← ਪਿਛੇ ਪਰਤੋ
ਅਜੀਤ ਦੇ ਟਰੱਸਟੀ ਐਸ ਐਸ ਵਿਰਦੀ ਨੂੰ ਸਦਮਾ, ਨਜ਼ਦੀਕੀ ਰਿਸ਼ਤੇਦਾਰ ਅਤੇ ਗੁਰੂ ਨਾਨਕ ਕਾਲਜ ਦੇ ਸਾਬਕਾ ਪ੍ਰਿੰਸੀਪਲ ਹਰੀ ਸਿੰਘ ਸਵਰਗਵਾਸ ਬਾਬੂਸ਼ਾਹੀ ਨੈਟਵਰਕ ਲੁਧਿਆਣਾ, 14 ਅਗਸਤ, 2025: ਅਜੀਤ ਪ੍ਰਕਾਸ਼ਨ ਸਮੂਹ ਦੇ ਟਰੱਸਟੀ ਐਸ ਐਸ ਵਿਰਦੀ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ (ਜੀਜਾ ਜੀ ) ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਸ. ਹਰੀ ਸਿੰਘ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 93 ਸਾਲ ਸੀ . ਉਹ ਬਾਬਾ ਬਕਾਲਾ (ਅੰਮ੍ਰਿਤਸਰ) ਦੇ ਜੰਮਪਲ ਸਨ। ਲਗਪਗ 35 ਸਾਲ ਉਹ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ ਪਹਿਲਾਂ ਇਲੈਕਟਰੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਤੇ ਮਗਰੋਂ ਪ੍ਰਿੰਸੀਪਲ ਰਹੇ। ਇੰਜੀਨੀਅਰਿੰਗ ਪੜ੍ਹਾਉਣ ਤੋਂ ਬਿਨਾਂ ਉਹ ਆਪਣੇ ਸਹਿਕਰਮੀ ਤੇ ਮਨੋਂ ਮੰਨੇ ਵੱਡੇ ਵੀਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨਾਲ ਮਿਲ ਕੇ ਸਾਹਿੱਤਕ ਤੇ ਸੱਭਿਆਚਾਰਕ ਸਰਗਰਮੀਆਂ ਦੇ ਵੀ ਸੰਚਾਲਕ ਰਹੇ। ਵਿਦਿਆਰਥੀਆਂ ਤੋਂ ਵਿਸ਼ਾਲ ਪੱਧਰ ਤੇ “ਆਨੰਦ ਉਤਸਵ” ਸ਼ੁਰੂ ਕਰਵਾ ਕੇ ਇਸ ਨੂੰ ਵਿਸ਼ੇਸ਼ ਸਰਗਰਮੀ ਬਣਾਇਆ। “ਕਲਾ ਸੰਗਮ ਸੰਗਠਨ” ਸੰਸਥਾ ਕਾਲਿਜ ਵਿੱਚ ਬਣਾ ਕੇ ਸਿਰਜਣਾਤਮਕ ਪ੍ਰਤਿਭਾਵਾਨ ਨੌਜਵਾਨ ਤਰਾਸ਼ੇ। ਉਹ ਆਪ ਵੀ ਪੰਜਾਬੀ ਟ੍ਰਿਬਿਉਨ ਵਿੱਚ ਹਫ਼ਤਾਵਾਰੀ ਕਾਲਮ “ ਕਣ ਕਣ ਵਿੱਚ ਵਿਗਿਆਨ” ਲਿਖਦੇ ਰਹੇ। ਉਤਸ਼ਾਹ ਦੀ ਮੂਰਤ ਸਨ ਸਭ ਲਈ। ਉੱਘੇ ਸਾਹਿਤਕਾਰ ਗੁਰਭਜਨ ਗਿੱਲ ਨੇ ਦੱਸਿਆ ਕਿ ਉਹਨਾਂ ਲਈ ਵੀ ਉਹ 1969 ਤੋਂ ਪਥ - ਪਰਦਰਸ਼ਕ ਸਨ। ਮੁਹੱਬਤ ਦੇ ਭਰ ਵਗਦੇ ਦਰਿਆ ਸਨ। ਗਿੱਲ ਨੇ ਉਨ੍ਹਾਂ ਦੇ ਅਕਾਲ ਚਲਾਣੇ ਤੇ ਬਹੁਤ ਦੁੱਖ ਜ਼ਾਹਿਰ ਕੀਤਾ ਹੈ ਲੌਂਗੋਵਾਲ ਇੰਜਨੀਰਿੰਗ ਇੰਸਟੀਚਿਊਟ ਦੇ ਵੀ ਉਹ ਡੀਨ ਰਹੇ। ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਇੰਜ. ਸੁਰਿੰਦਰ ਸਿੰਘ ਵਿਰਦੀ ਮੁਤਾਬਕ ਅੰਤਿਮ ਸਸਕਾਰ ਦਾ ਸਮਾਂ ਸਥਾਨ ਉਨ੍ਹਾਂ ਦੇ ਵੱਡੇ ਪੁੱਤਰ ਦੇ ਅਮਰੀਕਾ ਤੋਂ ਕੱਲ੍ਹ ਪਰਤਣ ਉਪਰੰਤ ਨਿਸ਼ਚਿਤ ਕੀਤਾ ਜਾਵੇਗਾ।
Total Responses : 7870