ਲਾਭ ਸਿੰਘ ਸੰਧੂ ਨੂੰ ਸ਼ਰਧਾਂਜਲੀ- ਤੁਰ ਗਿਆ ‘ਖੁੰਢ ਚਰਚਾ ਵਾਲਾ’ ਸਾਡਾ ਸੱਜਣ ਸੁਹੇਲਾ/ -ਪੜ੍ਹੋ ਪ੍ਰਿੰਸੀਪਲ ਸਰਵਣ ਸਿੰਘ ਦੀ ਕਲਮ ਤੋਂ..
21-22 ਅਪ੍ਰੈਲ ਦੀ ਅੱਧੀ ਰਾਤੇ ਮੈਨੂੰ ਬਰੈਂਪਟਨ `ਚ ਬੜੀ ਮਾੜੀ ਖ਼ਬਰ ਮਿਲੀ ਕਿ ਲਾਭ ਸਿੰਘ ਸੰਧੂ ਦਿਲ ਦੇ ਦੌਰੇ ਨਾਲ ਅਚਾਨਕ ਗੁਜ਼ਰ ਗਿਆ। ਕੁਵੇਲੇ ਦੀ ਮਾੜੀ ਖ਼ਬਰ ਨਾਲ ਮੈਂ ਡਾਢਾ ਦੁਖੀ ਤੇ ਉਦਾਸ ਹੋਇਆ ਅਤੇ ਉਹਦੀਆਂ ਯਾਦਾਂ `ਚ ਗੁਆਚ ਗਿਆ। ਉਹ ਮੇਰੇ ਛੋਟੇ ਭਰਾਵਾਂ ਵਰਗਾ ਸੀ। ਸਦਾ ਹਾਸੇ-ਖੇਡੇ ਦੀਆਂ ਗੱਲਾਂ ਕਰਦਾ ਹੱਸਦਾ ਮੁਕਰਾਉਂਦਾ ਮਿਲਦਾ। ਕਦੇ ਖੇਡ ਮੇਲਿਆਂ `ਚ, ਕਦੇ ਸਾਹਿਤ ਸਭਾਵਾਂ, ਕਦੇ ਕੋਟਕਪੂਰੇ ਤੇ ਕਦੇ ਮੈਨੂੰ ਢੁੱਡੀਕੇ ਆ ਮਿਲਦਾ। ਉਹਦਾ ਕਾਫੀ ਕੁਝ ਮੇਰੇ ਨਾਲ ਮਿਲਦਾ-ਜੁਲਦਾ ਸੀ। ਉਹ ਮੈਥੋਂ ਦਸ ਸਾਲ ਛੋਟਾ ਸੀ ਅਤੇ ਉਹਦੀ ਸਿਹਤ ਚੰਗੀ ਭਲੀ ਸੀ। ਅਜੇ ਉਹਦੇ ਜਾਣ ਦਾ ਵਕਤ ਨਹੀਂ ਸੀ। ਬਠਿੰਡੇ `ਚ ‘ਲੱਖੀ ਜੰਗਲ’ ਨਾਂ ਦੀ ਹੱਟ ਤੋਂ ਪੰਜਾਬੀ ਪੁਸਤਕਾਂ ਦੀਆਂ ਤੇਰਾਂ ਤੇਰਾਂ ਤੋਲ ਰਿਹਾ ਸੀ ਕਿ ਅਚਾਨਕ ਬਾਜ ਪਏ ਵਾਲੀ ਗੱਲ ਹੋਈ। ਉਸ ਨੂੰ ਜਾਂਦੀ ਵਾਰ ਦੀ ਅਲਵਿਦਾ!
ਲਾਭ ਸਿੰਘ ਸੰਧੂ ਜ਼ਿੰਮੇਵਾਰ ਪੱਤਰਕਾਰ ਸੀ ਤੇ ਖਿਡਾਰੀਆਂ ਦਾ ਖੋਜਕਾਰ ਵੀ ਸੀ। ਉਸ ਨੇ ਮਾਨਸਾ, ਬਠਿੰਡਾ ਤੇ ਫਰੀਦਕੋਟ ਵੱਲ ਦੇ ਅਨੇਕ ਗੁੰਮਨਾਮ ਖਿਡਾਰੀਆਂ ਦੀ ਖੋਜ ਭਾਲ ਕੀਤੀ ਤੇ ਉਨ੍ਹਾਂ ਬਾਰੇ ਬੜਾ ਚੰਗਾ ਲਿਖਿਆ। ਪਰ ਉਸ ਦੀ ਵਧੇਰੇ ਮਸ਼ਹੂਰੀ ‘ਖੁੰਢ ਚਰਚਾ’ ਕਾਲਮ ਲਿਖਣ ਨਾਲ ਹੋਈ। ਉਹ ਕਾਲਮ ਉਸ ਨੇ 1987 ਤੋਂ 2007 ਤੱਕ ‘ਅਜੀਤ’ ਵਿੱਚ ਲਗਾਤਾਰ ਵੀਹ ਸਾਲ ਲਿਖਿਆ। ਇਸ ਤੋਂ ਬਿਨਾਂ ਉਸ ਦੇ ‘ਏਹੁ ਹਮਾਰਾ ਜੀਵਣਾ’, ‘ਵਾਹ ਕੁੜੀਏ ਪੰਜਾਬ ਦੀਏ’ ਤੇ ‘ਰੰਗ ਚਰਚਾ’ ਕਾਲਮ ਵੀ ਸਾਲਾਂ ਬੱਧੀ ਚੱਲੇ। ਖੇਡਾਂ ਖਿਡਾਰੀਆਂ ਬਾਰੇ ਉਸ ਦੀਆਂ ਪੰਜ ਪੁਸਤਕਾਂ ‘ਗੁਆਚੇ ਹੀਰੇ’, ‘ਗਭਰੂ ਪੁੱਤ ਪੰਜਾਬ ਦੇ’, ‘ਕਬੱਡੀ ਜਗਤ ਦੇ ਗੁਆਚੇ ਹੀਰੇ’, ‘ਚੰਨ ਮਾਹੀ ਦੀਆਂ ਬਾਤਾਂ’ ਤੇ ਖੇਡ ਬੋਲੀਆਂ ‘ਲੱਖੀ ਜੰਗਲ ਦਾ ਵਿਰਸਾ’ ਛਪੀਆਂ। ਇਨ੍ਹਾਂ ਤੋਂ ਬਿਨਾਂ ‘ਪਾਕਿ ਨਾਵਲਾਂ ਦਾ ਅਧਿਐਨ’, ‘ਖੁੰਢ ਚਰਚਾ’, ਲਘੂ ਨਾਟਕ ‘ਬੋਲ ਜਮੂਰੇ ਬੋਲ’, ‘ਕੱਲ੍ਹ ਦੀ ਭੂਤਨੀ’ ਤੇ ‘ਘੁੱਗੀ ਕੀ ਜਾਣੇ ਸਤਗੁਰ ਦੀਆਂ ਬਾਤਾਂ’ ਨਾਂਵਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਉਹਦਾ ਕੱਦ ਵੀ ਲੰਮਾ ਸੀ, ਦਾੜ੍ਹੀ ਵੀ ਲੰਮੀ, ਮੁੱਛਾਂ ਵੀ ਲੰਮੀਆਂ ਤੇ ਉਲਾਂਘਾਂ ਵੀ ਲੰਮੀਆਂ ਭਰਦਾ ਸੀ। ਸ਼ਾਇਦ ਇਸੇ ਕਾਰਨ ਉਸ ਦੇ ਕਾਲਮ ਵੀ ਲੰਮਾ ਸਮਾਂ ਚੱਲਦੇ ਰਹੇ। ਪਿੰਡਾਂ ਦੀਆਂ ਸੱਥਾਂ `ਚ ‘ਖੁੰਢ ਚਰਚਾ’ ਕਰਨ ਤੇ ਸੁਣਨ ਵਾਲੇ ਉਸ ਨੂੰ ਸੁੱਘੜ ਸਿਆਣਾ ਤੇ ਬਹੁਗੁਣਾ ਬੰਦਾ ਮੰਨਦੇ ਰਹੇ।
ਉਹ ਖੇਡ ਲੇਖਕ ਹੋਣ ਨਾਲ ਖੇਡ ਬੁਲਾਰਾ ਵੀ ਸੀ। ਉਹ ਖੇਡ ਮੇਲਿਆਂ `ਚ ਕਬੱਡੀ, ਕੁਸ਼ਤੀ ਤੇ ਬਾਸਕਟਬਾਲ ਬਗੈਰਾ ਦੇ ਮੈਚਾਂ ਦੀ ਕੁਮੈਂਟਰੀ ਵੀ ਕਰਦਾ ਰਿਹਾ। ਉਸ ਦਾ ਜਨਮ 21 ਸਤੰਬਰ 1950 ਨੂੰ ਕੋਟਕਪੂਰੇ ਨੇੜਲੇ ਪਿੰਡ ਦੁਆਰੇਆਣਾ ਵਿੱਚ ਸ. ਮੋਹਰ ਸਿੰਘ ਸੰਧੂ ਦੇ ਘਰ ਹੋਇਆ ਸੀ। ਉਸ ਦਾ ਵੱਡਾ ਭਰਾ ਨਿਰਭੈ ਸਿੰਘ ਸੰਧੂ ਸਾਹਿਤ ਸਭਾਵਾਂ ਦਾ ਪ੍ਰੇਮੀ ਸੀ ਜਿਸ ਦੇ ਸਾਥ ਤੇ ਪ੍ਰਭਾਵ ਨਾਲ ਉਹ ਵੀ ਸਭਾਵਾਂ ਵਿੱਚ ਜਾਣ ਲੱਗ ਪਿਆ ਤੇ ਲੇਖਕ ਬਣ ਗਿਆ। ਪੜ੍ਹਾਈ ਪੱਖੋਂ ਉਹ ਐਮਏ ਐਮਫਿੱਲ ਸੀ ਤੇ ਤੀਹ ਸਾਲ ਸਕੂਲਾਂ ਵਿੱਚ ਪੜ੍ਹਾਉਣ ਪਿੱਛੋਂ ਬਠਿੰਡਾ ਵਾਸੀ ਬਣਿਆ ‘ਲੱਖੀ ਜੰਗਲ ਪੰਜਾਬੀ ਸੱਥ’ ਦੇ ਸੇਵਾਦਾਰ ਵਜੋਂ ਪੁਸਤਕ ਪ੍ਰਦਰਸ਼ਨੀਆਂ ਲਾ ਰਿਹਾ ਸੀ। ਬਠਿੰਡੇ ਦੀ ਸੌ ਫੁੱਟੀ ਸੜਕ `ਤੇ ਉਸ ਦੀ ਪੁਸਤਕ ਪ੍ਰਦਰਸ਼ਨੀ ਪੱਕੀ ਹੀ ਲੱਗੀ ਹੋਈ ਹੈ ਜਿਸ ਵਿੱਚ ਹਜ਼ਾਰਾਂ ਪੁਸਤਕਾਂ ਸੁਭਾਏਮਾਨ ਹਨ। ਉਸ ਦਾ ਕਹਿਣਾ ਸੀ ਕਿ ਇਉਂ ਮੈਂ ਸੈਂਕੜੇ ਵਿਦਵਾਨਾਂ ਦੀ ਸੰਗਤ ਮਾਣ ਰਿਹਾ ਹਾਂ।
ਮੇਰੇ ਸੰਪਰਕ ਵਿੱਚ ਉਹ ਢੁੱਡੀਕੇ ਦੀ ਸਾਹਿਤ ਸਭਾ ਰਾਹੀਂ ਆਇਆ ਸੀ। ਕਰਮਜੀਤ ਕੁੱਸਾ ਤੇ ਉਹ ਕਈ ਵਾਰ ਮੇਰੇ ਕੋਲ ਆਏ, ਕੰਵਲ ਨੂੰ ਮਿਲੇ ਤੇ ਕੁੱਸੇ ਜਾਂਦੇ ਰਹੇ। 1982 ਤੋਂ 85 ਤੱਕ ਮੈਂ ਸਚਿੱਤਰ ਕੌਮੀ ਏਕਤਾ ਵਿਚ ‘ਪਹਿਰੇਦਾਰ’ ਦੇ ਨਾਂ ਹੇਠ ‘ਪਿੰਡ ਦੀ ਸੱਥ `ਚੋਂ’ ਕਾਲਮ ਲਿਖ ਹਟਿਆ ਤਾਂ ਉਹ ਮੇਰੀ ਪ੍ਰੇਰਨਾ ਨਾਲ ‘ਅਜੀਤ’ ਵਿਚ ‘ਖੁੰਢ ਚਰਚਾ’ ਕਾਲਮ ਲਿਖਣ ਲੱਗ ਪਿਆ। ਫਿਰ ਉਹ ‘ਖੁੰਢ ਚਰਚਾ’ ਵਾਲਾ ਲਾਭ ਸਿੰਘ ਸੰਧੂ ਵੱਜਣ ਲੱਗ ਪਿਆ।
ਬਰੈਂਪਟਨ ਵਿੱਚ ਮੇਰੇ ਪਾਸ ਉਹਦੀਆਂ ਕਿਤਾਬਾਂ ‘ਗਭਰੂ ਪੁੱਤ ਪੰਜਾਬ ਦੇ’ ਤੇ ‘ਚੰਨ ਮਾਹੀ ਦੀਆਂ ਬਾਤਾਂ’ ਪਈਆਂ ਹਨ। ‘ਚੰਨ ਮਾਹੀ ਦੀਆਂ ਬਾਤਾਂ’ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੀਆਂ ਪਤਨੀਆਂ ਨਾਲ ਕੀਤੇ ਇੰਟਰਵਿਊਜ਼ ਹਨ। ਏਸ਼ੀਅਨ ਖੇਡਾਂ `ਚੋਂ ਪੰਜ ਮੈਡਲ ਜਿੱਤਣ ਵਾਲੇ ਗੋਲੇ ਤੇ ਡਿਸਕਸ ਦੇ ਸੁਟਾਵੇ ਪ੍ਰਦੁੱਮਣ ਸਿੰਘ ਬਾਰੇ ਕਦੇ ਮੈਂ ਲੇਖ ਲਿਖਿਆ ਸੀ ‘ਭਗਤੇ ਦਾ ਸਰਪੰਚ’। ਏਸ਼ੀਆ ਦਾ ਚੈਂਪੀਅਨ ਹੋਣ ਕਰਕੇ ਪ੍ਰਦੁੱਮਣ ਸਿੰਘ ਨੂੰ ਤਾਂ ਜੱਗ ਜਾਣਦਾ ਸੀ ਪਰ ਉਸ ਦੀ ਪਤਨੀ ਨੂੰ ਆਂਢ ਗੁਆਂਢ ਤੋਂ ਬਿਨਾਂ ਕੋਈ ਨਹੀਂ ਸੀ ਜਾਣਦਾ।
ਲਾਭ ਸਿੰਘ ਸੰਧੂ ਨੇ ਲਿਖਿਆ ਕਿ ਜਦੋਂ ਉਹ ਫੋਟੋਗਰਾਫਰ ਨਾਲ ਲੈ ਕੇ ਪ੍ਰਦੁੱਮਣ ਸਿੰਘ ਦੀ ਪਤਨੀ ਬਲਵੰਤ ਕੌਰ ਨੂੰ ਮਿਲਣ ਗਿਆ ਤਾਂ ਉਹ ਰਿੜਕਣੇ ਕੋਲ ਬੈਠੀ ਮਧਾਣੀ ਪੂੰਝ ਰਹੀ ਸੀ। ਉਸ ਨੇ ਹਥਲਾ ਕੰਮ ਵਿੱਚੇ ਛੱਡ ਦਿੱਤਾ ਤੇ ਉਹਨਾਂ ਨਾਲ ਗੱਲਾਂ ਕਰਨ ਲੱਗ ਪਈ। ਉਹਦੀਆਂ ਗੱਲਾਂ ਬਾਤਾਂ ਤੋਂ ਹੀ ਪਾਠਕਾਂ ਨੂੰ ਪਤਾ ਲੱਗਾ ਕਿ ਪੰਜਾਬ ਦੇ ਮਹਾਨ ਖਿਡਾਰੀਆਂ ਦੀਆਂ ਪਤਨੀਆਂ ਆਪਣੇ ‘ਚੰਨ ਮਾਹੀ’ ਦੀਆਂ ਕਿਹੋ ਜਿਹੀਆਂ ਬਾਤਾਂ ਪਾਉਂਦੀਆਂ? ਪੇਸ਼ ਹਨ ਉਹਦੀ ਇੰਟਰਵਿਊ ਦੇ ਅੰਸ਼:
-ਮਾਤਾ ਜੀ, ਥੋਡੇ ਪੇਕੇ ਕਿੱਥੇ ਹਨ ਤੇ ਤੁਹਾਡਾ ਵਿਆਹ ਕਦੋਂ ਹੋਇਆ?
-ਮੇਰੇ ਪੇਕੇ ਭਾਈ ਰਾਜਗੜ੍ਹ ਐ ਸਰਦਾਰਾਂ ਵਾਲੇ। ਸਰਦਾਰ ਹੋਰਾਂ ਨਾਲ ਵਿਆਹ ਹੋਏ ਨੂੰ ਚਾਲੀ ਪੰਤਾਲੀ ਸਾਲ ਹੋ ਗਏ ਹੋਣੇ ਐਂ। ਓਦੋਂ ਬਸਰੇ ਦੀ ਲਾਮ ਲੱਗੀ ਸੀ।
-ਵਿਆਹ ਤੋਂ ਪਹਿਲਾਂ ਕਪਤਾਨ ਸਾਹਿਬ ਕੀ ਕਰਦੇ ਸਨ?
