ਪੰਜਾਬ ਦੇ ਬਿਜਲੀ ਖੇਤਰ ਵੱਲੋਂ ਇਤਿਹਾਸਕ ਪਹਿਲ: ਘੱਟ ਟੈਰਿਫ਼ ਦਰਾਂ ‘ਤੇ 2,400 ਮੈਗਾਵਾਟ ਤੋਂ ਵੱਧ ਸੂਰਜੀ ਊਰਜਾ ਖਰੀਦ ਸਬੰਧੀ ਸਮਝੌਤੇ ਸਹੀਬੱਧ: ਹਰਭਜਨ ਸਿੰਘ ਈਟੀਓ
ਚੰਡੀਗੜ੍ਹ, 29 ਅਪ੍ਰੈਲ 2025- ਪੰਜਾਬ ਸਰਕਾਰ ਨੇ ਸਫ਼ਲਤਾਪੂਰਵਕ ਸੂਰਜੀ ਊਰਜਾ ਖਰੀਦ ਪਹਿਲਕਦਮੀਆਂ ਦੀ ਇੱਕ ਲੜੀ ਵਿੱਚ ਸਾਫ਼-ਸੁਥਰੇ ਅਤੇ ਵਧੇਰੇ ਟਿਕਾਊ ਭਵਿੱਖ ਵੱਲ ਮਹੱਤਵਪੂਰਨ ਕਦਮ ਚੁੱਕੇ ਹਨ।
ਅੱਜ ਇੱਥੇ ਇੱਕ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ 15 ਅਪ੍ਰੈਲ, 2025 ਨੂੰ ਮੈਸਰਜ਼ ਸੇਲ ਇੰਡਸਟਰੀਜ਼ ਲਿਮਟਿਡ ਵਲੋਂ ਪੇਸ਼ ਕੀਤੇ ਗਏ ਦਿਲਚਸਪੀ ਦੀ ਪ੍ਰਗਟਾਵਾ ਨੂੰ ਪ੍ਰਵਾਨ ਕਰਦਿਆਂ ਸੂਰਜੀ ਊਰਜਾ ਖਰੀਦ ਲਈ ਨਾਲ ਇੱਕ ਟੈਂਡਰ ‘ਤੇ ਹਸਤਾਖਰ ਕੀਤੇ ਹਨ।
ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ 25 ਸਾਲਾਂ ਦੀ ਮਿਆਦ ਲਈ 2.97 ਰੁਪਏ ਪ੍ਰਤੀ ਯੂਨਿਟ ਦੀ ਪ੍ਰਤੀਯੋਗੀ ਦਰ 'ਤੇ 400 ਮੈਗਾਵਾਟ ਸੂਰਜੀ ਊਰਜਾ ਖਰੀਦੀ ਜਾਵੇਗੀ। ਇਹ ਸੂਰਜੀ ਪ੍ਰੋਜੈਕਟ ਪੰਜਾਬ ਦੇ ਅੰਦਰ ਸਥਾਪਿਤ ਕੀਤੇ ਜਾਣਗੇ, ਜਿਸ ਨਾਲ ਸਥਾਨਕ ਬੁਨਿਆਦੀ ਢਾਂਚੇ ਅਤੇ ਰੋਜ਼ਗਾਰ ਨੂੰ ਹੁਲਾਰਾ ਮਿਲੇਗਾ।
ਸ੍ਰੀ ਹਰਭਜਨ ਸਿੰਘ ਈਟੀਓ ਨੇ ਅੱਗੇ ਕਿਹਾ ਕਿ ਇਸੇ ਲੜੀ ਵਿੱਚ ਪੀ.ਐਸ.ਪੀ.ਸੀ.ਐਲ. ਨੇ 1,950 ਮੈਗਾਵਾਟ ਸੂਰਜੀ ਊਰਜਾ ਦੀ ਖਰੀਦ ਲਈ ਵੱਖ-ਵੱਖ ਆਈ.ਐਸ.ਟੀ.ਐਸ. ਸਕੀਮਾਂ ਤਹਿਤ ਮੈਸਰਜ਼ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਐਸ.ਈ.ਸੀ.