Punjab Cabinet Meeting: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ 14 ਅਗਸਤ ਨੂੰ, ਹੋ ਸਕਦੈ ਵੱਡਾ ਫੈਸਲਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ 14 ਅਗਸਤ ਨੂੰ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਹੋ ਰਹੀ ਹੈ। ਆਜ਼ਾਦੀ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਹੋ ਰਹੀ ਇਹ ਬੈਠਕ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਵਿਖੇ ਦੁਪਹਿਰ 12 ਵਜੇ ਹੋਵੇਗੀ।
ਹਾਲਾਂਕਿ ਮੀਟਿੰਗ ਦਾ ਅਧਿਕਾਰਤ ਏਜੰਡਾ ਅਜੇ ਸਾਹਮਣੇ ਨਹੀਂ ਆਇਆ ਹੈ, ਪਰ ਸਾਰਿਆਂ ਦੀ ਨਜ਼ਰ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ 'ਤੇ ਟਿਕੀ ਹੋਈ ਹੈ। ਦਰਅਸਲ, ਕੁਝ ਸਮਾਂ ਪਹਿਲਾਂ ਮਾਨ ਸਰਕਾਰ ਨੇ ਆਪਣੀ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਸੀ। ਇਸ ਫੈਸਲੇ ਤੋਂ ਬਾਅਦ ਇਹ ਪਹਿਲੀ ਕੈਬਨਿਟ ਮੀਟਿੰਗ ਹੈ, ਜਿਸ ਕਾਰਨ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਤੇਜ਼ ਹੈ ਕਿ ਸਰਕਾਰ ਇਸ ਨੀਤੀ 'ਤੇ ਮੁੜ ਵਿਚਾਰ ਕਰ ਸਕਦੀ ਹੈ।
ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਸਰਕਾਰ ਇਸ ਨੀਤੀ ਵਿੱਚ ਕੋਈ ਸੋਧ ਕਰਕੇ ਇਸਨੂੰ ਮੁੜ ਪੇਸ਼ ਕਰੇਗੀ ਜਾਂ ਇਸ ਬਾਰੇ ਕੋਈ ਹੋਰ ਵੱਡਾ ਫੈਸਲਾ ਲਵੇਗੀ। ਮੀਟਿੰਗ ਵਿੱਚ ਕਈ ਹੋਰ ਪ੍ਰਸ਼ਾਸਨਿਕ ਮੁੱਦਿਆਂ 'ਤੇ ਵੀ ਚਰਚਾ ਹੋਣ ਦੀ ਉਮੀਦ ਹੈ, ਪਰ ਸਭ ਤੋਂ ਵੱਧ ਉਤਸੁਕਤਾ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਬਣੀ ਹੋਈ ਹੈ।