-ਸਾਡੇ ਮੰਗਣੇ ਤੋਂ ਥੋੜ੍ਹਾ ਚਿਰ ਪਿੱਛੋਂ ਇਹ ਫੌਜ ਵਿੱਚ ਭਰਤੀ ਹੋ ਗਏ। ਜਦੋਂ ਮੈਨੂੰ ਪਤਾ ਲੱਗਾ ਤਾਂ ਬਥੇਰਾ ਕਾਲਜਾ ਮੱਚਿਆ ਪਰ ਉਹਨਾਂ ਵੇਲਿਆਂ `ਚ ਭਾਈ ਕੁੜੀਆਂ ਦੀ ਕੌਣ ਸੁਣਦਾ ਸੀ? ਸੋ ਕਾਲਜੇ `ਤੇ ਪੱਥਰ ਰੱਖ ਲਿਆ। ਫੌਜ ਵਿੱਚ ਜਾ ਕੇ ਇਨ੍ਹਾਂ ਨੇ ਖੇਡਣਾ ਸ਼ੁਰੂ ਕੀਤਾ। ਪਰ ਬਾਹਰਲੇ ਮੁਲਕਾਂ ਵਿੱਚ ਵਿਆਹ ਤੋਂ ਪਿੱਛੋਂ ਈ ਗਏ ਐ। ਫੇਰ ਤਾਂ ਇਹਨਾਂ ਨੇ ਬਥੇਰੇ ਮੁਲਕ ਜਿੱਤੇ ਐ। ਅਠਾਰਾਂ ਮੁਲਕਾਂ ਵਿੱਚ ਇਹ ਗਏ ਐ ਤੇ ਜਿੱਤ ਕੇ ਈ ਮੁੜਦੇ ਰਹੇ ਐ। ਵੀਰਾ ਤਾਕਤ ਈ ਬਾਹਲੀ ਸੀ, ਇਨ੍ਹਾਂ ਦੀ ਖੁਰਾਕ ਵੀ ਖੁੱਲ੍ਹੀ ਸੀ। ਜਦੋਂ ਪਿੰਡ ਆਉਣਾ, ਘਰ ਦਾ ਘਿਓ ਲੈ ਜਾਣਾ, ਪੀਪਾ ਭਰ ਕੇ ਦੇਣਾ। ਓਥੇ ਵੀ ਖੁੱਲ੍ਹਾ ਖਾਣਾ, ਨਾਲੇ ਊਂ ਵੀ ਇਹ ਪਹਿਲਾਂ ਤੋਂ ਈ ਹੱਡਾਂ ਪੈਰਾਂ ਦੇ ਮੋਕਲੇ ਸੀ।
-ਤੁਸੀਂ ਵੀ ਕਦੇ ਇਹਨਾਂ ਨਾਲ ਖੇਡਾਂ ਵੇਖਣ ਗਏ ਸੀ?
-ਨਾ ਵੇ ਭਾਈ! ਓਦੋਂ ਜ਼ਨਾਨੀਆਂ ਨੂੰ ਕੌਣ ਨਾਲ ਲਿਜਾਂਦਾ ਸੀ? ਇਹ ਤਾਂ ਹੁਣ ਈ ਫੈਸ਼ਨ ਹੋ ਗਿਆ। ਸਾਡੇ ਵੇਲੇ ਜ਼ਮਾਨਾ ਹੋਰ ਸੀ। ਨਾਲੇ ਇਨ੍ਹਾਂ ਦਾ ਸੁਭਾਅ ਵੀ ਕੁਛ ਅੱਖੜ ਸੀ। ਊਂ ਆਪਣੀਆਂ ਜਿੱਤਾਂ ਬਾਰੇ ਦੱਸਦੇ ਜ਼ਰੂਰ ਸਨ ਤੇ ਤਗਮੇ ਵੀ ਦਿਖਾ ਦਿੰਦੇ ਸਨ। ਉਂਜ ਨੌਕਰੀ ਸਮੇਂ ਮੈਂ ਸੰਗਰੂਰ, ਝਾਂਸੀ, ਬੀਬੀਨੇ, ਇਨ੍ਹਾਂ ਕੋਲ ਰਹੀ ਜ਼ਰੂਰ ਆਂ। ਬਾਹਲਾ ਤਾਂ ਮੈਂ ਭਗਤੇ ਜਾਂ ਰਾਜਗੜ੍ਹ ਈ ਰਹੀ ਆਂ।
-ਥੋਡੀ ਆਪਸ ਵਿੱਚ ਬਣਦੀ ਤਾਂ ਬਹੁਤ ਹੋਣੀ ਐਂ?
-ਜੇ ਭਾਈ ਆਪਸ ਵਿੱਚ ਬਣਦੀ ਨਾ ਹੁੰਦੀ ਤਾਂ ਐਸ ਘਰੇ ਮੇਰੀ ਸੌਂਕਣ ਦਾ ਡੇਰਾ ਹੋਣਾ ਸੀ ਤੇ ਮੈਂ ਮਾਤ੍ਹੜ ਪੇਕੀਂ ਰੁਲਦੀ ਹੁੰਦੀ। ਵਿਆਹ ਤੋਂ ਦਸ ਸਾਲ ਪਿੱਛੋਂ ਵੀ ਜਦੋਂ ਮੇਰੇ ਕੋਈ ਜੁਆਕ ਜੱਲਾ ਨਾ ਹੋਇਆ ਤਾਂ ਬਾਪੂ ਜੀ ਇਨ੍ਹਾਂ ਨੂੰ ਦੂਜਾ ਵਿਆਹ ਕਰਵਾਉਣ ਲਈ ਜ਼ੋਰ ਪਾਉਣ ਲੱਗੇ। ਪਰ ਇਨ੍ਹਾਂ ਨੇ ਕਿਹਾ, ਜੇ ਦੂਜੀ ਦੇ ਵੀ ਜੁਆਕ ਨਾ ਹੋਇਆ ਫੇਰ? ਤੇ ਇਨ੍ਹਾਂ ਦੇ ਕੰਨ੍ਹਾਂ ਨਾ ਲਾਉਣ ਕਰਕੇ ਮੈਂ ਸੌਂਕਣ ਦੇ ਦੁੱਖੋਂ ਬਚ ਗਈ। ਫੇਰ ਵਾਹਿਗੁਰੂ ਨੇ ਸਾਡੀ ਵੀ ਸੁਣ ਲਈ ਤੇ ਆਹ ਜੁਆਕ ਹੋ ਗਿਆ। ਹੁਣ ਭਾਈ ਇਹਦੇ `ਗਾਂਹ ਜੁਆਕ ਐ। ਸੁੱਖ ਨਾਲ ਜੜ੍ਹ ਲੱਗ ਗਈ। ਊਂ ਭਾਈ ਮਾੜਾ ਮੋਟਾ ਖੜਕਾ ਦੜਕਾ ਤਾਂ ਘਰਾਂ `ਚ ਚਲਦਾ ਈ ਰਹਿੰਦੈ। ਦੋ ਭਾਂਡੇ ਖੜਕਦੇ ਈ ਐ।
-ਮਾਤਾ, ਤੁਹਾਡਾ ਮੁੰਡਾ ਵੀ ਖਿਡਾਰੀ ਐ?
-ਊਂ ਤਾਂ ਭਾਈ ਏਹ ਬਥੇਰਾ ਤਕੜਾ ਸੀ। ਆਵਦੇ ਹਾਣੀਆਂ ਤੋਂ ਦੂਣਾ ਜ਼ੋਰ ਸੀ। ਸਾਵਾਂ ਪਿਉ ਵਰਗਾ, ਪਰ `ਕੱਲਾ ਪੁੱਤ ਹੋਣ ਕਰਕੇ ਮੇਰਾ ਤੱਤੜੀ ਦਾ ਦਿਲ ਨੀ ਮੰਨਿਆਂ ਬਈ ਖੇਡਦਾ ਕਿਤੇ ਸੱਟ ਫੇਟ ਨਾ ਖਾ ਬੈਠੇ। ਸਰਦਾਰ ਜੀ ਨੇ ਬਥੇਰਾ ਜ਼ੋਰ ਲਾਇਆ ਬਈ ਇਹਨੂੰ ਖਿਡਾਰੀ ਬਣਾਈਏ ਪਰ ਮਾਂ ਦਾ ਦਿਲ ਸੀ। ਮੇਰਾ ਕਿਤੇ ਬਾਹਰ ਘੱਲਣ ਨੂੰ ਚਿੱਤ ਈ ਨੀ ਮੰਨਿਆ।
-ਜੇ ਪ੍ਰਦੁੱਮਣ ਸਿੰਘ ਖਿਡਾਰੀ ਨਾ ਹੁੰਦੇ ਤਾਂ ਥੋਨੂੰ ਕੀ ਫਰਕ ਪੈਂਦਾ?
-ਜੇ ਭਾਈ ਖਿਡਾਰੀ ਨਾ ਹੁੰਦੇ ਤਾਂ ਪਿੰਡ ਦੇ ਸਿਰ ਕੱਢਵੇਂ ਵੈੱਲੀ ਹੋਣੇ ਸੀ। ਏਡਾ ਕੱਦ-ਕਾਠ, ਅੰਨ੍ਹਾਂ ਜ਼ੋਰ ਤੇ ਫੇਰ ਜੱਟਾਂ ਵਾਲਾ ਅੜਬ ਸੁਭਾਅ। ਇਹ ਤਾਂ ਖੇਡਾਂ ਕਰਕੇ ਈ ਟਿਕਾਣੇ ਰਹੇ ਐ। ਨਹੀਂ ਤਾਂ ਕੋਈ ਬੰਦਾ ਮਾਰ ਦਿੰਦੇ ਤੇ ਜੇਲ੍ਹੀਂ ਰੁਲਦੇ। ਪਿੱਛੋਂ ਅਸੀਂ ਵੀ ਰੁਲਦੇ ਫਿਰਦੇ। ਬਾਕੀ ਭਾਈ ਆਹ ਤੂੰ ਮੇਰੀਆਂ ਫੋਟੂ ਖਿੱਚੀ ਜਾਨੈਂ ਤੇ ਮੇਰੀਆਂ ਗੱਲਾਂ ਬਾਤਾਂ ਲਿਖੀ ਜਾਨੈਂ। ਇਹ ਹੋਰ ਫੌਜਣਾਂ ਦੇ ਕਰਮਾਂ `ਚ ਕਿੱਥੇ! ਹੋਰ ਫੌਜਣਾਂ ਤੋਂ ਤਾਂ ਨੀ ਇਹ ਗੱਲਾਂ ਪੁੱਛਦਾ ਹੋਮੇਗਾ। ਇਨ੍ਹਾਂ ਨੂੰ ਲੱਖਾਂ ਲੋਕ ਜਾਣਦੇ ਐ ਤੇ ਸਾਰੇ ਮਸ਼ਹੂਰ ਐ। ਫੌਜੀ ਤਾਂ ਹੋਰ ਵੀ ਬਥੇਰੇ ਐ ਪਰ ਉਹਨਾਂ ਦੀ ਕੌਣ ਸਾਰ ਲੈਂਦਾ? ਉਹ ਰਟੈਰ ਹੋਣ ਪਿੱਛੋਂ ਬਿਚਾਰੇ ਦਰ ਦਰ ਰੁਲਦੇ ਐ …।
*
ਬ੍ਰਿਟਿਸ਼ ਇੰਡੀਆ ਦੇ ਚੈਂਪੀਅਨ ਦੌੜਾਕ ਹਜ਼ੂਰਾ ਸਿੰਘ ਬੋਤਾ ਦੀ ਬਿਰਧ ਪਤਨੀ ਚੰਦ ਕੌਰ ਦੇ ਲਾਭ ਸਿੰਘ ਸੰਧੂ ਨਾਲ ਹੋਏ ਬਚਨ ਬਿਲਾਸ ਵੀ ਸੁਣ ਲਓ:
-ਮਾਤਾ ਜੀ, ਸੁਣਾਓ ਜਿ਼ੰਦਗੀ ਕਿਹੋ ਜਿਹੀ ਲੰਘ ਰਹੀ ਐ?
-ਜਿਉਂਦਾ ਰਹਿ ਪੁੱਤ! ਰੱਬ ਲੰਮੀਆਂ ਉਮਰਾਂ ਕਰੇ, ਰੰਗ ਭਾਗ ਲੱਗਣ। ਸ਼ੇਰਾ ਪਛਾਣਿਆ ਨੀ, ਕਿਹੜੇ ਪਿੰਡੋਂ ਐਂ?
-ਮਾਤਾ ਜੀ, ਮੈਂ ਬਠਿੰਡੇ ਤੋਂ ਆਇਆਂ। ਤੁਹਾਡੇ ਜੀਵਨ ਬਾਰੇ ਕੁਝ ਲਿਖਣਾ।
-ਵੇ ਪੁੱਤ ਹੁਣ ਸਾਡਾ ਕਾਹਦਾ ਜਿਉਣ ਐ, ਬੁੱਢੇ ਵਾਰੇ ਕਿਹੜੀਆਂ ਗੱਲਾਂ ਲਿਖੇਂਗਾ? ਹੁਣ ਤਾਂ ਨਾ ਪੱਲੇ ਸਰੀਰ ਐ, ਨਾ ਕੋਈ ਪੈਸਾ ਧੇਲਾ, ਬੱਸ ਮੌਤ ਦੇ ਦਿਨ ਗਿਣਦੇ ਐਂ। ਕੁਛ ਤਾਂ ਕਬੀਲਦਾਰੀ ਨੇ ਰੋਲਤੇ, ਬਾਕੀ ਗਰੀਬੀ ਲੈ ਬੈਠੀ। ਫੇਰ ਵੀ ਤੂੰ ਐਨੀ ਦੂਰੋਂ ਚੱਲ ਕੇ ਆਇਐਂ। ਪੁੱਛੀ ਚੱਲ ਪੁੱਤ, ਜਿੰਨੀ ਕੁ ਮੇਰੀ ਬੁੱਧ ਐ ਦੱਸ-ਦੂੰ।
-ਤੁਹਾਡਾ ਪੇਕਾ ਪਿੰਡ ਕਿਹੜਾ ਐ ਤੇ ਹਜ਼ੂਰਾ ਸਿੰਘ ਨਾਲ ਤੁਹਾਡਾ ਰਿਸ਼ਤਾ ਕਦੋਂ ਤੇ ਕਿਵੇਂ ਹੋਇਆ?
-ਪੇਕੇ ਤਾਂ ਪੁੱਤ ਮੇਰੇ ਆਹ ਨੇੜੇ ਈ ਐ ਸ਼ੇਖਪੁਰੇ। ਇਹ ਓਦੋਂ ਪਟਿਆਲੇ ਆਲੇ ਰਾਜੇ ਦੇ ਨੌਕਰ ਹੁੰਦੇ ਸੀ। ਮੇਰਾ ਪਿਓ ਇਹਨਾਂ ਨੂੰ ਦੇਖਣ ਗਿਆ ਤਾਂ ਓਥੇ ਖੇਡਾਂ ਹੋ ਰਹੀਆਂ ਸੀ। ਇਹ ਰਾਜੇ ਦੇ ਬਰਾਬਰ ਤੁਰੇ ਜਾਣ। ਮੇਰੇ ਪਿਉ ਨੇ ਰੁਪਈਆ ਫੜਾਤਾ। ਮੇਰਾ ਬਾਬਾ ਤੇ ਚਾਚਾ ਆਖਣ ਲੱਗੇ, ਮੁੰਡੇ ਦਾ ਨਾਨਕ ਦਾਦਕ ਤਾਂ ਪਤਾ ਕਰ ਲੈਂਦਾ। ਮੇਰਾ ਪਿਉ ਕਹਿੰਦਾ, ਉਹ ਤਾਂ ਰਾਜੇ ਦੇ ਬਰਾਬਰ ਬੈਠਾ ਸੀ। ਮੈਂ ਤਾਂਹੀ ਰੁਪਈਆ ਫੜਾਤਾ ਬਈ ਮੁੰਡਾ ਰਾਜੇ ਦੇ ਬਰੋਬਰ ਬੈਠਾ, ਕਿਸੇ ਚੰਗੇ ਘਰਾਣੇ ਦਾ ਈ ਹੋਊ।
-ਮੁੰਡੇ ਤਾਂ ਹੁਣ ਸੁੱਖ ਨਾਲ ਕਮਾਈਆਂ ਕਰਦੇ ਹੋਣੇ ਐਂ। ਕੋਈ ਖਿਡਾਰੀ ਵੀ ਬਣਿਆਂ ਕਿ ਨਹੀਂ?
-ਵੱਡਾ ਮੁੰਡਾ ਤਾਂ ਆਵਦੇ ਤਾਏ ਦੀ ਢੇਰੀ `ਤੇ ਐ। ਛੋਟਾ ਠੇਲ੍ਹੇ `ਤੇ ਡਲੈਵਰ ਐ। ਵਿਚਕਾਰਲਾ ਘਰੇ ਮਾੜੀ ਮੋਟੀ ਵਾਹੀ ਕਰੀ ਜਾਂਦੈ। ਥੋੜ੍ਹੀ ਭੋਇੰ ਦੀ ਕਾਹਦੀ ਵਾਹੀ ਵੀਰਾ, ਐਵੇਂ ਧੰਦ ਪਿੱਟਣ ਐਂ। ਬਾਕੀ ਵੀਰ ਕੁੜੀਆਂ ਦੀ ਡਾਰ ਜੰਮ ਪਈ। ਜ਼ਮੀਨ ਗਹਿਣੇ ਬੈਅ ਕਰ ਕੇ ਕੁੜੀਆਂ ਵਿਆਹੀਆਂ। ਹੁਣ ਰਹਿਗੇ ਖਾਲੀ ਹੱਥ। ਵੀਰਾ ਇਹ ਸੀ ਅਣਪੜ੍ਹ, ਦਫ਼ਤਰਾਂ `ਚ ਅੱਜ ਕੱਲ੍ਹ ਕੌਣ ਸਿਆਣਦੈ? ਪੈਸਾ ਕੋਲ ਕੋਈ ਨੀ ਸੀ, ਨਹੀਂ ਤਾਂ ਵੱਢੀ ਦੇ ਕੇ ਪਿਨਸ਼ਨ ਲੁਆ ਲੈਂਦਾ। ਵੋਟਾਂ ਆਲੇ ਆਉਂਦੇ ਐ, ਅਖੇ ਪਿਨਸ਼ਨ ਲੁਆ ਦਿਆਂਗੇ। ਪਰ ਵੋਟਾਂ ਲੈ ਕੇ ਕੋਈ ਬਾਤ ਨੀ ਪੁੱਛਦਾ। ਹੁਣ ਜਵਾਂ ਈ ਰਹਿ ਖਲੋਤਾ। ਪਿੱਛੇ ਜੇ ਪਿਨਸ਼ਨ ਲੱਗੀ ਸੀ। ਦੋ ਕੁ ਸਾਲ ਮਿਲੀ, ਫੇਰ ਬੰਦ ਹੋਗੀ। ਅਖੇ ਸਰਕਾਰ ਕੋਲ ਪੈਸੇ ਹੈਣੀ। ਵੇ ਭਾਈ! ਜੇ ਤੇਰੀ ਕਿਤੇ ਸੂੰਹ ਸਿਆਣ ਵਾਲਾ ਐ ਤਾਂ ਤੂੰ ਈ ਮਾੜਾ ਮੋਟਾ ਉੱਤਾ ਵਾਚ। ਜੇ ਕੋਈ ਮਦਦ ਮਿਲ ਜੇ ਤਾਂ ਸਾਡਾ ਬੁਢਾਪਾ ਤਾਂ ਨਾ ਰੁਲੇ …।
