ਸੰਘਰਸ਼ ਨੂੰ ਹਰਾ ਕੇ ਕਾਮਯਾਬ ਹੋਇਆ "ਦੀਪ ਲੋਂਗੋਵਾਲੀਆ"
'ਬੂਟ ਪਾਲਿਸ਼ੀ ਤੋਂ ਆਰਟ ਡਾਇਰੈਕਟਰ ਬਣਨ ਦਾ ਸਫ਼ਰ'
ਬਚਪਨ 'ਚ ਰੇਲਗੱਡੀਆਂ 'ਚ ਸਵਾਰ ਯਾਤਰੀਆਂ ਦੇ ਜੁੱਤੇ ਸਾਫ਼ ਕਰਕੇ ਆਪਣੀ ਪੜ੍ਹਾਈ ਤੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਦੀਪ ਲੌਂਗੋਵਾਲੀਆ ਅੱਜ ਫਿਲਮੀ ਜਗਤ 'ਚ ਬਤੌਰ ਆਰਟ ਡਾਇਰੈਕਟਰ ਕਾਫ਼ੀ ਨਾਮ ਖੱਟ ਚੁੱਕੇ ਹਨ। ਉਸ ਸਮੇਂ ਦੀਪ ਲੌਂਗੋਵਾਲੀਆ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇੱਕ ਦਿਨ ਆਰਟ ਡਾਇਰੈਕਟਰ ਬਣ ਜਾਵੇਗਾ। ਉਹ ਫਿਲਮ ਇੰਡਸਟਰੀ 'ਚ ਲਗਪਗ 30 ਸਾਲਾਂ ਤੋਂ ਕੰਮ ਕਰ ਰਿਹਾ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਉਸਨੇ ਸਖ਼ਤ ਮਿਹਨਤ, ਦਿਨ ਭਰ ਭੁੱਖਾ ਰਹਿ ਕੇ ਤਪੱਸਿਆ ਕੀਤੀ ਹੈ।
ਦੀਪ ਲੋਂਗੋਵਾਲੀਆ ਦਾ ਜਨਮ ਜ਼ਿਲ੍ਹਾ ਸੰਗਰੂਰ ਅੰਦਰ ਪੈਂਦੇ ਪਿੰਡ ਲੋਂਗੋਵਾਲ ਵਿਖੇ ਪਿਤਾ ਸ. ਬੂਟਾ ਸਿੰਘ ਦੇ ਘਰ ਮਾਤਾ ਸ੍ਰੀ ਪਰਮਜੀਤ ਕੌਰ ਦੀ ਕੁੱਖੋਂ ਹੋਇਆ। ਘਰ 'ਚ ਗਰੀਬੀ ਦਾ ਕਹਿਰ ਸੀ ਤੇ ਉਸਦੀ ਸੋਚ ਸੀ ਕਿ ਵੱਡਾ ਹੋ ਕੇ ਕੁਝ ਅਜਿਹਾ ਕਰੇ ਕਿ ਦੁਨੀਆਂ 'ਚ ਵੱਖਰੀ ਪਹਿਚਾਣ ਬਣਾ ਸਕੇ। ਆਪਣੇ ਸੰਘਰਸ਼ ਭਰੇ ਜੀਵਨ ਦੀ ਦਾਸਤਾਨ ਦੱਸਦਿਆਂ ਉਹ ਅਕਸਰ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਹਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਂਕ ਸੀ ਉਹ ਅਕਸਰ ਹੀ ਗੱਤੇ ਦੀਆਂ ਕੋਠੀਆਂ ਅਤੇ ਤਸਵੀਰਾਂ ਬਣਾਉਦਾ ਰਹਿੰਦਾ ਸੀ। ਉਸ ਦਾ ਸੁਪਨਾ ਸੀ ਕਿ ਮੈਂ ਐਕਟਰ ਬਣਾਂ ਜਿਸ ਕਰਕੇ ਉਹ ਭੋਜਪੁਰੀ ਫਿਲਮਾਂ ਦੇ ਡਾਇਰੈਕਟਰ ਰਮੇਸ਼ ਕਟਾਰੀਆ ਕੋਲ ਲਖਨਊ ਚਲਾ ਗਿਆ। ਦੀਪ ਨੇ ਅੱਗੇ ਦੱਸਿਆ ਕਿ ਮੈਂ ਕੁਝ ਸਾਥੀਆਂ ਦੇ ਨਾਲ ਮੁੰਬਈ ਵਿਖੇ ਆਡੀਸ਼ਨ ਦੇਣ ਲਈ ਗਿਆ ਉਨ੍ਹਾਂ ਸਾਡੇ ਕੋਲੋ 20-20 ਹਜ਼ਾਰ ਰੁਪਏ ਫੀਸ ਵਜੋਂ ਲਏ ਤੇ ਸਾਨੂੰ ਯਮੁਨਾਨਗਰ ਲੈ ਆਏ ਤੇ ਕਹਿਣ ਲੱਗੇ ਕਿ ਸੀਰੀਅਲ ਤੋਂ ਪਹਿਲਾਂ ਐਕਟਿੰਗ ਸਿਖਾਉਣੀ ਹੈ। ਉਨ੍ਹਾਂ ਫਿਰ ਸਾਡੇ ਨਾਲ ਠੱਗੀ ਮਾਰ ਲਈ। ਕਈ ਦਿਨ ਅਸੀਂ ਉੱਥੇ ਗੁਰੂਦੁਆਰਾ ਸਾਹਿਬ ਬੈਠੇ ਰਹੇ ਤੇ ਹੌਲੀ ਹੌਲੀ ਸਾਡੇ ਕੋਲੋਂ ਪੈਸੇ ਵੀ ਮੁੱਕ ਗਏ । ਫਿਰ ਅਚਾਨਕ ਉੱਥੇ ਦੀਪ ਦੀ ਮੁਲਾਕਾਤ ਸੰਜੂ ਮਠਾੜੂ ਨਾਲ ਹੋਈ। ਉਨ੍ਹਾਂ ਨੇ ਦੀਪ ਨੂੰ ਕਾਫ਼ੀ ਦਿਨ ਆਪਣੇ ਘਰ ਵਿੱਚ ਬੱਚਿਆਂ ਵਾਂਗ ਰੱਖਿਆ। ਦੀਪ ਦੀ ਦਰਦ ਭਰੀ ਦਾਸਤਾਨ ਸੁਣ ਕੇ ਜਿੱਥੇ ਸੰਜੂ ਮਠਾੜੂ ਭਾਵੁਕ ਹੋਏ ਨਾਲ ਹੀ ਉਨ੍ਹਾਂ ਨੇ ਮੈਨੂੰ ਆਪਣੇ ਨਾਲ ਕੰਮ ਕਰਨ ਦਾ ਮੌਕਾ ਵੀ ਦਿੱਤਾ। ਉਸ ਸਮੇਂ ਸੰਜੂ ਮਠਾੜੂ ਡਾ. ਸਵਰਨ ਸਿੰਘ ਦੀ ਗਿੱਲ ਦੀ ਫਿਲਮ 'ਲੱਖ ਪ੍ਰਦੇਸੀ ਹੋਈਏ' ਦਾ ਪ੍ਰੋਡਕਸ਼ਨ ਦਾ ਕੰਮ ਕਰ ਰਹੇ ਸਨ ,ਦੀਪ ਨੇ ਨਾਲ ਕੰਮ ਕੀਤਾ। ਇਸ ਤੋਂ ਇਲਾਵਾ ਆਰਟ ਡਾਇਰੈਕਟਰ ਤੀਰਥ ਸਿੰਘ ਗਿੱਲ ਤੋਂ ਵੀ ਆਰਟ ਦੀਆਂ ਬਾਰੀਕੀਆਂ ਬਾਰੇ ਸਿੱਖਿਆ ਹਾਸਲ ਕੀਤੀ। ਉਸ ਮਗਰੋਂ ਦੀਪ ਦੀ ਜ਼ਿੰਦਗੀ 'ਚ ਕਾਫੀ ਬਦਲਾਅ ਆਇਆ ਤੇ ਉਹ ਆਪਣੇ ਕਰੀਅਰ 'ਚ ਕਾਮਯਾਬੀ ਵੱਲ ਵਧਣ ਲੱਗੇ।