ਆਈ.) ਨੂੰ ਸਿਧਾਂਤਕ ਸਹਿਮਤੀ ਵੀ ਦਿੱਤੀ ਹੈ। ਇਸ ਬਿਜਲੀ ਦਾ ਟੈਰਿਫ 25 ਸਾਲਾਂ ਦੀ ਮਿਆਦ ਲਈ 2.48 ਰੁਪਏ ਅਤੇ 2.60 ਰੁਪਏ ਪ੍ਰਤੀ ਯੂਨਿਟ (ਲਗਭਗ 2.95–3.07 ਰੁਪਏ ਪ੍ਰਤੀ ਯੂਨਿਟ ਲੈਂਡਡ ਟੈਰਿਫ) ਦੇ ਵਿਚਕਾਰ ਹੋਵੇਗਾ।
ਮੰਤਰੀ ਨੇ ਕਿਹਾ ਕਿ ਦੋ ਸੂਰਜੀ ਊਰਜਾ ਪ੍ਰੋਜੈਕਟ ਹਾਲ ਹੀ ਵਿੱਚ ਕਾਰਜਸ਼ੀਲ ਕੀਤੇ ਗਏ ਹਨ ਜਿਨ੍ਹਾਂ ਨੇ ਪੀ.ਐਸ.ਪੀ.ਸੀ.ਐਲ. ਨੂੰ ਬਿਜਲੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਐਮ.ਐਨ.ਆਰ.ਈ. ਦੀ ਸੀ.ਪੀ.ਐਸ.ਯੂ. ਸਕੀਮ ਅਧੀਨ ਐਨ.ਐਚ.ਪੀ.ਸੀ. ਦੁਆਰਾ ਸ਼ੁਰੂ ਕੀਤੇ ਗਏ 107.14 ਮੈਗਾਵਾਟ ਦੇ ਇੱਕ ਸੂਰਜੀ ਊਰਜਾ ਪ੍ਰੋਜੈਕਟ ਨੇ 14 ਅਪ੍ਰੈਲ, 2025 ਨੂੰ ਵਪਾਰਕ ਕਾਰਜ ਸ਼ੁਰੂ ਕੀਤਾ। ਇਹ ਪ੍ਰੋਜੈਕਟ ਰਾਜਸਥਾਨ ਦੇ ਬੀਕਾਨੇਰ ਵਿੱਚ ਸਥਿਤ ਇੱਕ ਵੱਡੇ 300 ਮੈਗਾਵਾਟ ਪਲਾਂਟ ਦਾ ਹਿੱਸਾ ਹੈ, ਜਿਸ ਵਿੱਚ ਪੀ.ਐਸ.ਪੀ.ਸੀ.ਐਲ. ਨੂੰ 2.45 ਰੁਪਏ ਪ੍ਰਤੀ ਯੂਨਿਟ (ਲਗਭਗ 2.55 ਰੁਪਏ ਪ੍ਰਤੀ ਯੂਨਿਟ ਲੈਂਡਡ ਟੈਰਿਫ) ਦੇ ਟੈਰਿਫ 'ਤੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਐਸ.ਈ.ਸੀ.ਆਈ. ਦੀ ਆਈ.ਐਸ.ਟੀ.ਐਸ. ਟ੍ਰਾਂਚ IX ਸਕੀਮ ਅਧੀਨ ਵਿਕਸਤ ਕੀਤਾ ਗਿਆ ਇੱਕ ਹੋਰ 100 ਮੈਗਾਵਾਟ ਪ੍ਰੋਜੈਕਟ, 15 ਅਪ੍ਰੈਲ, 2025 ਨੂੰ ਗਰਿੱਡ ਨਾਲ ਜੋੜਿਆ ਗਿਆ ਸੀ। ਇਹ ਪ੍ਰੋਜੈਕਟ ਰਾਜਸਥਾਨ ਦੇ ਜੋਧਪੁਰ ਵਿੱਚ ਸਥਿਤ 300 ਮੈਗਾਵਾਟ ਵਿਕਾਸ ਦਾ ਹਿੱਸਾ ਹੈ ਅਤੇ 2.36 ਰੁਪਏ ਪ੍ਰਤੀ ਯੂਨਿਟ (ਲਗਭਗ 2.72 ਰੁਪਏ ਪ੍ਰਤੀ ਯੂਨਿਟ ਲੈਂਡਡ ਟੈਰਿਫ) ਦੇ ਟੈਰਿਫ 'ਤੇ ਬਿਜਲੀ ਸਪਲਾਈ ਕਰਦਾ ਹੈ।
