ਤਖ਼ਤਾਂ ਦੇ ਕਿਹੜੇ ਜਥੇਦਾਰ ਬਾਅਦ 'ਚ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਤੇ ਸਿਆਸਤਦਾਨ ਵੀ ? ਪੜ੍ਹੋ ਪੂਰੀ ਖ਼ਬਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 13 ਅਗਸਤ 2025- ਸਿੱਖ ਜਗਤ ਲਈ ਪ੍ਰਵਿੱਤਰ ਵੱਖ ਵੱਖ ਤਖ਼ਤਾਂ ਦੇ ਜਥੇਦਾਰਾਂ ਦੀ ਸਿਆਸਤ ਵਿੱਚ ਐਂਟਰੀ ਨੂੰ ਲੈ ਕੇ ਪੰਜਾਬ ਵਿੱਚ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਦੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ, ਉਦੋਂ ਤੋਂ ਇਹ ਮਾਮਲਾ ਚਰਚਾ ਵਿੱਚ ਹੈ।
ਕਈ ਆਲੋਚਕ ਸਵਾਲ ਕਰ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਬਾਅਦ ਸਿਆਸਤ ਕਿਓਂ ਆਏ ਅਤੇ ਬਾਗੀ ਧੜੇ ਵੱਲੋਂ ਕਾਇਮ ਕੀਤੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਕਿਓਂ ਬਣੇ.ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਚੁੱਕਣ ਵਾਲਿਆਂ ਨੂੰ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਕਦਮ ਨੂੰ ਜਾਇਜ਼ ਦੱਸਣ ਲਈ ਉਨ੍ਹਾਂ ਸਾਰੇ ਜਥੇਦਾਰਾਂ ਦਾ ਵੇਰਵਾ ਦਿੱਤਾ ਹੈ, ਜੋ ਤਖ਼ਤਾਂ ਦੀ ਜਥੇਦਾਰੀ ਜਾਣ ਧਾਰਮਿਕ ਅਹੁਦੇ ਤੋਂ ਬਾਅਦ ਸਿਆਸਤ ਵਿੱਚ ਆਏ ਅਤੇ ਅਕਾਲੀ ਦਲ ਦੇ ਪ੍ਰਧਾਨ ਬਣੇ।
1- ਜਥੇਦਾਰ ਤੇਜਾ ਸਿੰਘ ਅਕਰਪੁਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ, ਜੋ ਬਾਅਦ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ। ਪਹਿਲੀ ਸਰਬ-ਹਿੰਦ ਅਕਾਲੀ ਕਾਨਫ਼ਰੰਸ 2021 ਫਰਵਰੀ 1940 ਈ. ਨੂੰ ਜਥੇਦਾਰ ਤੇਜਾ ਸਿੰਘ ਅਕਰਪੁਰੀ ਦੀ ਪ੍ਰਧਾਨਗੀ ਹੇਠ ਹੋਈ, ਉਸ ਸਮੇਂ ਆਪ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ। ਇਸੇ ਕਾਨਫ਼ਰੰਸ ਦੇ ਸਮੇਂ ਅਕਾਲ ਰੈਜਮੈਂਟ ਦੀ ਸਥਾਪਨਾ ਕੀਤੀ ਗਈ।
2, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ, ਜੋ ਬਾਅਦ ਵਿੱਚ ਰਾਜ ਸਭਾ ਦੇ ਮੈਂਬਰ ਅਤੇ 1 ਨਵੰਬਰ 1966 ਈ. ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ।
3, ਜਥੇਦਾਰ ਊਧਮ ਸਿੰਘ ਨਾਗੋਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ, ਜੋ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ।
4, ਜਥੇਦਾਰ ਅੱਛਰ ਸਿੰਘ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ, ਜੋ ਬਾਅਦ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਅਤੇ ਕਰਨਾਲ ਵਾਲੀ ਸਰਬ-ਹਿੰਦ ਅਕਾਲੀ ਕਾਨਫ਼ਰੰਸ ਜਥੇਦਾਰ ਅੱਛਰ ਸਿੰਘ ਦੀ ਪ੍ਰਧਾਨਗੀ ਸਮੇਂ ਹੋਈ।
5, ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਸਨ, ਜੋ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਅਤੇ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ।
6, ਜਥੇਦਾਰ ਮੋਹਣ ਸਿੰਘ ਤੂੜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ, ਜੋ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ, ਉਹ ਲੋਕ ਸਭਾ ਦੇ ਮੈਂਬਰ ਵੀ ਚੁਣੇ ਗਏ ਸਨ।
7, ਸੰਤ ਹਰਚੰਦ ਸਿੰਘ ਲੌਂਗੋਵਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ, ਜੋ ਬਾਅਦ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ। ਉਹ ਐਮਰਜੈਂਸੀ ਮੋਰਚੇ ਸਮੇਂ ਅਤੇ ਧਰਮ ਯੁੱਧ ਮੋਰਚੇ ਸਮੇਂ ਮੋਰਚਾ ਡਿਕਟੇਟਰ ਸਨ।
ਕੀ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਜਵਾਬ ਨਾਲ ਇਹ ਸਵਾਲ ਤੇ ਵਿਵਾਦ ਖਤਮ ਹੋ ਜਾਵੇਗਾ ? ਇਸ ਦਾ ਜਵਾਬ ਸਮਾਂ ਹੀ ਦੇਵੇਗਾ ਪਰ ਤੁਸੀਂ ਆਪਣੀ ਰਾਇ ਦੇ ਸਕਦੇ ਹੋ .