‘ਢਾਹਾਂ ਸਾਹਿਤਕ ਐਵਾਰਡ’ 2025
Canada: ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਦੀਆਂ ਪੁਸਤਕਾਂ 2025 ਦੇ ‘ਢਾਹਾਂ ਸਾਹਿਤਕ ਐਵਾਰਡ’ ਲਈ ਚੁਣੀਆਂ
ਹਰਦਮ ਮਾਨ
ਸਰੀ, 14 ਅਗਸਤ 2025-ਪੰਜਾਬੀ ਵਿਚ ਦਿੱਤੇ ਜਾਂਦੇ ਸਭ ਤੋਂ ਵੱਡੇ ਸਾਹਿਤਕ ਐਵਾਰਡ ‘ਢਾਹਾਂ ਪੁਰਸਕਾਰ’ ਲਈ ਸਾਲ 2025 ਵਾਸਤੇ ਤਿੰਨ ਪੁਸਤਕਾਂ ਚੁਣੀਆਂ ਗਈਆਂ ਹਨ।
ਅੱਜ ਨਿਊਟਨ ਲਾਇਬਰੇਰੀ ਸਰੀ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਤਿੰਨ ਫਾਈਨਲਿਸਟਾਂ ਦਾ ਐਲਾਨ ਕਰਦਿਆਂ ਦੱਸਿਆ ਗਿਆ ਕਿ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’, ਪਾਕਿਸਤਾਨੀ ਲੇਖਕ ਮੁਦੱਸਰ ਬਸ਼ੀਰ ਦੇ ਨਾਵਲ ‘ਗੋਇਲ’ ਅਤੇ ਭਗਵੰਤ ਰਸੂਲਪੁਰੀ ਦੇ ਕਹਾਣੀ ਸੰਗ੍ਰਹਿ ‘ਡਲਿਵਰੀ ਮੈਨ’ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਚੁਣੀਆਂ ਗਈਆਂ ਇਨ੍ਹਾਂ ਤਿੰਨ ਪੁਸਤਕਾਂ ਵਿੱਚੋਂ ਪਹਿਲਾ ਇਨਾਮ ਹਾਸਲ ਕਰਨ ਵਾਲੀ ਪੁਸਤਕ ਦਾ ਐਲਾਨ 13 ਨਵੰਬਰ 2025 ਨੂੰ ਹੋਣ ਵਾਲੇ ਮੁੱਖ ਇਨਾਮ ਵੰਡ ਸਮਾਰੋਹ ਵਿਚ ਕੀਤਾ ਜਾਵੇਗਾ। ਇਹ ਵੀ ਦੱਸਣਯੋਗ ਹੈ ਕਿ ਪਹਿਲਾ ਸਥਾਨ ਹਾਸਲ ਕਰਨ ਵਾਲੀ ਪੁਸਤਕ ਦੇ ਰਚਨਾਕਾਰ ਨੂੰ 25 ਹਜਾਰ ਡਾਲਰ ਦਾ ਇਨਾਮ ਦਿੱਤਾ ਜਾਂਦਾ ਹੈ ਅਤੇ ਦੂਜੇ ਸਥਾਨ ‘ਤੇ ਰਹੀਆਂ ਦੋ ਪੁਸਤਕਾਂ ਦੇ ਲੇਖਕਾਂ ਨੂੰ 10-10 ਹਜਾਰ ਡਾਲਰ ਦਾ ਇਨਾਮ ਦਿੱਤਾ ਜਾਂਦਾ ਹੈ।
ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਜਿਊਰੀ ਨੂੰ ਇਸ ਸਾਲ ਇਸ ਐਵਾਰਡ ਲਈ ਕੈਨੇਡਾ, ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਅਮਰੀਕਾ ਅਤੇ ਯੂ.ਕੇ. ਤੋਂ 55 ਯੋਗ ਅਰਜ਼ੀਆਂ ਪ੍ਰਾਪਤ ਹੋਈਆਂ। ਢਾਹਾਂ ਇਨਾਮ ਸਲਾਹਕਾਰ ਕਮੇਟੀ ਦੇ ਚੇਅਰਮੈਨ ਬਲਬੀਰ ਮਾਧੋਪੁਰੀ ਨੇ ਕਿਹਾ ਕਿ ਜਿਊਰੀ ਵੱਲੋਂ ਪੁਰਸਕਾਰਾਂ ਲਈ ਪ੍ਰਾਪਤ ਅਰਜ਼ੀਆਂ ਵਿੱਚੋਂ ਤਿੰਨ ਫਾਈਨਲਿਸਟਾਂ ਦੀ ਚੋਣ ਬਹੁਤ ਹੀ ਯੋਗ ਤੇ ਨਿਰਪੱਖ ਢੰਗ ਨਾਲ ਕੀਤੀ ਗਈ ਹੈ। ਢਾਹਾਂ ਸਾਹਿਤ ਫਾਊਡੇਸ਼ਨ ਦੇ ਬਾਨੀ ਬਰਜ ਢਾਹਾਂ ਨੇ ਕਿਹਾ ਕਿ ਸਾਡਾ ਮਿਸ਼ਨ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ‘ਤੇ ਪ੍ਰਫੁੱਲਤ ਕਰਨਾ, ਪੰਜਾਬੀ ਗਲਪ ਵਿੱਚ ਨਵੀਆਂ ਉੱਤਮ ਰਚਨਾਵਾਂ ਲਈ ਪੰਜਾਬੀ ਪਾਠਕਾਂ ਨੂੰ ਪ੍ਰੇਰਿਤ ਕਰਨਾ, ਲੇਖਕਾਂ ਦੀ ਹੌਂਸਲਾ ਅਫ਼ਜ਼ਾਈ ਕਰਨੀ ਅਤੇ ਸਰਹੱਦੋਂ ਪਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਅੱਜ ਦੇ ਸਮਾਗਮ ਵਿਚ ਕੈਨੇਡੀਅਨ ਸੈਨੇਟਰ ਬਲਤੇਜ ਸਿੰਘ ਢਿੱਲੋਂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਅਜਮੇਰ ਰੋਡੇ ਅਤੇ ਸਾਧੂ ਬਿਨਿੰਗ ਸ਼ਾਮਲ ਸਨ।