ਰਾਜ ਦੇ ਨਵਿਆਉਣਯੋਗ ਊਰਜਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਨੇ ਪੰਜਾਬ ਨੂੰ 500 ਮੈਗਾਵਾਟ ਬੈਟਰੀ ਊਰਜਾ ਸਟੋਰੇਜ ਸਿਸਟਮ (ਬੀ.ਈ.ਐਸ.ਐਸ.) ਸਮਰਥਾ ਅਲਾਟ ਕੀਤੀ ਹੈ। ਪੀਐਸਪੀਸੀਐਲ ਦੁਆਰਾ ਲਾਗੂ ਕੀਤੇ ਜਾਣ ਵਾਲੇ ਇਸ ਪ੍ਰੋਜੈਕਟ ਨੂੰ ₹18 ਲੱਖ ਪ੍ਰਤੀ ਮੈਗਾਵਾਟ ਦੀ ਵਿਵਹਾਰਕਤਾ ਗੈਪ ਫੰਡਿੰਗ ਦੁਆਰਾ ਸਮਰਥਤ ਕੀਤਾ ਗਿਆ ਹੈ ਅਤੇ ਮਈ 2027 ਤੱਕ ਕਾਰਜਸ਼ੀਲ ਕਰਨ ਦੀ ਯੋਜਨਾ ਹੈ। ਬੀ.ਈ.ਐਸ.ਐਸ. ਦਿਨ ਵੇਲੇ ਪੈਦਾ ਹੋਣ ਵਾਲੀ ਸੂਰਜੀ ਊਰਜਾ ਨੂੰ ਸ਼ਾਮ ਦੇ ਸਮੇਂ ਦੌਰਾਨ ਵਰਤੋਂ ਲਈ ਸਟੋਰ ਕਰੇਗਾ, ਜਿਸ ਨਾਲ ਗਰਿੱਡ ਭਰੋਸੇਯੋਗਤਾ ਅਤੇ ਊਰਜਾ ਕੁਸ਼ਲਤਾ ਵਿੱਚ ਵਾਧਾ ਹੋਵੇਗਾ।
ਬਿਜਲੀ ਮੰਤਰੀ ਨੇ ਕਿਹਾ ਕਿ ਇਹ ਵਿਕਾਸ ਪੰਜਾਬ ਦੇ ਸਾਫ਼ ਊਰਜਾ ਪਰਿਵਰਤਨ ਵੱਲ ਇੱਕ ਮਹੱਤਵਪੂਰਨ ਕਦਮ ਹੈ ਅਤੇ ਟਿਕਾਊ ਵਿਕਾਸ ਪ੍ਰਤੀ ਸੂਬੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸੂਰਜੀ ਊਰਜਾ ਖਰੀਦ ਅਤੇ ਨਵਿਆਉਣਯੋਗ ਬੁਨਿਆਦੀ ਢਾਂਚੇ ਵਿੱਚ ਇਹ ਸਾਰੀਆਂ ਮਹੱਤਵਪੂਰਨ ਤਰੱਕੀਆਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਤੇ ਯੋਗ ਅਗਵਾਈ ਹੇਠ ਸੰਭਵ ਹੋਈਆਂ ਹਨ। ਇੱਕ ਹਰੇ ਭਰੇ ਪੰਜਾਬ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਸਾਡੇ ਰਾਜ ਨੂੰ ਸਾਫ਼-ਸੁਥਰੀ ਅਤੇ ਵਧੇਰੇ ਟਿਕਾਊ ਊਰਜਾ ਵਾਲੇ ਭਵਿੱਖ ਵੱਲ ਲੈ ਜਾ ਰਹੀ ਹੈ।