ਚੰਡੀਗੜ੍ਹ, 20 ਅਗਸਤ 2018 - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿ ਦੌਰੇ ਤੇ ਦੋਗਲੀ ਸਿਆਸਤ ਬੰਦ ਕਰਨ ਲਈ ਵੰਗਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿੱਤ ਸ਼ਾਹ ਨੂੰ ਪੰਜਾਬੀਆਂ ਲਈ ਗੁਰਦੁਆਰਾ ਸਾਹਿਬ ਕਰਤਾਰਪੁਰ ਤੱਕ ਦੇ ਲਾਂਘੇ ਸਬੰਧੀ ਆਪਣਾ ਪੱਖ ਸਪਸ਼ੱਟ ਕਰਨ ਲਈ ਕਿਹਾ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਦੌਰੇ ਬਾਬਤ ਦੇਸ਼ ਧ੍ਰੋਹ ਦਾ ਇਲਜਾਮ ਲਗਾਉਣ ਵਾਲੇ ਭਾਜਪਾ ਆਗੂ ਖੁਦ ਇਹ ਦੱਸਣ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜਦ ਬਿਨ ਬੁਲਾਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਘਰ ਗਏ ਸਨ ਤਾਂ ਕੀ ਉਹ ਦੇਸ਼ ਧ੍ਰੋਹ ਸੀ। ਇਸੇ ਤਰਾਂ ਉਨ੍ਹਾਂ ਭਾਜਪਾ ਆਗੂਆਂ ਨੂੰ ਯਾਦ ਕਰਵਾਇਆ ਕਿ ਜਦ ਭਾਜਪਾ ਸਰਕਾਰ ਨੇ ਆਪਣੇ ਪਿੱਛਲੇ ਕਾਰਜਕਾਲ ਦੌਰਾਨ ਪਾਕਿਸਤਾਨ ਦੇ ਪ੍ਰਵੇਜ ਮੁਸਰਫ਼ ਨੂੰ ਆਗਰਾ ਬੁਲਾਇਆ ਸੀ ਤਾਂ ਕੀ ਉਹ ਭੁੱਲ ਗਏ ਸਨ ਕਿ ਇਹ ਉਹੀ ਪਾਕਿ ਫੌਜ ਮੁੱਖੀ ਸੀ ਜਿਸ ਨੇ ਕਾਰਗਿਲ ਯੁੱਧ ਰਾਹੀਂ ਸਾਡੀ ਧਰਤੀ ਹਥਿਆਉਣ ਦਾ ਯਤਨ ਕੀਤਾ ਸੀ।
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਪੁਰਬ ਮਨਾਉਣ ਜਾ ਰਹੇ ਹਨ। ਸਾਡਾ ਇਕ ਪਵਿੱਤਰ ਧਾਰਮਿਕ ਸਥਲ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਹੈ ਜੋ ਕਿ ਅੰਤਰ ਰਾਸ਼ਟਰੀ ਸਰਹੱਦ ਦੇ ਪਰਲੇ ਪਾਰ ਹੈ। ਉਨ੍ਹਾਂ ਪੁੱਛਿਆ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੇ ਉਸ ਗੁਰਦੁਆਰਾ ਸਾਹਿਬ ਤੱਕ ਸ਼ਰਧਾਲੂਆਂ ਦੇ ਲਾਂਘੇ ਲਈ ਪਾਕਿਸਤਾਨ ਯਾਤਰਾ ਦੌਰਾਨ ਗੱਲ ਅੱਗੇ ਤੋਰੀ ਹੈ ਤਾਂ ਇਸ ਨਾਲ ਭਾਜਪਾ ਕਿਉਂ ਦੁੱਖੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀਆਂ ਲਈ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਤੱਕ ਲਾਂਘੇ ਦਾ ਮੁੱਦਾ ਪਾਕਿ ਸਰਕਾਰ ਨਾਲ ਉਠਾਇਆ ਜਾਣਾ ਚਾਹੀਦਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੋ ਕਦੇ ਕਾਂਗਰਸ ਦੇ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਵੱਲੋਂ ਪਾਕਿਸਤਾਨ ਦੇ ਆਪਣੇ ਹਮ ਰੁਤਬਾ ਨੂੰ ਸਰਕਾਰੀ ਤੌਰ ਤੇ ਪੱਤਰ ਲਿੱਖਣ ਨੂੰ ਪ੍ਰੇਮ ਪੱਤਰਾਂ ਦਾ ਨਾਂਅ ਦਿਆ ਕਰਦੇ ਸਨ, ਨੇ ਬੀਤੇ ਕੱਲ ਖੁਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿੱਠੀ ਲਿੱਖੀ ਹੈ। ਸ੍ਰੀ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਹੁਣ ਖੁਦ ਦੇਸ਼ ਦੇ ਅਵਾਮ ਨੂੰ ਦੱਸਣ ਕਿ ਕੀ ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਪ੍ਰੇਮ ਪੱਤਰ ਭੇਜਿਆ ਹੈ ਜਾਂ ਫਿਰ ਆਪਣੀ 56 ਇੰਚ ਦੀ ਹਿੱਕ ਦਾ ਨਾਪ ਭੇਜਿਆ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਜਦ ਤੋਂ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ ਤਾਂ ਸਰਹੱਦ ਤੇ ਜਵਾਨਾਂ ਦੀਆਂ ਸਹਾਦਤਾਂ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਨੋਟਬੰਦੀ ਵੀ ਆਂਤਕਵਾਦ ਰੋਕ ਨਹੀਂ ਸਕੀ ਹੈ ਸਗੋਂ ਇਸ ਕਾਰਨ ਦੇਸ਼ ਦੇ ਲੋਕਾਂ ਨੂੰ ਜਰੂਰ ਦੁਸ਼ਵਾਰੀਆਂ ਝੱਲਣੀਆਂ ਪਈਆਂ ਸਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਾਕਿ ਫੇਰੀ ਦੌਰਾਨ ਉਥੋਂ ਦੇ ਪ੍ਰਧਾਨ ਮੰਤਰੀ ਨੂੰ ਕਸ਼ਮੀਰੀ ਸ਼ਾਲ ਭੇਂਟ ਕੀਤੀ ਹੈ ਜਿਸ ਰਾਹੀਂ ਸ: ਸਿੱਧੂ ਨੇ ਇਹੀ ਸੁਨੇਹਾ ਦਿੱਤਾ ਹੈ ਕਿ ਕਸ਼ਮੀਰ ਭਾਰਤੀ ਗਣਰਾਜ ਦਾ ਅੱਟੁਟ ਅੰਗ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਸ: ਸਿੱਧੂ ਦਾ ਦੌਰਾ ਸਹੀ ਹੈ ਜਾਂ ਗਲਤ ਇਸਦਾ ਫੈਸਲਾ ਸਮਾਂ ਕਰੇਗਾ ਪਰ ਇਸ ਸਬੰਧੀ ਭਾਜਪਾ ਆਗੂਆਂ ਦੇ ਬਿਆਨ ਇਸ ਪਾਰਟੀ ਦੇ ਦੋਹਰੇ ਚਰਿੰਤਰ ਨੂੰ ਹੀ ਨੰਗਾ ਕਰਦੇ ਹਨ। ਉਨ੍ਹਾਂ ਨੇ ਕਿਹਾਕਿ ਭਾਜਪਾ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡਣੇ ਬੰਦ ਕਰੇ ਕਿਉਂਕਿ ਦੇਸ਼ ਭਗਤੀ ਕੀ ਹੁੰਦੀ ਹੈ ਇਹ ਪੰਜਾਬੀਆਂ ਤੋਂ ਵੱਧ ਕੋਈ ਨਹੀਂ ਜਾਣਦਾ ਜਿੰਨ੍ਹਾਂ ਨੇ ਦੇਸ਼ ਦੀ ਅਜਾਦੀ ਦੀ ਲੜਾਈ ਵਿਚ 80 ਫੀਸਦੀ ਕੁਰਬਾਨੀਆਂ ਕੀਤੀਆਂ ਸਨ।