ਜੇਕਰ ਉਨ੍ਹਾਂ ਵੱਲੋਂ ਫਿਲਮਾਂ 'ਚ ਕੀਤੇ ਕੰਮਾਂ ਦੀ ਗੱਲ ਕਰੀਏ ਤਾਂ ਸ਼ੁਰੂਆਤ ਸਮੇਂ ਬਤੌਰ ਅਸਿਸਟੈਂਟ ਆਰਟ ਡਾਇਰੈਕਟਰ ਉਨ੍ਹਾਂ ਵੱਲੋਂ ਕੁਝ ਫਿਲਮਾਂ 'ਚ ਕੰਮ ਕੀਤਾ ਗਿਆ ਜਿਵੇਂ ਕਿ ਜਵਾਨੀ ਜ਼ਿੰਦਾਬਾਦ,ਮੁੰਡੇ ਯੂ ਕੇ ਦੇ
ਇਕ ਕੁੜੀ ਪੰਜਾਬ ਦੀ, ਦਾ ਲਾਈਨ ਔਫ ਪੰਜਾਬ, ਮੇਲ ਕਰਾਦੇ ਰੱਬਾ ,ਹੀਰ ਰਾਂਝਾ, ਏਕਮ, ਅੱਜ ਦੇ ਰਾਂਝੇ, ਯਸ਼ਰਾਜ ਬੈਨਰ ਦੀ ਹਿੰਦੀ ਫਿਲਮ ਮੇਰੇ ਬ੍ਰਦਰਜ਼ ਕੀ ਦੁਲਹਨ ਆਦਿ ਬਹੁਤ ਮਸ਼ਹੂਰ ਹੋਈਆਂ ਫਿਲਮਾਂ ਹਨ। ਉਸ ਮਗਰੋਂ ਉਨ੍ਹਾਂ ਨੇ ਬਤੌਰ ਆਰਟ ਡਾਇਰੈਕਟਰ ਕਾਫੀ ਫਿਲਮਾਂ ਕਰੀਆਂ ਜਿੰਨ੍ਹਾਂ 'ਚੋਂ ਦੇਗ ਤੇਗ ਫਤਹਿ, ਰਹਿਮਤਾਂ, ਦਿਲ ਸਾਡਾ ਲੁਟਿਆ ਗਿਆ, ਜੱਟ ਇਨ ਮੂੜ, ਕੰਟਰੋਲ ਭਾਜੀ ਕੰਟਰੋਲ, ਮਾਈ ਸ਼ੈਲਫ਼ ਘੈਂਟ, ਮਿੱਟੀ ਨਾ ਫਰੋਲ ਜੋਗੀਆ, ਦਾ ਬਲੱਡ ਸਟਰੀਟ, ਤੇਰੀ ਮੇਰੀ ਇੱਕ ਜਿੰਦੜੀ, ਪੰਜੋ, ਹੁੰਦੀ ਵੀਰਾਂ ਨਾਲ ਸਰਦਾਰੀ, ਗਾਂਧੀ ਦਾ ਗੈਂਗਸਟਰ, ਜਿੰਦਾਂ ਸੁਖਾਂ, ਹਾਲੀਵੁੱਡ ਮੂਵੀ ਵੈਆਰਫੁਟ ਵਾਰੀਅਰ, ਹਿੰਦੀ ਫ਼ਿਲਮ ਧਾਰਾਂ 302, ਢੋਲ ਰੱਤੀ, ਭਗਤ ਸਿੰਘ ਦੀ ਉਡੀਕ, ਕੱਚੇ ਧਾਗੇ, ਫੈਮਲੀ 420, ਵਨਸ ਅਗੈਨ, ਲੰਬੜਾਂ ਦਾ ਲਾਣਾ, ਇੱਟਾਂ ਦਾ ਘਰ, ਪਿਆਰੀ ਦਾਦੀ, ਸੰਜੋਗ, ਅੱਲੜ ਵਰੈਸ, ਦੂਰਦਰਸ਼ਨ ਸੀਰੀਅਲ ਮੇਰੇ ਦੇਸ ਕੀ ਧਰਤੀ, ਹਿੰਦੀ ਸੀਰੀਅਲ ਮਹਾਰਾਜਾ ਰਣਜੀਤ ਸਿੰਘ, ਵੈਬਸੀਰਜ ਕਾਂਡ, ਯਾਰੀ ਜੱਟ ਦੀ 2, ਬੰਗਾਲੀ ਫਿਲਮ ਹੰਸੀ ਕਨਰ ਇਤੀ ਕਥਾ, ਭੋਜਪੁਰੀ ਫਿਲਮ ਹਰਾਆ ਆਦਿ ਕੁਝ ਯਾਦਗਾਰੀ ਮਸ਼ਹੂਰ ਫਿਲਮਾਂ ਹਨ। ਇਸ ਤੋਂ ਇਲਾਵਾ ਦੀਪ ਨੇ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਕੇਸੀ ਬੁਕਾੜੀਆ ਜੀ ਦੇ ਨਾਲ ਫਿਲਮ 'ਭੂਤ ਅੰਕਲ ਜੀ ਤੁਸੀਂ ਗ੍ਰੇਟ ਹੋ' ਅਤੇ ਬਾਲੀਵੁੱਡ ਦੇ ਡਾਇਰੈਕਟਰ ਪਾਰਥੂ ਗੋਸ਼ ਜਿਹਨਾਂ ਦੇ ਨਾਲ ਬੰਗਾਲੀ ਭਾਸ਼ਾ ਦੀ ਫਿਲਮ ਕੀਤੀ ਜਿਸ ਨੂੰ ਸ੍ਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ।
ਦੀਪ ਨੇ ਆਖਿਆ ਕਿ ਆਪਣੇ ਸੁਪਨੇ ਪੂਰੇ ਕਰਨ ਲਈ ਉਸਨੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਿਆ ਹੈ। ਪ੍ਰੰਤੂ ਮਿਹਨਤ ਕਰਨ ਨਾਲ ਹੀ ਹਮੇਸ਼ਾ ਕਾਮਯਾਬੀ ਮਿਲਦੀ ਹੈ। ਇੱਥੋਂ ਤੱਕ ਪਹੁੰਚਾਉਣ 'ਚ ਪੰਜਾਬੀ ਗਾਇਕ ਤੇ ਅਦਾਕਾਰ ਹਰਜੀਤ ਹਰਮਨ ਅਤੇ ਅਦਾਕਾਰ ਰਾਜ ਬੱਬਰ ਜੀ ਦਾ ਬਹੁਤ ਸਹਿਯੋਗ ਰਿਹਾ ਹੈ। ਅੰਤ ਵਿੱਚ ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਦੀਪ ਲੋਂਗੋਵਾਲੀਆ ਤੰਦਰੁਸਤ ਰਹਿਣ ਤੇ ਪ੍ਰਮਾਤਮਾ ਉਸਨੂੰ ਹੋਰ ਤਰੱਕੀ ਕਰਨ ਦਾ ਬਲ ਬਖਸ਼ਣ । ਅੱਜ ਕੱਲ੍ਹ ਆਪਣੀ ਪਤਨੀ ਟਵਿੰਕਲ ਲੋਂਗੋਵਾਲੀਆ ਤੇ ਤਿੰਨ ਬੱਚਿਆਂ ਸਮੇਤ ਖਰੜ੍ਹ ਵਿਖੇ ਰਹਿ ਰਹੇ ਹਨ।
ਪੈਰੀ ਲਿਖਾਰੀ
81461-02593

-
ਪੈਰੀ ਲਿਖਾਰੀ, writer
pargatsinghmks2@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.