*
ਉਹਦੀ ਦੂਜੀ ਖੇਡ ਪੁਸਤਕ ‘ਗਭਰੂ ਪੁੱਤ ਪੰਜਾਬ ਦੇ’ ਵਿੱਚੋਂ ਹਜ਼ੂਰਾ ਸਿੰਘ ਬਾਰੇ ਪੜ੍ਹੋ: ਹਜ਼ੂਰਾ ਸਿੰਘ ਬੋਤਾ 1912 ਵਿੱਚ ਪਟਿਆਲਾ ਰਿਆਸਤ ਦੇ ਪਿੰਡ ਲਹਿਰੀ ਜਿ਼ਲ੍ਹ੍ਹਾ ਬਠਿੰਡਾ ਵਿੱਚ ਜਨਮਿਆ। ਉਹ ਨਾਮੀ ਐਥਲੀਟ ਹੋਇਆ ਜਿਸ ਨੇ 1936 ਤੋਂ 1940 ਤੱਕ ਭਾਰਤ ਤੇ ਸ੍ਰੀ ਲੰਕਾ ਦੇ ਐਥਲੀਟਾਂ ਨੂੰ ਪਛਾੜਦਿਆਂ ਅੱਧੀ ਮੀਲ ਤੇ ਇੱਕ ਮੀਲ ਦੌੜ ਦੇ ਨਵੇਂ ਰਿਕਾਰਡ ਬਣਾਏ। ਉਸ ਨੇ ਕੈਨੇਡਾ ਤੋਂ ਆਏ ਇੱਕ ਮੰਨੇ ਦੰਨੇ ਦੌੜਾਕ ਨੂੰ ਵੀ ਪਟਿਆਲੇ ਵਿੱਚ ਹਰਾਇਆ। ਦੌੜਦਿਆਂ ਲੰਮੀਆਂ ਉਲਾਂਘਾ ਭਰਦਾ ਹੋਣ ਕਰਕੇ ਉਹਦੇ ਨਾਂ ਨਾਲ ਬੋਤਾ ਜੁੜ ਗਿਆ। ਮਹਾਰਾਜਾ ਭੁਪਿੰਦਰ ਸਿੰਘ ਦਾ ਇਹ ਸ਼ਾਹੀ ਐਥਲੀਟ ਬੁਢਾਪੇ ਵਿੱਚ ਆਪਣੇ ਪਿੰਡ ਲਹਿਰੀ ਘੋਰ ਗਰੀਬੀ ਦੀ ਹਾਲਤ ਵਿੱਚ ਮਰਿਆ। ਇਸ ਸ਼ਾਹੀ ਐਥਲੀਟ ਨਾਲ ਹੋਈ ਆਖ਼ਰੀ ਮੁਲਾਕਾਤ ਜੋ 1 ਜਨਵਰੀ 1995 ਨੂੰ ਬਠਿੰਡਾ ਵਿਖੇ ਕੀਤੀ ਗਈ ਦੇ ਕੁੱਝ ਅੰਸ਼ ਸ਼ਰਧਾਂਜਲੀ ਵਜੋਂ ਪੇਸ਼ ਹਨ:
-ਬਾਬਾ ਜੀ ਤੁਸੀਂ ਖੇਡਾਂ ਵਾਲੇ ਪਾਸੇ ਕਿਵੇਂ ਆਏ?
-ਆਉਣਾ ਕਿਵੇਂ ਸੀ ਜੁਆਨਾਂ, ਬੱਸ ਰੱਬ-ਸਬੱਬੀਂ ਆ ਗਿਆ। ਵੱਡੇ ਭਾਈ ਨੂੰ ਫੌਜ ਵਿੱਚ ਘਿਓ ਦੇਣ ਗਿਆ ਸੀ। ਓਥੇ ਖੇਡਾਂ ਹੁੰਦੀਆਂ ਸੀ। ਮੈਂ ਕਿਹਾ, ਮੈਂ ਵੀ ਬਾਈ ਛਾਲ ਲਾ ਕੇ ਦੇਖ ਲਾਂ? ਬਾਈ ਨੇ ਅੰਗਰੇਜ਼ ਅਫ਼ਸਰ ਨਾਲ ਗਿੱਟਮਿੱਟ ਕੀਤੀ। ਅਫ਼ਸਰ ਕਹਿਣ ਲੱਗਾ, ਪਹਿਲੇ ਜੁਆਨ ਨਾਲੋਂ ਵੱਧ ਛਾਲ ਲਾਉਣੀ ਪਊ। ਮੈਂ ਲਾਂਗੜ ਕੱਢਿਆ ਤੇ ਉਹਦੇ ਜਿੰਨੀ ਉੱਚੀ ਛਾਲ ਮਾਰ ਕੇ ਰੱਸੀ ਟੱਪ ਗਿਆ। ਅੰਗਰੇਜ਼ ਅਫ਼ਸਰ ਬੈਲਡਨ-ਬੈਲਡਨ ਕਰਦਾ ਫਿਰੇ। ਉਹਨੇ ਓਥੇ ਈ ਮੈਨੂੰ ਭਰਤੀ ਕਰ ਲਿਆ। ਫੇਰ ਮੈਂ ਦੌੜਾਂ ਲਾਉਣ ਲੱਗ ਪਿਆ। ਜਦੋਂ ਮੈਂ ਲਾਹੌਰ ਅੱਵਲ ਦਰਜੇ `ਤੇ ਆਇਆ ਤਾਂ ਉੱਥੇ ਪਟਿਆਲੇ ਵਾਲਾ ਰਾਜਾ ਬੈਠਾ ਸੀ। ਉਹਨੇ ਮੈਨੂੰ ਪਿੰਡ ਪੁੱਛਿਆ ਤੇ ਥਾਪੀ ਦੇ ਦਿੱਤੀ। ਉਹ ਮੈਨੂੰ ਆਵਦੇ ਨਾਲ ਹੀ ਪਟਿਆਲੇ ਲੈ ਆਇਆ। ਏਥੇ ਆ ਕੇ ਮੈਂ ਇੰਡੋ-ਸੀਲੋਨ ਡਿਊਲ ਮੀਟ `ਚੋਂ ਅੱਵਲ ਆਇਆ। ਓਦੋਂ ਕਿਤੇ ਜੰਗ ਨਾ ਲੱਗਦੀ ਤਾਂ ਮੈਂ ਦੁਨੀਆ ਜਿੱਤ ਲੈਣੀ ਸੀ।
-ਓਥੇ ਖੁਰਾਕ ਤਾਂ ਚੰਗੀ ਮਿਲਦੀ ਹੋਊ?
