Canada ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ, 22 ਪੰਜਾਬੀ ਵੀ ਜਿੱਤੇ
22 ਪੰਜਾਬੀ ਉਮੀਦਵਾਰਾਂ ਨੇ ਸਫਲਤਾ ਨੂੰ ਚੁੰਮਿਆਂ- 6 ਗਿੱਲਾਂ ਨੇ ਜਿੱਤ ਦਾ ਡੰਕਾ ਵਜਾਇਆ
ਹਰਦਮ ਮਾਨ
ਸਰੀ, 30 ਅਪ੍ਰੈਲ 2025-ਕੈਨੇਡਾ ਵਿਚ 28 ਅਪ੍ਰੈਲ ਨੂੰ ਹੋਈਆਂ ਫੈਡਰਲ ਚੋਣਾਂ ਵਿਚ ਲਿਬਰਲ ਪਾਰਟੀ ਨੇ 169 ਸੀਟਾਂ ਤੇ ਜਿੱਤ/ਲੀਡ ਹਾਸਲ ਕਰ ਲਈ ਹੈ, ਕਸੰਰਵੇਟਿਵ ਦੇ 144, ਕਿਊਬਿਕ ਦੇ 22, ਐਨ.ਡੀ.ਪੀ. ਦੇ 7 ਅਤੇ ਗਰੀਨ ਪਾਰਟੀ ਦੇ 1 ਉਮੀਵਾਰ ਨੂੰ ਸਫਲਤਾ ਮਿਲੀ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ ਦਰਸਾਈ ਜਾ ਰਹੀ ਤਾਜ਼ਾ ਸਥਿਤੀ ਅਨਸਾਰ ਇਸ ਵਾਰ 22 ਪੰਜਾਬੀ ਉਮੀਦਵਾਰਾਂ ਨੇ ਸਫਲਤਾ ਨੂੰ ਚੁੰਮਿਆਂ ਹੈ ਜਦੋਂ ਕਿ 2021 ਵਿਚ ਹੋਈਆਂ ਚੋਣਾਂ ਵਿਚ 15 ਪੰਜਾਬੀ ਉਮੀਦਵਾਰ ਪਾਰਲੀਮੈਂਟ ਵਿਚ ਪਹੁੰਚੇ ਸਨ। ਚੁਣੇ ਗਏ 22 ਉਮੀਦਵਾਰਾਂ ਵਿੱਚ ਲਿਬਰਲ ਪਾਰਟੀ ਦੇ 12 ਅਤੇ ਕੰਸਰਵੇਟਿਵ ਪਾਰਟੀ ਦੇ 10 ਉਮੀਦਵਾਰ ਸ਼ਾਮਲ ਹਨ। ਇਹਨਾਂ ਵਿੱਚੋਂ 11 ਉਮੀਦਵਾਰ ਓਨਟਾਰੀਓ ਸੂਬੇ ਨਾਲ ਸਬੰਧਤ ਹਨ, 5 ਬੀ.ਸੀ. ਨਾਲ, 5 ਅਲਬਰਟਾ ਨਾਲ ਸਬੰਧਤ ਹਨ ਅਤੇ ਇਕ ਉਮੀਦਵਾਰ ਕਿਊਬਿਕ ਨਾਲ ਸੰਬਧਤ ਹੈ।

ਓਨਟਾਰੀਓ ਸੂਬੇ ਤੋਂ ਲਿਬਰਲ ਪਾਰਟੀ ਦੇ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਵਿਚ ਹਲਕਾ ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਨੇ ਕੰਸਰਵੇਟਿਵ ਪਾਰਟੀ ਦੇ ਸੁਖਦੀਪ ਕੰਗ ਨੂੰ ਹਰਾਇਆ। ਬਰੈਂਪਟਨ ਸੈਂਟਰ ਤੋਂ ਅਮਨਦੀਪ ਸੋਢੀ ਨੇ ਤਰਨ ਚਾਹਲ ਨੂੰ ਹਰਾਇਆ, ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ ਨੇ ਬੌਬ ਦੋਸਾਂਝ ਨੂੰ, ਬਰੈਂਪਟਨ ਨੌਰਥ ਕੇਲਡੋਨ ਤੋਂ ਰੂਬੀ ਸਹੋਤਾ ਨੇ ਅਮਨਦੀਪ ਜੱਜ ਨੂੰ, ਵਾਟਰਲੂ ਤੋਂ ਬਰਦੀਸ਼ ਚੱਗੜ ਨੇ ਵਸੀਮ ਬੋਟਰੋਸ ਨੂੰ, ਮਿਸੀਸਾਗਾ ਮਾਲਟਨ ਤੋਂ ਇਕਵਿੰਦਰ ਸਿੰਘ ਗਹੀਰ ਨੇ ਜਸਪ੍ਰੀਤ ਸੰਧੂ ਨੂੰ, ਓਕਵਿੱਲੇ ਈਸਟ ਤੋਂ ਅਨੀਤਾ ਅਨੰਦ ਨੇ ਰੌਨ ਸ਼ਿੰਜ਼ਰ ਨੂੰ ਮਾਤ ਦਿੱਤੀ।
ਬੀ.ਸੀ. ਸੂਬੇ ਵਿਚ ਸਰੀ ਨਿਊਟਨ ਹਲਕੇ ਤੋਂ ਲਿਬਰਲ ਆਗੂ ਸੁਖ ਧਾਲੀਵਾਲ ਪੰਜਵੀਂ ਵਾਰ ਚੋਣ ਜਿੱਤੇ। ਉਨ੍ਹਾਂ ਆਪਣੇ ਵਿਰੋਧੀ ਕੰਸਰਵੇਟਿਵ ਹਰਜੀਤ ਸਿੰਘ ਗਿੱਲ ਨੂੰ ਹਰਾਇਆ। ਇਸੇ ਤਰਾਂ ਸਰੀ ਸੈਂਟਰ ਤੋਂ ਲਿਬਰਲ ਆਗੂ ਰਣਦੀਪ ਸਿੰਘ ਸਰਾਏ ਨੇ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ ਅਤੇ ਉਨ੍ਹਾਂ ਕੰਸਰਵੇਟਿਵ ਉਮੀਦਵਾਰ ਰਾਜਵੀਰ ਸਿੰਘ ਢਿੱਲੋਂ ਨੂੰ ਮਾਤ ਦਿੱਤੀ। ਫਲੀਟਵੁੱਡ ਪੋਰਟਕੈਲਿਸ ਹਲਕੇ ਤੋਂ ਲਿਬਰਲ ਗੁਰਬਖਸ਼ ਸੈਣੀ ਨੇ ਸੁਖ ਪੰਧੇਰ ਨੂੰ, ਰਿਚਮੰਡ ਈਸਟ ਸਟੀਵਸਟਨ ਤੋਂ ਲਿਬਰਲ ਪਰਮ ਬੈਂਸ ਨੇ ਜ਼ੈਚ ਸੀਗਲ ਨੂੰ ਹਰਾਇਆ।
ਕਿਊਬਿਕ ਤੋਂ ਸਫਲ ਹੋਏ ਇੱਕੋ ਇਕ ਪੰਜਾਬੀ ਲਿਬਰਲ ਆਗੂ ਅੰਜੂ ਢਿੱਲੋਂ ਨੇ ਆਪਣੇ ਵਿਰੋਧੀ ਕੰਸਰਵੇਟਿਵ ਦੇ ਐਨੀਓਨੀ ਸਾਰ ਨੂੰ ਵੱਡੇ ਫਰਕ ਨਾਲ ਹਰਾਇਆ।
ਓਨਟਾਰੀਓ ਤੋਂ ਕੰਸਰਵੇਟਿਵ ਪਾਰਟੀ ਦੇ ਜਿੱਤਣ ਵਾਲੇ ਆਗੂਆਂ ਵਿਚ ਬਰੈਂਪਟਨ ਵੈਸਟ ਤੋਂ ਅਮਰਜੀਤ ਗਿੱਲ ਨੇ ਮੰਤਰੀ ਰਹੇ ਕਮਲ ਖਹਿਰਾ ਨੂੰ ਹਰਾਇਆ। ਇਸੇ ਤਰਾਂ ਵਿੰਡਸਰ ਵੈਸਟ ਤੋਂ ਹਰਬ ਗਿੱਲ ਨੇ ਰਿਚਰਡ ਪੂਲੋਕ ਨੂੰ, ਮਿਲਟਨ ਈਸਟ –ਹਾਲਟਨ ਹਿੱਲਜ਼ ਸਾਊਥ ਤੋਂ ਪਰਮ ਗਿੱਲ ਨੇ ਕ੍ਰਿਸਟੀਨ ਟੈਸਰ ਡੈਕਸੇਨ ਨੂੰ, ਔਕਸਫੋਰਡ ਤੋਂ ਅਰਪਨ ਖੰਨਾ ਨੇ ਡੇਵਿਡ ਹਿਡਰਲੇ ਨੂੰ ਹਰਾਇਆ।
ਅਲਬਰਟਾ ਸੂਬੇ ਵਿਚ ਕੈਲਗਰੀ ਈਸਟ ਹਲਕੇ ਤੋਂ ਜਸਰਾਜ ਸਿੰਘ ਹੱਲਣ ਨੇ ਪ੍ਰੀਤੀ ਓਬਰਾਏ ਮਾਰਟਿਨ ਨੂੰ ਮਾਤ ਦਿੱਤੀ, ਕੈਲਗਰੀ ਸਕਾਈਵਿਊ ਤੋਂ ਦਲਵਿੰਦਰ ਗਿੱਲ ਨੇ ਜੌਰਜ ਚਾਹਲ ਨੂੰ, ਅਡਮਿੰਟਨ ਸਾਊਥ ਈਸਟ ਤੋਂ ਜਗਸ਼ਰਨ ਸਿੰਘ ਮਾਹਲ ਨੇ ਮੇਅਰ ਅਮਰਜੀਤ ਸੋਹੀ ਨੂੰ ਅਤੇ ਅਡਮਿੰਟਨ ਗੇਟਵੇਅ ਤੋਂ ਟਿਮ ਉੱਪਲ ਨੇ ਹੇਰੇਮੀ ਹੋਫਸਲੂਟ ਨੂੰ ਹਰਾ ਕੇ ਸਫਲਤਾ ਹਾਸਲ ਕੀਤੀ। ਬੀ.ਸੀ. ਸੂਬੇ ਤੋਂ ਇੱਕੋ ਇਕ ਪੰਜਾਬੀ ਕੰਸਰਵੇਟਿਵ ਨੌਜਵਾਨ ਸੁਖਮਨ ਸਿੰਘ ਗਿੱਲ ਨੇ ਕੇਵਿਨ ਮਿਲੀਜ਼ ਨੂੰ ਹਰਾਇਆ।
ਇਹਨਾਂ ਚੋਣਾਂ ਵਿਚ ਦਿਲਚਸਪ ਗੱਲ ਇਹ ਰਹੀ ਕਿ ਗਿੱਲ ਗੋਤ ਨਾਲ ਸਬੰਧਤ 6 ਪੰਜਾਬੀਆਂ ਨੇ ਜਿੱਤ ਦਾ ਬਿਗਲ ਵਜਾ ਦਿੱਤਾ। ਇਹ ਸਾਰੇ ਕੰਸਰਵੇਟਿਵ ਪਾਰਟੀ ਨਾਲ ਸਬੰਧਤ ਹਨ। ਸਫਲ ਹੋਏ ਗਿੱਲਾਂ ਵਿਚ ਓਨਟਾਰੀਓ ਤੋਂ ਅਮਰਜੀਤ ਗਿੱਲ, ਹਰਬ ਗਿੱਲ ਤੇ ਪਰਮ ਗਿੱਲ ਸ਼ਾਮਲ ਹਨ, ਦਲਵਿੰਦਰ ਗਿੱਲ ਤੇ ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਤੋਂ ਸਫਲ ਹੋਏ ਹਨ ਅਤੇ ਸੁਖਮਨ ਸਿੰਘ ਗਿੱਲ ਬੀ.ਸੀ. ਸੂਬੇ ਤੋਂ ਚੋਣ ਜਿੱਤੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਚੋਣਾਂ ਵਿਚ ਵੱਖ ਵੱਖ ਪਾਰਟੀਆਂ ਤੋਂ 68 ਪੰਜਾਬੀ ਮੈਦਾਨ ਵਿਚ ਨਿੱਤਰੇ ਸਨ ਪਰ ਸਫਲਤਾ 22 ਨੂੰ ਹੀ ਨਸੀਬ ਹੋਈ ਹੈ। ਚੋਣ ਹਾਰਨ ਵਾਲੇ ਪ੍ਰਮੁੱਖ ਪੰਜਾਬੀਆਂ ਵਿਚ ਐਨ.ਡੀ.ਪੀ. ਆਗੂ ਜਗਮੀਤ ਸਿੰਘ, ਅਮਰਜੀਤ ਸੋਹੀ, ਕਮਲ ਖਹਿਰਾ ਅਤੇ ਬੌਬ ਦੋਸਾਂਝ ਸਾਮਲ ਹਨ।