ਭਾਵੁਕ ਹੋਏ ਹਰਸਿਮਰਤ ਬਾਦਲ, ਕਿਹਾ - 4 ਕਿਲੋਮੀਟਰ ਦਾ ਫਾਸਲਾ, ਲੱਗੇ 70 ਸਾਲ
ਕਰਤਾਰਪੁਰ ਸਾਹਿਬ , 28 ਨਵੰਬਰ 2018 - ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਭਾਸ਼ਣ ਦਿੰਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਦਾ ਦਿਨ ਸਿੱਖ ਕੌਮ ਲਈ ਇਤਿਹਾਸਕ ਦਿਨ ਹੈ, ਇਹ ਹਰ ਸਿੱਖ ਦੀ ਮੰਗ ਸੀ।
ਬੀਬੀ ਬਾਦਲ ਨੇ ਕਿਹਾ ਕਿ ਜੋ 70 ਸਾਲਾਂ 'ਚ ਨਹੀਂ ਹੋ ਸਕਿਆ, ਉਹ ਅੱਜ ਪੂਰਾ ਹੋਇਆ ਹੈ, ਜਿਸ ਦੇ ਹੱਥ 'ਚ ਸੇਵਾ ਲਿਖੀ ਸੀ, ਉਸ ਦੇ ਹੱਥਾਂ ਤੋਂ ਇਹ ਕੰਮ ਪੂਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖ਼ਰੀ ਸਮਾਂ ਇਸੇ ਧਰਤੀ 'ਤੇ ਬਿਤਾਇਆ ਪਰ 4 ਕਿਲੋਮੀਟਰ ਦਾ ਇਹ ਫ਼ਾਸਲਾ ਪੂਰਾ ਕਰਨ 'ਚ 70 ਸਾਲ ਲੱਗ ਗਏ। ਉਨ੍ਹਾਂ ਕਿਹਾ ਕਿ ਇੱਥੇ ਉਨ੍ਹਾਂ ਦਾ ਕੋਈ ਦੋਸਤ ਨਹੀਂ, ਕੋਈ ਜਾਣਨ ਵਾਲਾ ਨਹੀਂ ਪਰ ਇੱਕ ਸਿੱਖ ਹੋਣ ਕਾਰਨ ਉਨ੍ਹਾਂ ਦੀ ਅਰਦਾਸ ਪੂਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ 7 ਮਹੀਨਿਆਂ ਤੋਂ ਇਸ ਮੰਗ ਨੂੰ ਪੂਰਾ ਕਰਾਉਣ 'ਚ ਲੱਗੀ ਸੀ, ਸਾਡੀ ਕੈਬਨਿਟ ਨੇ ਇਸ ਦਾ ਫ਼ੈਸਲਾ ਲਿਆ ਅਤੇ ਅੱਜ ਇਹ ਸੁਪਨਾ ਪੂਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਰਲਿਨ ਦੀ ਕੰਧ ਡਿੱਗ ਸਕਦੀ ਹੈ ਤਾਂ ਭਾਰਤ-ਪਾਕਿਸਤਾਨ ਵਿਚਾਲੇ ਨਫ਼ਰਤ ਕਿਉਂ ਨਹੀਂ ਦੂਰ ਹੋ ਸਕਦੀ।