱਲ’ ਦੀ ਪਰਖ ਅਸਲ ਵਿੱਚ ਹਾਊਸ ਮੀਟਿੰਗ ਤੈਅ ਕਰੇਗੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਝੋਲੀ ਵਿੱਚ ਕਿੰਨੇਂ ਸਿਆਸੀ ਦਾਣੇ ਹਨ। ਗਿੱਲ ਦੇ ਵਾਰਡ ਚੋਂ ਜਿੱਤਕੇ ਮੇਅਰ ਬਣਨ ਮੌਕੇ ਵਿਧਾਇਕ ਅਤੇ ਉਨ੍ਹਾਂ ਦੇ ਹਮਾਇਤੀ ਕੌਂਸਲਰਾਂ ਨੇ ਆਪਣੀ ਪਾਰਟੀ ਦੇ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਖਿਲਾਫ ਵੋਟਾਂ ਪਾਈਆਂ ਸਨ। ਗਿੱਲ ਦੇ ਆਪਣੇ ਵਾਰਡ ਨੰਬਰ 48 ਦੀ ਜਿਮਨੀ ਚੋਣ ਵੇਲੇ ਤੋਂ ਦੋਵਾਂ ਧਿਰਾਂ ਵਿਚਕਾਰ 36 ਦਾ ਅੰਕੜਾ ਚਲਿਆ ਆ ਰਿਹਾ ਹੈ। ਅਜਿਹੇ ਹਾਲਾਤਾਂ ਦੌਰਾਨ ਵਿਧਾਇਕ ਜਿੱਤ ਦਾ ਸਿਹਰਾ ਮੇਅਰ ਗਰੁੱਪ ਸਿਰ ਬੱਝਣ ਤੋਂ ਰੋਕਣ ’ਚ ਸਫਲ ਹੁੰਦੇ ਹਨ ਜਾਂ ਫਿਰ ਕਾਂਗਰਸ ਜਿੱਤਦੀ ਹੈ ਇਹ ਦੇਖਣ ਵਾਲੀ ਗੱਲ ਹੈ।
Total Responses : 91