Flood News : ਟਰੈਕਟਰ ਰਾਹੀਂ ਮੰਡ ਖੇਤਰ ਦੇ ਕਿਸਾਨਾਂ ਤੱਕ ਪਹੁੰਚੀ ਸਰਕਾਰ
ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕਾਂ ਦੀ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਹੁਕਮ
ਪਸ਼ੂਆਂ ਲਈ ਸੁੱਕਾ ਚਾਰਾ, ਦਵਾਈਆਂ ਤੇ ਹੋਰ ਪ੍ਰਬੰਧ ਕਰਨ ਲਈ ਕਿਹਾ
20 ਹਜ਼ਾਰ ਤੋਂ ਵੱਧ ਮਿੱਟੀ ਦਾ ਬੋਰਾ ਤਿਆਰ
ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ- ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ
ਇਹਤਿਆਤ ਵਜੋਂ ਬਾਊਪੁਰ ਜਦੀਦ ਦਾ ਹਾਈ ਤੇ ਪ੍ਰਾਇਮਰੀ ਸਰਕਾਰੀ ਸਕੂਲ ਅਗਲੇ 2 ਦਿਨਾਂ ਲਈ ਬੰਦ ਕਰਨ ਦੇ ਨਿਰਦੇਸ਼
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 12 ਅਗਸਤ: 2025 ਬਿਆਸ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਦੇ ਕੁਝ ਪਿੰਡਾਂ ਦੇ ਖੇਤਾਂ ਵਿਚ ਪਾਣੀ ਭਰਨ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵਲੋਂ ਬਾਊਪੁਰ ਜਦੀਦ ਦਾ ਦੌਰਾ ਕੀਤਾ ਗਿਆ । ਡਿਪਟੀ ਕਮਿਸ਼ਨਰ ਨੇ ਟਰੈਕਟਰ ਰਾਹੀਂ ਲੋਕਾਂ ਤੇ ਕਿਸਾਨਾਂ ਤੱਕ ਪਹੁੰਚ ਕਰ ਪ੍ਰਸ਼ਾਸਨ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ ।
ਉਨ੍ਹਾਂ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਹੜ੍ਹ ਰੋਕੂ ਤੇ ਰਾਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਰਤਮਾਨ ਸਮੇਂ 1 ਲੱਖ 5 ਹਜ਼ਾਰ ਕਿਊਸਕ ਪਾਣੀ ਚੱਲ ਰਿਹਾ ਹੈ ਤੇ ਪਿਛਲੇ 12 ਘੰਟੇ ਦੌਰਾਨ ਪਾਣੀ ਦੇ ਪੱਧਰ ਵਿੱਚ ਵਾਧਾ ਨਹੀਂ ਹੋਇਆ ਹੈ ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਲਤਾਨਪੁਰ ਲੋਧੀ ਦੇ ਐਸ.ਡੀ.ਐਮ , ਡ੍ਰੇਨੇਜ , ਮਾਲ ਤੇ ਹੋਰ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਪ੍ਰਸ਼ਾਸਨ ਵਲੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨਾਲ ਰਾਬਤ ਕਾਇਮ ਕਰਕੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹਤਿਆਤ ਵਜੋਂ ਬਾਊਪੁਰ ਵਿਖੇ ਸਰਕਾਰੀ ਹਾਈ ਸਕੂਲ ਬਾਊਪੁਰ ਜਦੀਦ ਤੇ ਸਰਕਾਰੀ ਪ੍ਰਾਇਮਰੀ ਸਕੂਲ ਬਾਊਪੁਰ ਜਦੀਦ ਨੂੰ ਅਗਲੇ 2 ਦਿਨਾਂ ਤੱਕ ਬੰਦ ਕਰਨ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਰਲੀਫ਼ ਸੈਂਟਰਾਂ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਹੈ ਤਾਂ ਜੋ ਲੋੜ ਪੈਣ ‘ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਸਕੇ।
.jpg)
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੇ ਅਣਸੁਖਾਵੀਂ ਹਾਲਾਤਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਰਾਹਤ ਕੈਂਪਾਂ ਦੀ ਸਥਾਪਤੀ ਤੋਂ ਇਲਾਵਾ ਸੁੱਕਾ ਰਾਸ਼ਣ, ਪਸ਼ੂਆਂ ਦੇ ਲਈ ਹਰਾ ਚਾਰਾ, ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹਾਂ ਉੱਪਰ 20 ਹਜ਼ਾਰ ਦੇ ਕਰੀਬ ਮਿੱਟੀ ਦੇ ਬੋਰਿਆਂ ਨੂੰ ਮਨਰੇਗਾ ਕਾਮਿਆਂ ਵਲੋਂ ਤਿਆਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਕੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ।
ਡਿਪਟੀ ਕਮਿਸ਼ਨਰ ਕਿਹਾ ਕਿ ਡਰੇਨਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੌਂਗ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਬਾਰੇ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਪਾਣੀ ਦੀ ਲਗਾਤਾਰ ਨਿਕਾਸੀ ਲਈ ਵੀ ਹਰੀਕੇ ਹੈੱਡ ਵਿਖੇ ਡਰੇਨਜ ਵਿਭਾਗ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ ।