ਨਵਜੋਤ ਸਿੱਧੂ ਵਲੋਂ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਇਸਲਾਮਾਬਾਦ ਵਿਚ 18 ਅਗਸਤ ਨੂੰ ਪਾਈ ਜੱਫੀ ( ਵੀਡੀਓ 'ਚੋਣ ਲਈ ਫੋਟੋ )
ਨਵਜੋਤ ਸਿੱਧੂ ਦੀ ਸੀਟ ਦੇ ਨਾਲ ਬੈਠੇ ਸਨ "ਆਜ਼ਾਦ ਕਸ਼ਮੀਰ" ਦੇ ਮੁਖੀ ਮਸੂਦ ਖ਼ਾਨ
ਬੀ ਜੇ ਪੀ ਨੇਤਾਵਾਂ ਨੇ ਸ਼ੁਰੂ ਕੀਤੀ ਹਲਕੀ ਸਿਆਸਤ- ਸਿੱਧੂ ਖ਼ਿਲਾਫ਼ ਸ਼ੁਰੂ ਹੋਏ ਰੋਸ ਵਿਖਾਵੇ
ਇਮਰਾਨ ਖ਼ਾਨ ਦਾ ਸਹੁੰ ਚੁੱਕ ਸਮਾਰੋਹ: ਦੋਸਤੀ ਨਿਭਾਉਣ, ਗਾਏ ਸਿੱਧੂ ਫਸ ਗਏ ਨਵੇਂ ਵਿਵਾਦਾਂ 'ਚ
ਇਸਲਾਮਾਬਾਦ , 18 ਅਗਸਤ , 2018 : ਲੰਮੇ ਸਮੇਂ ਤੋਂ ਸਿੱਖਾਂ ਵੱਲੋਂ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦੀ ਮੰਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਪੂਰੀ ਹੋ ਜਾਵੇਗੀ . ਇਹ ਖ਼ੁਲਾਸਾ ਪੰਜਾਬ ਦੇ ਕੈਬਿਨੇਟ ਵਜ਼ੀਰ ਨਵਜੋਤ ਸਿੱਧੂ ਨੇ ਅੱਜ ਇੱਥੇ ਮੀਡੀਆ ਕਰਮੀਆਂ ਦੇ ਰੂ-ਬਰੂ ਹੁੰਦੇ ਹੋਏ ਕੀਤਾ . ਉਨ੍ਹਾਂ ਦੱਸਿਆ ਕਿ ਲਾਂਘਾ ਚਾਲੂ ਕਰਨ ਦਾ ਇਹ ਭਰੋਸਾ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਉਸ ਵੇਲੇ ਦਿੱਤਾ ਜਦੋਂ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਹ ਉਨ੍ਹਾਂ ਨੂੰ ਮਿਲੇ ਸਨ . ਸਿੱਧੂ ਨੇ ਦੱਸਿਆ ਕਿ ਕਮਰ ਬਾਜਵਾ ਖ਼ੁਦ ਹੀ ਚੱਲ ਕੇ ਉਨ੍ਹਾਂ ਕੋਲ ਆਏ ਅਤੇ ਦੱਸਿਆ ਕਿ " ਜਦੋਂ ਤੁਸੀਂ ਬਾਬੇ ਨਾਨਕ ਦਾ 550 ਸਾਲਾ ਮਨਾਉਗੇ ਤਾਂ ਉਦੋਂ ਅਸੀਂ ਕਰਤਾਰਪੁਰ ਵਾਲਾ ਲਾਂਘਾ ਚਾਲੂ ਕਰ ਦਿਆਂਗੇ ." ਇਸ ਗੱਲ ਤੋਂ ਬਾਗੋ - ਬਾਗ ਹੋਏ ਸਿੱਧੂ ਨੇ ਕਿਹਾ ਕਿ ਬਿਨ ਮੰਗਿਆਂ ਹੀ ਉਨ੍ਹਾਂ ਨੂੰ ਬਹੁਤ ਵੱਡੀ ਸੌਗਾਤ ਮਿਲ ਗਈ . ਸਿੱਧੂ ਨੇ ਫੇਰ ਸਪਸ਼ਟ ਕੀਤਾ ਕੀ ਉਹ ਇਮਰਾਨ ਖ਼ਾਨ ਨਾਲ ਦੋਸਤੀ ਕਰਕੇ ਆਏ ਹਨ ਅਤੇ ਉਨ੍ਹਾਂ ਦਾ ਦੌਰਾ ਜ਼ਾਤੀ ਹੈ ਹੈ ਸਿਆਸੀ ਨਹੀਂ .
ਉਨ੍ਹਾਂ ਇਹ ਵੀ ਕਿਹਾ ਕਿ ਉਹ ਚਾਹੁੰਦੇ ਨੇ ਦੋਵੇਂ ਮੁਲਕ ਆਪਸ ਵਿਚ ਗੱਲਬਾਤ ਕਰਨ ਅਤੇ ਅਮਨ ਲਈ ਕਦਮ ਅੱਗੇ ਵਧਾਉਣ . ਉਹ ਆਪਣੇ ਮੁਲਕ ਵਿਚ ਜਾ ਕੇ ਵੀ ਇਸ ਲਈ ਕੋਸ਼ਿਸ਼ ਕਰਨਗੇ .
ਪਰ ਦੂਜੇ ਪਾਸੇ ਕਮਰ ਬਾਜਵਾ ਨਾਲ ਹੀ ਉਨ੍ਹਾਂ ਦੀ ਇਹ ਕੁੱਝ ਪਲਾਂ ਦੀ ਮਿਲਣੀ ਅਤੇ ਦੋਹਾਂ ਵੱਲੋਂ ਇੱਕ ਦੂਜੇ ਨੂੰ ਪਾਈ ਗਈ ਜੱਫੀ ਨੇ ਇੰਡੀਆ ਵਾਲੇ ਪਾਸੇ ਪੰਗਾ ਖੜ੍ਹਾ ਕਰ ਦਿੱਤਾ ਹੈ . ਸਬੱਬ ਨਾਲ ਜਾਂ ਕਿਸੇ ਗਿਣੀ ਮਿਥੀ ਸਕੀਮ ਤਹਿਤ ਸਮਾਗਮ ਦੌਰਾਨ ਨਵਜੋਤ ਸਿੱਧੂ ਦੀ ਸੀਟ "ਆਜ਼ਾਦ' ਕਸ਼ਮੀਰ ਦੇ ਮੁਖੀ ਮਸੂਦ ਖ਼ਾਨ ਦੇ ਨਾਲ ਲਾਈ ਗਈ ਸੀ . ਇਸ ਤੇ ਵੀ ਰੱਟਾ ਪੈ ਗਿਆ ਹੈ .
ਜਿਵੇਂ ਹੀ ਨਵਜੋਤ ਸਿੱਧੂ ਵੀਡੀਓ ਸਾਹਮਣੇ ਆਇਆ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਮੁੱਦੇ ਤੇ ਸਿੱਧੂ ਦੀ ਤਿੱਖੀ ਖ਼ਿਲਾਫ਼ਤ ਸ਼ੁਰੂ ਹੋਈ ਗਈ ਹੈ . ਬੀ ਜੇ ਪੀ ਨੇ ਤਾਂ ਹਲਕੀ ਰਾਜਨੀਤੀ ਸ਼ੁਰੂ ਕਰ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਯਤਨ ਸ਼ੁਰੂ ਕਰ ਦਿੱਤੇ ਨੇ . ਭਾਰਤ ਵਿੱਚ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਰੋਹ ਤੋਂ ਜ਼ਿਆਦਾ ਚਰਚਾ ਇਸ ਵੀਡੀਓ ਦੀ ਹੋ ਰਹੀ ਹੈ।
ਪੰਜਾਬ ਦੇ ਬੀ ਜੇ ਪੀ ਨੇਤਾਵਾਂ ਨੇ ਖ਼ਾਸ ਕਰਕੇ ਸਿੱਧੂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਸ ਨੂੰ ਦੇਸ਼ ਧਰੋਹ ਕਰਾਰ ਦਿੱਤਾ ਹੈ . ਸਿੱਧੂ ਖ਼ਿਲਾਫ਼ ਰੋਸ ਵਿਖਾਵਾ ਵੀ ਕੀਤਾ ਗਿਆ ਹੈ .ਟਵਿਟਰ ਉੱਤੇ ਕਈ ਲੋਕ ਉਸ ਦਾ ਪਾਸਪੋਰਟ ਰੱਦ ਕਰਨ ਦੀ ਮੰਗ ਕਰ ਰਹੇ ਹਨ ਜਦਕਿ ਕੁੱਝ ਲੋਕ ਉਨ੍ਹਾਂ ਨੂੰ ਦੇਸ਼ ਧਰੋਹੀ ਕਹਿ ਰਹੇ ਹਨ। ਹਰਿਆਣੇ ਦੇ ਬੀ ਜੇ ਪੀ ਸਿਹਤ ਮੰਤਰੀ ਅਨਿਲ ਵਿੱਜ ਨੇ ਟਵੀਟ ਕਰ ਕੇ ਕੈਪਟਨ ਸਰਕਾਰ ਨੂੰ ਕਿਹਾ ਹੈ ਸਿੱਧੂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ .
ਪਾਕਿਸਤਾਨ ਦੇ ਸੈਨਾ ਪ੍ਰਮੁੱਖ ਜਨਰਲ ਬਾਜਵਾ ਅਜਿਹੇ ਫ਼ੌਜੀ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ, ਜਿਹੜੇ ਅਕਸਰ ਹੀ ਕਸ਼ਮੀਰ ਨੂੰ ਲੈ ਕੇ ਆਪਣਾ ਕੱਟੜ ਰਵੱਈਆ ਜ਼ਾਹਿਰ ਕਰਦੇ ਰਹਿੰਦੇ ਹਨ .
ਪੰਜਾਬ ਕਾਂਗਰਸ ਪ੍ਰਧਾਨ ਅਤੇ ਪੰਜਾਬ ਦੇ ਹੋਰ ਕਾਂਗਰਸੀ ਨੇਤਾਵਾਂ ਨੇ ਭਾਵੇਂ ਸਿੱਧੂ ਦਾ ਬਚਾਅ ਕੀਤਾ ਹੈ ਪਰ ਸਿੱਧੂ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਕਾਂਗਰਸ ਵੀ ਸਹਿਜ ਨਹੀਂ ਦਿੱਖ ਰਹੀ। ਕਾਂਗਰਸ ਬੁਲਾਰੇ ਰਾਸ਼ਿਦ ਅਲਵੀ ਨੇ ਇਸ ਉੱਤੇ ਕੜੀ ਪ੍ਰਤੀਕਿਰਿਆ ਖੜ੍ਹੀ ਕੀਤੀ ਹੈ। ਉਨ੍ਹਾਂ ਨੇ ਕਿਹਾ ਜੇਕਰ ਉਹ ਮੇਰੇ ਤੋਂ ਸਲਾਹ ਲੈਂਦੇ ਤਾਂ ਉਸ ਨੂੰ ਪਾਕਿਸਤਾਨ ਜਾਣ ਤੋਂ ਮਨਾ ਕਰ ਦਿੰਦਾ। ਉਹ ਦੋਸਤੀ ਦੇ ਨਾਤੇ ਗਏ ਹਨ ਪਰ ਦੋਸਤੀ ਦੇਸ਼ ਨਾਲੋਂ ਵੱਡੀ ਨਹੀਂ ਹੈ। ਸੀਮਾ ਉੱਤੇ ਸਾਡੇ ਜਵਾਨ ਮਾਰੇ ਜਾ ਰਹੇ ਹਨ ਅਤੇ ਅਜਿਹੇ ਵਿੱਚ ਪਾਕਿਸਤਾਨ ਸੈਨਾ ਦੇ ਚੀਫ਼ ਨੂੰ ਸਿੱਧੂ ਦਾ ਗਲੇ ਲਗਾਉਣਾ ਗ਼ਲਤ ਸੰਦੇਹ ਦਿੰਦਾ ਹੈ। ਭਾਰਤ ਸਰਕਾਰ ਨੂੰ ਉਨ੍ਹਾਂ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦੇਣਾ ਚਾਹੀਦਾ ਸੀ।
ਸੁਨੀਲ ਜਾਖੜ ਨੇ ਬੀ ਜੇ ਪੀ ਨੇਤਾਵਾਂ ਨੂੰ ਇਹ ਯਾਦ ਕਰਾਇਆ ਕਿ ਪ੍ਰਧਾਨ ਮੰਤਰੀ ਮੋਦੀ ਤਾਂ ਬਿਨ ਬੁਲਾਏ ਹੀ ਨਵਾਜ਼ ਸ਼ਰੀਫ਼ ਦੇ ਘਰ ਚਲੇ ਗਏ ਸਨ ਅਤੇ ਜੱਫੀਆਂ ਪਾ ਕੇ ਆਏ ਸਨ , ਨਵਜੋਤ ਸਿੱਧੂ ਤਾਂ ਇੱਕ ਖਿਡਾਰੀ ਦੋਸਤ ਦੇ ਸਮਾਗਮ ਵਿਚ ਬਾਕਾਇਦਾ ਸੱਦਾ -ਪੱਤਰ ਮਿਲਣ ਤੇ ਗਏ ਨੇ .
ਇਮਰਾਨ ਨੇ ਆਪਣੇ ਸਾਥੀ ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ, ਕਪਿਲ ਦੇਵ ਅਤੇ ਨਵਜੋਤ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਸੀ। ਇਸ ਵਿੱਚ ਸਿਰਫ਼ ਸਿੱਧੂ ਹੀ ਉੱਥੇ ਗਏ ਹਨ ਜਦਕਿ ਗਵਾਸਕਰ ਅਤੇ ਕਪਿਲ ਦੇਵ ਨੇ ਨਿੱਜੀ ਕਾਰਨਾਂ ਤੋਂ ਇਸ ਵਿੱਚ ਸ਼ਾਮਲ ਹੋਣ ਵਿੱਚ ਆਪਣੀ ਅਸਮਰਥਾ ਜਤਾ ਦਿੱਤੀ ਸੀ।
https://www.facebook.com/News18Punjab/videos/707959776219506/?t=5