-ਕਿਹੜੀ ਗੱਲ ਕਰਦੈਂ ਜੁਆਨਾਂ, ਅੰਨ੍ਹੀ ਖੁਰਾਕ ਮਿਲਦੀ ਸੀ। ਅੱਧ ਸੇਰ ਝਟਕਾ, ਦੋ ਸੇਰ ਦੁੱਧ, ਪਾਈਆ ਘਿਓ ਤੇ ਹੋਰ ਬਥੇਰਾ ਨਿੱਕ-ਸੁੱਕ ਖਾਣ ਨੂੰ ਮਿਲਦਾ ਸੀ। ਤਿੰਨ ਸੌ ਰੁਪਈਏ ਮਹੀਨੇ ਦੀ ਤਨਖਾਹ ਸੀ। ਰਾਜੇ ਦੇ ਬਰਾਬਰ ਕੁਰਸੀ ਡਹਿੰਦੀ ਸੀ।
-ਹੁਣ ਕੀ ਹਾਲ ਹੈ?
-ਕਾਹਦਾ ਹਾਲ ਸ਼ੇਰਾ, ਬੁਰੇ ਹਾਲ ਤੇ ਬੌਂਕੇ ਦਿਹਾੜੇ। ਰਾਜੇ ਦੇ ਮਰਨ ਪਿੱਛੋਂ ਨਵੇਂ ਹਾਕਮਾਂ ਨਾਲ ਮੇਰੀ ਮੀਜਾ ਨਾ ਮਿਲੀ ਤੇ ਮੈਂ ਪਿੰਡ ਆ ਗਿਆ। ਬਰਾਨੀ ਜ਼ਮੀਨ ਸੀ, ਫਸਲ ਵਾੜੀ ਹੁੰਦੀ ਨੀ ਸੀ। ਸਰਕਾਰ ਨੇ ਬਾਤ ਨਾ ਪੁੱਛੀ। ਇੱਕ ਵਾਰੀ ਗਿੱਲ ਸਾਹਿਬ ਨੇ ਬਠਿੰਡੇ ਵਾਲੇ ਡੀਸੀ ਨੂੰ ਕਹਿ ਕੇ ਪਿਨਸ਼ਨ ਲੁਆਈ ਸੀ। ਉਹ ਵੀ ਮਗਰੋਂ ਬੰਦ ਹੋਗੀ। ਹੁਣ ਤਾਂ ਰੱਬ ਆਸਰੇ ਹੀ ਡੰਗ ਸਰਦਾ। ਜਦੋਂ ਮਰ ਗਿਆ ਤਾਂ ਏਹੀ ਅਫ਼ਸਰ ਮੇਰੇ ਨਾਂ `ਤੇ ਮੇਲੇ ਲਾਉਣਗੇ ਤੇ ਵੱਡੇ ਲੀਡਰ ਸੰਘ ਪਾੜ ਕੇ ਭਾਸ਼ਨ ਦੇਣਗੇ।
-ਨੌਜੁਆਨਾਂ ਨੂੰ ਕੋਈ ਸੁਨੇਹਾ?
ਸੁਨੇਹਾ ਸ਼ੇਰਾ ਕਾਹਦਾ, ਬੱਸ ਨਸ਼ੇ-ਪੱਤੇ ਤੋਂ ਬਚੇ ਰਹਿਣ। ਚੰਗੀ ਖੁਰਾਕ ਖਾਣ ਤੇ ਮਿਹਨਤ ਕਰਨ। ਅਸੀਂ ਤਾਂ ਹੁਣ ਨਦੀ ਕਿਨਾਰੇ ਰੁਖੜੇ ਆਂ, ਸਾਡੀ ਸਭ ਨੂੰ ਫਤਿਹ ।
ਲਾਭ ਸਿੰਘ ਸੰਧੂ ਨੇ 1970 ਤੋਂ ਲਿਖਣਾ ਸ਼ੁਰੂ ਕੀਤਾ ਸੀ। ਪਹਿਲਾਂ ਕਵਿਤਾ ਲਿਖੀ, ਫਿਰ ਗੀਤ, ਗ਼ਜ਼ਲਾਂ ਤੇ ਰੁਬਾਈਆਂ। 1980 ਤੋਂ ਵਾਰਤਕ ਲਿਖਣ ਲੱਗ ਪਿਆ ਸੀ। ਵਾਰਤਕ ਦੇ ਨਮੂਨੇ ਤਾਂ ਵੇਖ ਹੀ ਲਏ ਨੇ, ਉਹਦੀ ਗ਼ਜ਼ਲ ਦਾ ਨਮੂਨਾ ਵੀ ਵੇਖ ਲਓ:
ਸਾਜ਼, ਸੰਗੀਤ, ਸਜ਼ਿੰਦੇ, ਸੀਖਾਂ ਅੰਦਰ ਨੇ
ਛਮ ਛਮ ਹੰਝੂ ਕੇਰੇ ਤਾਂ ਹੀ ਅੰਬਰ ਨੇ
ਨਾ ਰੂਹਾਂ ਦਾ ਮੇਲਾ ਨਾ ਰੁੱਤ ਮੌਲ ਰਹੀ
ਹਾਸੇ ਕੈਦੀ ਕੀਤੇ ਕਿਸੇ ਕਲੰਦਰ ਨੇ
1 ਮਈ ਨੂੰ ਉਹਦੇ ਨਮਿੱਤ ਪਾਠ ਦਾ ਭੋਗ ਪਾਇਆ ਜਾਵੇਗਾ ਤੇ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ।
principalsarwansingh@gmail.com