ਠੱਗ ਜੋੜਾ: ਨਕਲੀ ਕੈਂਸਰ-ਅਸਲੀ ਡਾਲਰ, 1 ਮਿਲੀਅਨ ਡਾਲਰ ਦੀ ਠੱਗੀ
ਕੈਂਸਰ ਦੇ ਝੂਠੇ ਇਲਾਜ ਦੇ ਨਾਂ ’ਤੇ 1 ਮਿਲੀਅਨ ਡਾਲਰ ਦੀ ਠੱਗੀ ਮਾਰਨ ਵਾਲੇ ਜੋੜੇ ’ਤੇ ਮਾਮਲਾ ਦਰਜ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 13 ਅਗੱਸਤ 2025-ਪੁਲਿਸ ਨੇ ਇੱਕ 28 ਅਤੇ 38 ਸਾਲਾ ਜੋੜੇ ਨੂੰ ਪਿਛਲੇ ਦੋ ਸਾਲਾਂ ਵਿੱਚ ਕੈਂਸਰ ਦੇ ਇਲਾਜ ਦੇ ਨਾਂ ’ਤੇ 1 ਮਿਲੀਅਨ ਡਾਲਰ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਇਲਾਜ ਦੀ ਕਦੇ ਲੋੜ ਹੀ ਨਹੀਂ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਸ਼ੇਨ ਡਾਈ ਨੇ ਦੱਸਿਆ ਕਿ ਪੁਲਿਸ ਨੇ ਵਾਨਾਕਾ ਵਿੱਚ ਇੱਕ ਪਤੇ ’ਤੇ ਛਾਪਾ ਮਾਰਿਆ ਅਤੇ ਜੋੜੇ ਨੂੰ ਗ੍ਰਿਫ਼ਤਾਰ ਕੀਤਾ। ਇਹ ਜੋੜਾ ਹਾਲ ਹੀ ਵਿੱਚ ਵੈਸਟ ਕੋਸਟ ਤੋਂ ਵਾਨਾਕਾ ਆਇਆ ਸੀ ਅਤੇ ਉੱਥੇ ਕਿਰਾਏ ਦੇ ਮਹਿੰਗੇ ਘਰਾਂ ਅਤੇ ਯੂਰੋਪੀਅਨ ਕਾਰਾਂ ਨਾਲ ਹਾਈ ਲਾਈਫ ਜੀਅ ਰਿਹਾ ਸੀ। ਸ਼ੇਨ ਡਾਈ ਨੇ ਕਿਹਾ, ਉਨ੍ਹਾਂ ਦੀ ਇਸ ਐਸ਼ੋ-ਆਰਾਮ ਵਾਲੀ ਜ਼ਿੰਦਗੀ ਦਾ ਖਰਚਾ ਉਸ ਪੈਸੇ ਨਾਲ ਚੱਲ ਰਿਹਾ ਸੀ ਜੋ ਉਨ੍ਹਾਂ ਨੇ ਪਰਿਵਾਰ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਤੋਂ ਕੈਂਸਰ ਦੇ ਇਲਾਜ ਦੇ ਨਾਂ ’ਤੇ ਠੱਗਿਆ ਸੀ, ਜਦਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੂੰ ਨਾ ਤਾਂ ਕਦੇ ਕੈਂਸਰ ਹੋਇਆ ਅਤੇ ਨਾ ਹੀ ਉਨ੍ਹਾਂ ਨੇ ਕੋਈ ਇਲਾਜ ਕਰਵਾਇਆ।
ਸ਼ੇਨ ਡਾਈ ਨੇ ਦੱਸਿਆ ਕਿ ਇਹ ਜਾਂਚ ਸਿਰਫ ਦੋ ਹਫ਼ਤਿਆਂ ਤੋਂ ਚੱਲ ਰਹੀ ਸੀ ਅਤੇ ਤਾਸਮਾਨ ਆਰਗੇਨਾਈਜ਼ਡ ਕਰਾਈਮ ਯੂਨਿਟ ਨੇ ਹੋਰ ਠੱਗੀ ਤੋਂ ਬਚਣ ਲਈ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਨੇ ਕਿਹਾ, ਜੋੜੇ ਦੇ ਬੈਂਕ ਖਾਤਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਠੱਗੀ ਦੇ ਹੋਰ ਵੀ ਪੀੜਤ ਹਨ ਜਿਨ੍ਹਾਂ ਨੇ ਅਜੇ ਤੱਕ ਪੁਲਿਸ ਨਾਲ ਸੰਪਰਕ ਨਹੀਂ ਕੀਤਾ। ਅਸੀਂ ਉਨ੍ਹਾਂ ਦੀ ਪਛਾਣ ਕਰ ਰਹੇ ਹਾਂ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਾਂਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਜੋੜੇ ’ਤੇ ਅਪ੍ਰੈਲ 2024 ਵਿੱਚ ਦੋ ਹੋਰ ਪੀੜਤਾਂ ਨਾਲ 79,000 ਡਾਲਰ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਹ ਦੋਵੇਂ ਅੱਜ ਕੁਈਨਸਟਾਊਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਗੇ, ਜਿੱਥੇ ਉਨ੍ਹਾਂ ਦੀ ਜ਼ਮਾਨਤ ਦਾ ਵਿਰੋਧ ਕੀਤਾ ਜਾਵੇਗਾ।
ਸ਼ੇਨ ਡਾਈ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਵੀ ਅਜਿਹੇ ਜੋੜੇ ਨੂੰ ਕੈਂਸਰ ਵਰਗੇ ਝੂਠੇ ਕਾਰਨਾਂ ਕਰਕੇ ਪੈਸੇ ਦਿੱਤੇ ਹਨ, ਤਾਂ ਉਹ ਤਾਸਮਾਨ ਆਰਗੇਨਾਈਜ਼ਡ ਕਰਾਈਮ ਯੂਨਿਟ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਅਜਿਹੀ ਹਰ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ, ਜੇ ਤੁਸੀਂ ਆਪਣੇ ਬੈਂਕ ਵੇਰਵੇ ਦਿੱਤੇ ਹਨ, ਤਾਂ ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਤੁਰੰਤ ਆਪਣਾ ਖਾਤਾ ਸਸਪੈਂਡ ਕਰਵਾ ਲਓ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਠੱਗੀ ਦਾ ਸ਼ਿਕਾਰ ਹੋਏ ਹੋ, ਤਾਂ ਤੁਸੀਂ ਪੁਲਿਸ ਦੀ ਵੈੱਬਸਾਈਟ ਜਾਂ 105 ਨੰਬਰ ’ਤੇ ਸੰਪਰਕ ਕਰ ਸਕਦੇ ਹੋ।