ਬੱਸ ਅੱਡਾ ਮਾਮਲਾ: ਅਮਰਜੀਤ ਮਹਿਤਾ ਤੇ ਵਿਧਾਇਕ ਜਗਰੂਪ ਗਿੱਲ ਵਿਚਕਾਰ ਖੜਕਣ ਲੱਗੀ
ਅਸ਼ੋਕ ਵਰਮਾ
ਬਠਿੰਡਾ, 29 ਅਪ੍ਰੈਲ 2025 :ਬਠਿੰਡਾ ਦੇ ਮੌਜੂਦਾ ਬੱਸ ਅੱਡਾ ਕਿਸ ਕਰਵਟ ਬੈਠਦਾ ਹੈ ਅਤੇ ਪ੍ਰਸਤਾਵਿਤ ਮਲੋਟ ਰੋਡ ਪ੍ਰੋਜੈਕਟ ਦੀ ਉਸਾਰੀ ਸਬੰਧੀ ਤਾਂ ਵਕਤ ਹੀ ਦੱਸੇਗਾ ਪਰ ਇਸ ਮਾਮਲੇ ਨੂੰ ਲੈਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਗਿੱਲ ਵਿਚਕਾਰ ਇੱਕ ਵਾਰ ਫਿਰ ਤੋਂ ਖੜਕਦੀ ਨਜ਼ਰ ਆ ਰਹੀ ਹੈ। ਅੱਜ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਮੇਅਰ ਲੜਕੇ ਪਦਮਜੀਤ ਮਹਿਤਾ ਨੇ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਧਰਨੇ ’ਚ ਪੁੱਜਕੇ ਅੰਦੋਲਨਕਾਰੀਆਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਜਦੋਂਕਿ ਵਿਧਾਇਕ ਹਮਾਇਤੀ ਮਲੋਟ ਰੋਡ ਤੇ ਬੱਸ ਅੱਡਾ ਬਨਾਉਣ ਦੇ ਹੱਕ ਵਿੱਚ ਸੜਕਾਂ ਤੇ ਨਿੱਤਰੇ ਅਤੇ ਬਠਿੰਡਾ ਪ੍ਰਸ਼ਾਸ਼ਨ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ। ਰਤਾ ਪਿਛੋਕੜ ’ਚ ਜਾਈਏ ਤਾਂ ਪਤਾ ਲੱਗਦਾ ਹੈ ਕਿ ਵਾਰਡ ਨੰਬਰ 48 ਦੀ ਚੋਣ ਤੋਂ ਬਾਅਦ ਵਿਧਾਇਕ ਅਤੇ ਪੀਸੀਏ ਪ੍ਰਧਾਨ ਵਿਚਕਾਰ ਛੱਤੀ ਦਾ ਅੰਕੜਾ ਚਲਿਆ ਆ ਰਿਹਾ ਹੈ।
ਗਿੱਲ ਦੇ ਆਪਣੇ ਵਾਰਡ ਚੋਂ ਚੋਣ ਜਿੱਤਕੇ ਜਦੋਂ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਨੂੰ ਮੇਅਰ ਬਣਾਇਆ ਗਿਆ ਤਾਂ ਉੱਦੋਂ ਵੀ ਗਿੱਲ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਆਪਣੀ ਹੀ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਦੋਵਾਂ ਆਗੂਆਂ ਦੇ ਰਾਹ ਵੱਖ ਵੱਖ ਚਲੇ ਆ ਰਹੇ ਹਨ। ਇਹੋ ਕਾਰਨ ਹੈ ਕਿ ਜਦੋਂ ਮਹਿਤਾ ਪਿਓ ਪੁੱਤਰ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਧਰਨੇ ਵਿੱਚ ਪੁੱਜੇ ਤਾਂ ਆਗੂਆਂ ਦੇ ਚਿਹਰੇ ਖਿੜੇ ਦਿਖਾਈ ਦਿੱਤੇ। ਅਮਰਜੀਤ ਮਹਿਤਾ ਨੇ ਭਰੋਸਾ ਦਿਵਾਇਆ ਕਿ ਬੱਸ ਅੱਡੇ ਦੇ ਸਬੰਧ ਵਿੱਚ ਲੋਕ ਰਾਏ ਲਈ ਜਾਵੇਗੀ ਅਤੇ ਉਹ ਡਿਪਟੀ ਕਮਿਸ਼ਨਰ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਫਿਰ ਵੀ ਕੋਈ ਸਿੱਟਾ ਨਾਂ ਨਿਕਲਣ ਦੀ ਸੂਰਤ ’ਚ ਇਹ ਮਸਲਾ ਮੁੱਖ ਮੰਤਰੀ ਕੋਲ ਵੀ ਉਠਾਇਆ ਜਾਵੇਗਾ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਉਹ ਸੰਘਰਸ਼ ਕਮੇਟੀ ਦੇ ਹੱਕ ਵਿੱਚ ਪਹਿਰਾ ਦੇਣਗੇ।
ਸੰਘਰਸ਼ ਕਮੇਟੀ ਦੀ ਦੋ ਟੁੱਕ
ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਅਤੇ ਹਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨਿਕ ਜਾਂ ਸਰਕਾਰੀ ਪੱਧਰ ’ਤੇ ਭਰੋਸਾ ਨਹੀਂ ਮਿਲਦਾ ਉਦੋਂ ਤੱਕ ਪੱਕਾ ਮੋਰਚਾ ਜਾਰੀ ਰਹੇਗਾ ਕਿਉਂਕਿ ਇਹ ਬਠਿੰਡਾ ਵਾਸੀਆਂ ਦੇ ਅਧਿਕਾਰ ਤੇ ਹੋਂਦ ਦਾ ਸਵਾਲ ਹੈ। ਕੌਂਸਲਰ ਸੰਦੀਪ ਬਾਬੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਬੇਰੁਖੀ ਲੋਕਾਂ ਦੇ ਮਨ ਵਿੱਚ ਸਵਾਲ ਪੈਦਾ ਕਰ ਰਹੀ ਹੈ । ਵੱਖ ਵੱਖ ਆਗੂਆਂ ਨੇ ਕਿਹਾ ਕਿ ਵਿਧਾਇਕ ਅਤੇ ਪ੍ਰਸ਼ਾਸਨ ਮੁੱਠੀ ਭਰ ਲੋਕਾਂ ਅਤੇ ਭੂ-ਮਾਫੀਆ ਦੇ ਫਾਇਦੇ ਲਈ ਜਨਤਕ ਸੰਘਰਸ਼ ਖਿਲਾਰਨ ਵਾਸਤੇ ਆਪਣੇ ਚਹੇਤਿਆਂ ਰਾਹੀਂ ਬੱਸ ਅੱਡਾ ਬਦਲਣ ਦੀ ਹਮਾਇਤ ਕਰਵਾ ਰਹੇ ਹਨ ਜੋ ਕਿ ਨਿੰਦਣਯੋਗ ਹੈ।
.jpg)
ਮਲੋਟ ਵਾਲੀ ਸੜਕ ਤੇ ਬਣੇ ਅੱਡਾ
ਦੂਜੇ ਪਾਸੇ ਮਲੋਟ ਰੋਡ ਪ੍ਰਜੈਕਟ ਦੇ ਹੱਕ ਵਿੱਚ ਆਏ ਰਕੇਸ਼ ਕੁਮਾਰ, ਤਰਸੇਮ ਗਰਗ, ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਅਸ਼ੋਕ ਕੁਮਾਰ ਅਤੇ ਸੁਨੀਲ ਕੁਮਾਰ ਆਦਿ ਨੇ ਕਿਹਾ ਕਿ ਮੌਜੂਦਾ ਅੱਡਾ ਸ਼ਹਿਰ ਦੇ ਵਿਚਕਾਰ ਹੋਣ ਕਰਕੇ ਆਵਾਜਾਈ ਲਗਾਤਾਰ ਜਾਮ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮਲੋਟ ਰੋਡ ਦੇ ਵਿਕਸਤ ਹੋਣ ਦੀ ਸੂਰਤ ਵਿੱਚ ਨਵਾਂ ਬੱਸ ਅੱਡਾ ਵਕਤ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਦੇ ਨਵੇਂ ਇਲਾਕਿਆਂ ਦਾ ਵਿਕਾਸ ਵੀ ਹੋਵੇਗਾ ਅਤੇ ਲੋਕਾਂ ਨੂੰ ਵਿਗੜੇ ਆਵਾਜਾਈ ਪ੍ਰਬੰਧਾਂ ਤੋਂ ਵੀ ਰਾਹਤ ਮਿਲੇਗੀ। ਇਸ ਮੌਕੇ ਲੋਕਾਂ ਨੇ ਹੱਕ ਵਿੱਚ ਨਾਅਰੇ ਲਾਕੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ ਅਤੇ ਵਿਰੋਧੀਆਂ ਨੂੰ ਹਮਾਇਤ ਕਰਨ ਦੀ ਅਪੀਲ ਵੀ ਕੀਤੀ।
ਮਲੋਟ ਰੋਡ ਤੇ ਬਣੂ ਬੱਸ ਅੱਡਾ-ਵਿਧਾਇਕ
ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਮਲੋਟ ਰੋਡ ਤੇ ਨਵਾਂ ਬੱਸ ਅੱਡਾ ਬਣੇਗਾ ਜਿਸ ਨੂੰ ਪੰਜਾਬ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਨੀਂਹ ਪੱਥਰ ਦੀ ਗੱਲ ਵੀ ਆਖੀ ਅਤੇ ਸੰਘਰਸ਼ ਕਮੇਟੀ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਵੀ ਗਲ੍ਹਤ ਦੱਸਿਆ। ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਅੱਡਾ ਵੀ ਚਾਲੂ ਰੱਖਿਆ ਜਾਏਗਾ ਅਤੇ ਦੋਵਾਂ ਵਿਚਕਾਰ ਸੰਪਰਕ ਲਈ ਈਬੱਸਾਂ ਚਲਾਈਆਂ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਨਵਾਂ ਬੱਸ ਅੱਡਾ ਟਰੈਫਿਕ ਦੀ ਸਮੱਸਿਆ ਹੱਲ ਕਰਨ ਵਿੱਚ ਸਹਾਈ ਹੋਵੇਗਾ।