ਨਵੀਂ ਦਿੱਲੀ, 7 ਮਾਰਚ 2019 - ਕਰਤਾਰਪੁਰ ਲਾਂਘੇ ਬਾਬਤ ਦੋਹਾਂ ਮੁਲਕਾਂ ਦੇ ਅਧੀਕਾਰੀਆਂ ਵਿਚਕਾਰ ਹੋਣ ਵਾਲੀ ਮੀਟਿੰਗ ੧੪ ਮਾਰਚ ਨੂੰ ਹੋਣ ਜਾ ਰਹੀ ਹੈ। ਬੁੱਧਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਮੀਟਿੰਗ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤ ਵਾਲੇ ਪਾਸੇ ਹੀ ਹੋਵੇਗੀ।
ਦੋਵੇਂ ਦੇਸ਼ਾਂ ਦਰਮਿਆਨ ਕਰਤਾਰਪੁਰ ਲਾਂਘੇ 'ਤੇ ਹੋਣ ਵਾਲੀ ਇਹ ਪਹਿਲੀ ਬੈਠਕ ਹੈ। ਮੰਗਲਵਾਰ ਨੂੰ ਪਾਕਿਸਤਾਨ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਉਨ੍ਹਾਂ ਦਾ ਇਕ ਵਫ਼ਦ 14 ਮਾਰਚ ਨੂੰ ਕਰਤਾਰਪੁਰ ਲਾਂਘੇ 'ਤੇ ਗੱਲਬਾਤ ਕਰਨ ਲਈ ਭਾਰਤ ਜਾਵੇਗਾ। ਪਰ ਸੂਤਰਾਂ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਵਿਚ ਵਾਹਘਾ ਬਾਰਡਰ 'ਤੇ ਹੀ ਮੀਟਿੰਗ ਹੋਣ ਬਾਰੇ ਰੋਸ ਵੀ ਹੈ। ਪਹਿਲਾਂ ਮੀਟਿੰਗ ਦਿੱਲੀ 'ਚ ਕੀਤੀ ਜਾਣੀ ਸੀ ਪਰ ਹੁਣ ਮੀਟਿੰਗ ਲਈ ਅਟਾਰੀ ਸਰਹੱਦ ਦੀ ਥਾਂ ਚੁਣੀ ਗਈ ਹੈ।