ਚੰਡੀਗੜ੍ਹ, 19 ਸਤੰਬਰ 2018 - ਨਵਜੋਤ ਸਿੱਧੂ ਨੇ ਅੱਜ ਚੰਡੀਗੜ੍ਹ 'ਚ ਪ੍ਰੈੱਸ ਵਾਰਤਾ ਕਰਦੇ ਕਿਹਾ ਕਿ ਸੁਖਬੀਰ ਬਾਦਲ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਲਈ ਅੱਗੇ ਚੱਲੇ ਤੇ ਉਹ ਉਸਦੇ ਪਿੱਛੇ ਤੁਰਨ ਨੂੰ ਤਿਆਰ ਹਨ। ਸਿੱਧੂ ਨੇ ਕਿਹਾ ਕਿ, 'ਇਸ ਚੰਗੇ ਕੰਮ 'ਚ ਭਾਗੀਦਾਰ ਬਣੋ ਨਾ ਕਿ ਰਾਹ ਦਾ ਰੋੜਾ ਬਣੋ।'
ਨਵਜੋਤ ਸਿੱਧੂ ਨੂੰ ਬੀਤੇ ਦਿਨੀਂ ਬੀਬੀ ਹਰਸਿਮਰਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਆਈ.ਐਸ.ਆਈ ਦਾ ਏਜੰਟ ਕਿਹਾ ਗਿਆ ਸੀ, ਜਿਸ 'ਤੇ ਸਿੱਧੂ ਨੇ ਬੋਲਦਿਆਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਇਸ ਲਾਂਘੇ ਦੀ ਜ਼ਿੰਮੇਵਾਰੀ ਲੈਣ ਤਾਂ ਉਹ ਉਸਦੇ ਪਿੱਛੇ ਤੁਰਨ ਲਈ ਤਿਆਰ ਹਨ। ਸਿੱਧੂ ਨੇ ਕਿਹਾ ਕਿ ਅਕਾਲੀ ਦਲ ਆਈ.ਐਸ.ਆਈ ਦੇ ਨਾਮ ਨੂੰ ਕਰਤਾਰਪੁਰ ਲਾਂਘੇ ਨਾਲ ਬਿਨਾ ਵਜ੍ਹਾ ਜੋੜਨ ਦੀ ਕੋਸ਼ਿਸ਼ ਕਰ ਰਿਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦੇ ਸਕਦੇ ਨੇ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਕਰਤਾਰਪੁਰ ਲਾਂਘੇ ਲਈ ਵੀ ਪ੍ਰਧਾਨ ਮੰਤਰੀ ਤੋਂ ਫੋਨ ਕਰਾਉਣ।
ਸਿੱਧੂ ਨੇ ਕਿਹਾ ਕਿ ਉਹ ਕਿਸੇ ਕਿਸਮ ਦਾ ਘਮੰਡ ਨਹੀਂ ਕਰ ਰਹੇ। ਸਗੋਂ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਇਸ ਮੁੱਦੇ ਲਈ ਉੱਦਮ ਕਰ ਰਹੇ ਹਨ।