Weather Updates : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ
ਚੰਡੀਗੜ੍ਹ, 14 ਅਗਸਤ 2025 : ਸਤਲੁਜ ਦਰਿਆ 'ਤੇ ਸਥਿਤ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1650.08 ਫੁੱਟ ਦਰਜ ਕੀਤਾ ਗਿਆ, ਜਦੋਂ ਕਿ ਇਸਦੀ ਪੂਰੀ ਭਰਨ ਦੀ ਸਮਰੱਥਾ 1685 ਫੁੱਟ ਹੈ। ਇਸ ਵੇਲੇ, ਇਸ ਵਿੱਚ 4.587 ਮਿਲੀਅਨ ਏਕੜ ਫੁੱਟ (MAF) ਪਾਣੀ ਹੈ, ਜੋ ਕਿ ਇਸਦੀ ਕੁੱਲ ਸਮਰੱਥਾ ਦਾ 77.51 ਪ੍ਰਤੀਸ਼ਤ ਹੈ। ਪਿਛਲੇ ਸਾਲ ਇਸੇ ਦਿਨ, ਇਹ ਪੱਧਰ 1623.99 ਫੁੱਟ ਸੀ ਅਤੇ ਸਮਰੱਥਾ 3.725 MAF ਸੀ।
ਦਰਅਸਲ ਅੱਜ 14 ਅਗੱਤਸ ਨੂੰ ਮੀਂਹ ਸਬੰਧੀ ਪੀਲਾ ਅਲਰਟ ਜਾਰੀ ਕੀਤਾ ਹੈ। ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। 16 ਅਗਸਤ ਤੱਕ ਅਜਿਹੇ ਹਾਲਾਤ ਰਹਿਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਹਿਮਾਚਲ ਵਿੱਚ ਮੀਂਹ ਕਾਰਨ ਪੰਜਾਬ ਵਿੱਚ ਹੜ੍ਹ ਦਾ ਖ਼ਤਰਾ ਹੈ।
ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ, ਜਦੋਂ ਕਿ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਇਸ ਸਥਿਤੀ ਨੇ ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਸੁਲਤਾਨਪੁਰ ਲੋਧੀ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਈ ਖੇਤਰ ਇਸ ਸਮੇਂ ਪਾਣੀ ਵਿੱਚ ਡੁੱਬੇ ਹੋਏ ਹਨ। ਮੌਸਮ ਵਿਭਾਗ ਨੇ ਪੀਲਾ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ 14 ਅਤੇ 15 ਅਗਸਤ ਨੂੰ ਸੂਬੇ ਵਿੱਚ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਬਿਆਸ ਦਰਿਆ 'ਤੇ ਬਣੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1377.47 ਫੁੱਟ ਤੱਕ ਪਹੁੰਚ ਗਿਆ ਹੈ, ਜਦੋਂ ਕਿ ਇਸਦੀ ਪੂਰੀ ਭਰਨ ਦੀ ਸਮਰੱਥਾ 1400 ਫੁੱਟ ਹੈ। ਇਸ ਵੇਲੇ ਇਸ ਵਿੱਚ 4.780 ਐਮਏਐਫ ਪਾਣੀ ਹੈ, ਜੋ ਕਿ ਇਸਦੀ ਕੁੱਲ ਸਮਰੱਥਾ ਦਾ 78.02 ਪ੍ਰਤੀਸ਼ਤ ਹੈ। ਪਿਛਲੇ ਸਾਲ ਇਸ ਦਿਨ, ਪਾਣੀ ਦਾ ਪੱਧਰ 1347.94 ਫੁੱਟ ਸੀ ਅਤੇ ਸਮਰੱਥਾ 3.3 ਐਮਏਐਫ ਸੀ।
ਰਾਵੀ ਦਰਿਆ 'ਤੇ ਬਣੇ ਥੀਨ ਡੈਮ ਵਿੱਚ ਪਾਣੀ ਦਾ ਪੱਧਰ 1701.95 ਫੁੱਟ ਦਰਜ ਕੀਤਾ ਗਿਆ ਹੈ, ਜਦੋਂ ਕਿ ਇਸਦੀ ਪੂਰੀ ਭਰਨ ਦੀ ਸਮਰੱਥਾ 1731.98 ਫੁੱਟ ਹੈ। ਇਸ ਵਿੱਚ 2.092 ਐਮਏਐਫ ਪਾਣੀ ਹੈ, ਜੋ ਕਿ ਇਸਦੀ ਕੁੱਲ ਸਮਰੱਥਾ ਦਾ 78.56 ਪ੍ਰਤੀਸ਼ਤ ਹੈ। ਪਿਛਲੇ ਸਾਲ ਇਸੇ ਦਿਨ, ਪਾਣੀ ਦਾ ਪੱਧਰ 1632.1 ਫੁੱਟ ਸੀ ਅਤੇ ਸਮਰੱਥਾ 1.184 ਐਮਏਐਫ ਸੀ।