Babushahi Special ਮਲੋਟ ਰੋਡ ਬੱਸ ਅੱਡੇ ਦਾ ਰੱਫੜ: ਗਮ ਨਾ ਕਰ ਤੂੰ ਯਾਦ ਕਰ ਆਪਣੀ ਚੜ੍ਹਤ ਕੇ ਵੋਹ ਦਿਨ
ਅਸ਼ੋਕ ਵਰਮਾ
ਬਠਿੰਡਾ,13 ਅਗਸਤ 2025: ਬਠਿੰਡਾ ਦਾ ਮੌਜੂਦਾ ਬੱਸ ਅੱਡਾ ਤਬਦੀਲ ਕਰਨ ਦੇ ਮਾਮਲੇ ’ਚ ਦੋ ਦਿਨ ਪਹਿਲਾਂ ਬਠਿੰਡਾ ਜਿਲ੍ਹੇ ਨਾਲ ਸਬੰਧਤ 4 ਵਿਧਾਇਕਾਂ ਅਤੇ ਹਲਕਾ ਦਿਹਾਤੀ ਦੇ ਇੰਚਾਰਜ ਵੱਲੋਂ ਸੰਘਰਸ਼ ਕਮੇਟੀ ਦੀ ਪਿੱਠ ਥਾਪੜਨ ਕਾਰਨ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਡਰੀਮ ਪ੍ਰੋਜੈਕਟ ਮਲੋਟ ਰੋਡ ਬੱਸ ਅੱਡੇ ਦੀ ਉਸਾਰੀ ਤੇ ਪ੍ਰਸ਼ਨ ਚਿੰਨ੍ਹ ਲੱਗਦਾ ਨਜ਼ਰ ਆ ਰਿਹਾ ਹੈ। ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ , ਰਾਮਪੁਰਾ ਦੇ ਬਲਕਾਰ ਸਿੱਧੂ, ਮੌੜ ਦੇ ਸੁਖਵੀਰ ਸਿੰਘ ਮਾਈਸਰਖਾਨਾ , ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਹਲਕਾ ਇੰਚਾਰਜ ਜਸਵਿੰਦਰ ਸ਼ਿੰਦਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਕੇ ਬੱਸ ਅੱਡਾ ਮੌਜੂਦਾ ਥਾਂ ਤੇ ਰੱਖਣ ਦੀ ਮੰਗ ਕੀਤੀ ਹੈ। ਕੋਈ ਕੁੱਝ ਵੀ ਕਹੀ ਜਾਏ ਹਾਕਮ ਧਿਰ ਦੇ ਆਗੂਆਂ ਵੱਲੋਂ ਮੌਜੂਦਾ ਬੱਸ ਅੱਡੇ ਦੇ ਹੱਕ ਵਿੱਚ ਭੁਗਤਣਾ ਸਹਿਜ਼ ਨਹੀਂ ਬਲਕਿ ਇਸ ਪਿੱਛੇ ਗਿਣੇ ਮਿਥੇ ਸਿਆਸੀ ਪੈਂਤੜੇ ਦੀ ਚੁੰਝ ਚਰਚਾ ਹੈ।
ਇਸ ਪੱਤਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਬੱਸ ਅੱਡਾ ਸ਼ਹਿਰੋਂ ਬਾਹਰ ਲਿਜਾਣ ਦੇ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਵਿਧਾਇਕ ਗਿੱਲ ਨਾਲ ਇਕਸੁਰਤਾ ਨਹੀਂ ਹੈ। ਬਠਿੰਡਾ ਦੀ ਰਾਜਨੀਤੀ ਦੇ ਜਾਣਕਾਰਾਂ ਦਾ ਵੀ ਇਹੋ ਮੰਨਣਾ ਹੈ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਲੜਕੇ ਦੀ ਜਗਰੂਪ ਗਿੱਲ ਦੇ ਵਾਰਡ ਤੋਂ ਬੰਪਰ ਜਿੱਤ ਅਤੇ ਮੇਅਰ ਬਣਨ ਤੋਂ ਬਾਅਦ ਤਾਂ ਵਿਧਾਇਕ ਦਾ ਹਲਕੇ ’ਚ ਸਿਆਸੀ ਦਬਦਬਾ ਪੇਤਲਾ ਪੈਂਦਾ ਜਾ ਰਿਹਾ ਹੈ। ਇਸ ਦੀ ਮਿਸਾਲ ਸ਼ਹਿਰ ਵਿਚਲੇ ਜਿਆਦਾਤਰ ਸਮਾਗਮਾਂ ’ਚ ਮੇਅਰ ਦੀ ਮੌਜੂਦਗੀ ਤੋਂ ਮਿਲਦੀ ਹੈ ਜਦੋਂਕਿ ਪਹਿਲਾਂ ਵਿਧਾਇਕ ਮੁੱਖ ਮਹਿਮਾਨ ਹੁੰਦੇ ਸਨ। ਹੁਣ ਜਦੋਂ ਆਪਣੀ ਹੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮਲੋਟ ਰੋਡ ਪ੍ਰਜੈਕਟ ਦੇ ਵਿਰੋਧ ’ਚ ਡਟ ਗਈ ਹੈ ਤਾਂ ਵਿਧਾਇਕ ਲਈ ਪਹਿਲਾਂ ਨਵੇ ਬੱਸ ਅੱਡੇ ਦਾ ਨੀਂਹ ਪੱਥਰ ਅਤੇ ਫਿਰ ਪੰਜਾਬ ਸਰਕਾਰ ਤੋਂ ਉਸਾਰੀ ਸ਼ੁਰੂ ਕਰਵਾਉਣਾ ਬੋਤਾ ਰੇਲ ਚੜ੍ਹਾਉਣ ਵਾਂਗ ਹੁੰਦਾ ਜਾ ਰਿਹਾ ਹੈ।
ਮਾਮਲੇ ਨੂੰ ਡੂੰਘਾਈ ਨਾਲ ਸਮਝਣ ਲਈ ਪਿੱਛੇ ਚੱਲਦੇ ਹਾਂ ਜਦੋਂ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਵਿਧਾਇਕ ਜਗਰੂਪ ਗਿੱਲ ਨੇ ਮਲੋਟ ਰੋਡ ਤੇ ਬੱਸ ਅੱਡਾ ਬਨਾਉਣ ਦਾ ਐਲਾਨ ਕੀਤਾ ਸੀ ਜਿਸ ਲਈ ਕਰੀਬ 17 ਏਕੜ ਜਗ੍ਹਾ ਦੀ ਸ਼ਿਨਾਖਤ ਵੀ ਕੀਤੀ ਗਈ ਸੀ। ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਆਏ ਤਾਂ ਜਰੂਰ ਪਰ ਅਧਿਕਾਰੀਆਂ ਨਾਲ ਪ੍ਰਜੈਕਟ ਦਾ ਨਕਸ਼ਾ ਵਗੈਰਾ ਦੇਖਣ ਤੋਂ ਬਾਅਦ ਲੋਕਾਂ ਦੀ ਸਲਾਹ ਨਾਲ ਨਵਾਂ ਬੱਸ ਅੱਡਾ ਬਨਾਉਣ ਬਾਰੇ ਆਖ ਗਏ। ਉਸ ਮਗਰੋਂ ਇੱਕ ਵਾਰ ਫਿਰ ਪ੍ਰਜੈਕਟ ਸਾਈਟ ’ਚ ਬਦਲਾਅ ਕੀਤਾ ਗਿਆ ਅਤੇ ਬਠਿੰਡਾ ਪ੍ਰਸ਼ਾਸ਼ਨ ਨੇ ਵੀ ਕਾਰਵਾਈ ਆਰੰਭ ਦਿੱਤੀ । ਵਿਧਾਇਕ ਦਾ ਕਹਿਣਾ ਸੀ ਕਿ ਮਲੋਟ ਰੋਡ ਨੂੰ ਚੁਣਨ ਦਾ ਮਕਸਦ ਸ਼ਹਿਰ ਚੋਂ ਘੜਮੱਸ ਘਟਾਉਣਾ ਹੈ। ਦੂਜੇ ਪਾਸੇ ਬੱਸ ਅੱਡਾ ਬਦਲਣ ਦੇ ਨਫੇ ਨੁਕਸਾਨ ਨੂੰ ਦੇਖਦਿਆਂ ਸ਼ਹਿਰ ਵਾਸੀਆਂ ਨੇ ਸੰਘਰਸ਼ ਕਮੇਟੀ ਬਣਾਕੇ ਅੰਦੋਲਨ ਦੀ ਸ਼ੁਰੂਆਤ ਕਰ ਦਿੱਤੀ ਜੋ ਲਗਾਤਾਰ ਜਾਰੀ ਹੈ।
ਬੱਸ ਅੱਡੇ ਦੀ ਲੜਾਈ ਦੌਰਾਨ ਸੰਘਰਸ਼ ਕਮੇਟੀ ਨੂੰ ਵਿਧਾਇਕ ਦੇ ਸਿਆਸੀ ਵਿਰੋਧੀ ਅਮਰਜੀਤ ਮਹਿਤਾ ਦਾ ਸਾਥ ਵੀ ਮਿਲਿਆ ਅਤੇ ਉਨ੍ਹਾਂ ਦੇ ਮੇਅਰ ਪੁੱਤਰ ਨੇ ਵੀ ਲੋਕ ਰਾਇ ਮੁਤਾਬਕ ਚੱਲਣ ਦਾ ਵਾਅਦਾ ਵੀ ਕੀਤਾ । ਉੱਪਰੋਂ ਪਟੇਲ ਨਗਰ ਵਿੱਚ ਨਵਾਂ ਬੱਸ ਅੱਡਾ ਬਨਾਉਣ ਲਈ ਨੀਂਹ ਪੱਥਰ ਰੱਖਣ ਵਾਲੀ ਹਲਕਾ ਬਠਿੰੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪੱਤਰ ਲਿਖਕੇ ਮੌਜੂਦਾ ਬੱਸ ਅੱਡਾ ਸ਼ਹਿਰੋਂ ਬਾਹਰ ਨਾਂ ਤਬਦੀਲ ਕਰਨ ਦੀ ਮੰਗ ਕਰ ਦਿੱਤੀ ਹੈ। ਇਲਾਕੇ ਦੀਆਂ ਕਿਸਾਨ ਮਜ਼ਦੂਰ ਧਿਰਾਂ ਵੀ ਇਸ ਮੁੱਦੇ ਤੇ ਸੰਘਰਸ਼ ਕਮੇਟੀ ਦੀ ਪਿੱਠ ਤੇ ਡਟੀਆਂ ਹੋਈਆਂ ਹਨ। ਹੁਣ ਜਦੋਂ ਹਾਕਮ ਧਿਰ ਦੇ ਚਾਰ ਵਿਧਾਇਕਾਂ ਅਤੇ ਹਲਕਾ ਇੰਚਾਰਜ ਨੇ ਬੱਸ ਅੱਡਾ ਮੌਜੂਦਾ ਥਾਂ ਤੇ ਰੱਖਣ ਦੀ ਵਕਾਲਤ ਕੀਤੀ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਵਿਧਾਇਕ ਜਗਰੂਪ ਗਿੱਲ ਦੇ ਪ੍ਰਸਤਾਵਿਤ ਮਲੋਟ ਰੋਡ ਬੱਸ ਪ੍ਰਜੈਕਟ ਤੇ ਸੰਕਟ ਦੇ ਬੱਦਲ ਛਾ ਗਏ ਹਨ।
ਆਪਣੀ ਗੱਲ ਤੇ ਕਾਇਮ: ਜਗਰੂਪ ਗਿੱਲ
ਹਲਕਾ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਉਹ ਅੱਜ ਵੀ ਮਲੋਟ ਰੋਡ ਬੱਸ ਅੱਡਾ ਬਨਾਉਣ ਦੇ ਹੱਕ ਵਿੱਚ ਹਨ ਜਿਸ ਦੀ ਉਸਾਰੀ ਲਈ ਅੰਤਿਮ ਫੈਸਲਾ ਸਰਕਾਰ ਵੱਲੋਂ ਲਿਆ ਜਾਣਾ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਤਾਂ ਮੌਜੂਦਾ ਬੱਸ ਅੱਡਾ ਬੰਦ ਕਰਨ ਸਬੰਧੀ ਕਦੇ ਵੀ ਨਹੀਂ ਕਿਹਾ ਬਲਕਿ ਉਹ ਦੋ ਬੱਸ ਅੱਡਿਆਂ ਦੇ ਹਾਮੀ ਹਨ। ਉਨ੍ਹਾਂ ਕਿਹਾ ਕਿ ਬੱਸ ਅੱਡਾ ਇਸੇ ਥਾਂ ਰੱਖਣ ਨੂੰ ਹਮਾਇਤ ਸਬੰਧੀ ਤਾਂ ਵਿਧਾਇਕ ਹੀ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਇਸ ਮਾਮਲੇ ਤੇ ਹੋਰ ਜਿਆਦਾ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸਣਯੋਗ ਹੈ ਕਿਕੁੱਝ ਸਮਾਂ ਪਹਿਲਾਂ ਵੀਡੀਓ ਜਾਰੀ ਕਰਕੇ ਵਿਧਾਇਕ ਜਗਰੂਪ ਗਿੱਲ ਨੇ ਮਲੋਟ ਰੋਡ ਪ੍ਰਜੈਕਟ ਸਬੰਧੀ ਆਪਣੇ ਐਲਾਨ ਤੇ ਪਹਿਰਾ ਦੇਣ ਦੀ ਗੱਲ ਆਖੀ ਸੀ।
ਭੂ-ਮਾਫੀਆ ਖਾਤਰ ਫੈਸਲਾ: ਵਾਂਦਰ
ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਦਾ ਕਹਿਣਾ ਸੀ ਕਿ ਮਲੋਟ ਰੋਡ ਪ੍ਰਜੈਕਟ ਦਾ ਮਕਸਦ ਭੂਮਾਫੀਆ ਨੂੰ ਲਾਹਾ ਦੇਣਾ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡਾ ਬਦਲਣ ਨਾਲ ਇਲਾਕੇ ਦਾ ਵਪਾਰ ਤਬਾਹ ਹੋ ਜਾਏਗਾ ਅਤੇ ਸ਼ਹਿਰ ’ਚ ਅਵਾਜਾਈ ਬੇਲਗਾਮ ਹੋ ਜਾਏਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਚਹਿਰੀਆਂ, ਸਰਕਾਰੀ ਦਫਤਰਾਂ, ਕਾਲਜ , ਪ੍ਰਾਈਵੇਟ ਹਸਪਤਾਲਾਂ ਅਤੇ ਸਰਕਾਰੀ ਹਸਪਤਾਲ ’ਚ ਆਉਣ ਵਾਲੇ ਹਜ਼ਾਰਾਂ ਲੋਕ ਸੂਲੀ ਟੰਗੇ ਜਾਣਗੇ।