ਡੇਰਾ ਬਾਬਾ ਨਾਨਕ, 26 ਨਵੰਬਰ 2018 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਖੂਨ ਦੇ ਆਖ਼ਰੀ ਕਤਰੇ ਤੱਕ ਸਰਹੱਦੋਂ ਪਾਰਲੇ ਅੱਤਵਾਦ ਤੋਂ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਸੁਰੱਖਿਆ ਦਾ ਸੰਕਲਪ ਕਰਦਿਆਂ ਕਿਹਾ ਹੈ ਕਿ ਜੇ ਪਾਕਿਸਤਾਨ ਨੇ ਭਾਰਤ ਵਿਰੁੱਧ ਆਪਣੀ ਹਿੰਸਾ ਨਾ ਰੋਕੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ।
ਕਰਤਾਰਪੁਰ ਲਾਂਘੇ ਨੂੰ ਬਣਾਉਣ ਲਈ ਭਾਰਤ ਦੀ ਪਹੁੰਚ ਦੇ ਜਵਾਬ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਏ ਗਏ ਫੈਸਲੇ ਲਈ ਉਨਾਂ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਬਾਜਵਾ ਵੱਲੋਂ ਭਾਰਤੀ ਫੌਜੀਆਂ ਅਤੇ ਬੇਗੁਨਾਹ ਨਾਗਰਿਕਾਂ ਦੀਆਂ ਹੱਤਿਆਵਾਂ ਦੇ ਰਾਹੀਂ ਅੱਤਵਾਦ ਨੂੰ ਬੜਾਵਾ ਦੇਣ ਲਈ ਸਰਕਾਰੀ ਸਪਾਂਸਰ ਅੱਤਵਾਦ ਵਾਸਤੇ ਤਿੱਖੀ ਆਲੋਚਨਾ ਕੀਤੀ।
ਉਨਾਂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਨੂੰ ਆਪਣੀ ਫੌਜ ਦੀ ਲਗਾਮ ਸੰਭਾਲਣ ਅਤੇ ਭਾਰਤੀ ਹੱਥਿਆਰਬੰਦ ਫੌਜਾਂ ਅਤੇ ਲੋਕਾਂ ਵਿਰੁੱਧ ਅੱਤਵਾਦ ਤੁਰੰਤ ਖਤਮ ਕਰਨ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਭਾਰਤ ਵੱਲੋਂ ਸਖ਼ਤ ਪ੍ਰਤੀਕਿਰਿਆ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਜਿਸ ਦੀ ਫੌਜ ਆਪਣੇ ਗੁਆਂਢੀ ਦੇਸ਼ ਨਾਲ ਵੱਡੀ ਹੈ।
ਅੱਤਵਾਦ ਦੇ ਮੁੱਦੇ ’ਤੇ ਸਖ਼ਤ ਰੁੱਖ ਅਪਣਾਉਂਦਿਆਂ ਜਿਸ ਦਾ ਤੁਰੰਤ ਬਾਅਦ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਸਮਰਥਨ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅਮਨ ਸ਼ਾਤੀ ਵਾਲਾ ਦੇਸ਼ ਹੈ ਅਤੇ ਇਹ ਹਿੰਸਾ ਨਹੀਂ ਚਾਹੁੰਦਾ ਪਰ ਜੇ ਇਸ ਦੀ ਸ਼ਾਂਤੀ ਅਤੇ ਪ੍ਰਭੁਸੱਤਾ ਨੂੰ ਲਗਾਤਾਰ ਚੁਣੌਤੀ ਦਿੱਤੀ ਗਈ ਤਾਂ ਇਹ ਪਾਕਿਸਤਾਨ ਦੇ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ।
ਕਰਤਾਰਪੁਰ ਲਾਂਘੇ ਵਾਸਤੇ ਨੀਂਹ ਪੱਥਰ ਰੱਖਣ ਲਈ ਪਾਕਿਸਤਾਨ ਦਾ ਸੱਦਾ ਪ੍ਰਵਾਨ ਕਰਨ ਦੀ ਰਾਇ ਰੱਖਣ ਵਾਲਿਆਂ ਉੱਤੇ ਵਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਹਰ ਰੋਜ਼ ਉਨਾਂ ਵੱਲੋਂ ਬੇਗੁਨਾਹ ਭਾਰਤੀ ਨਾਗਰਿਕ ਅਤੇ ਫੌਜੀ ਮਾਰੇ ਜਾ ਰਹੇ ਹਨ ਤਾਂ ਉਹ ਉੱਥੇ ਕਿਸ ਤਰਾਂ ਜਾ ਸਕਦੇ ਹਨ। ਉਨਾਂ ਕਿਹਾ, ‘‘ਮੈਂ ਕਰਤਾਰਪੁਰ ਜਾਣਾ ਚਾਹੁੰਦਾ ਹਾਂ ਅਤੇ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਗੁਰਦੁਆਰਿਆਂ ਵਿੱਚ ਮੁੜ ਨਤਮਸਤਕ ਹੋਣਾ ਚਾਹੁੰਦਾ ਹਾਂ, ਪਰ ਮੈਂ ਉੱਥੇ ਜਾ ਨਹੀਂ ਸਕਦਾ ਕਿਉਂਕਿ ਪਾਕਿਸਤਾਨ ਹਰ ਰੋਜ਼ ਮੇਰੇ ਲੋਕਾਂ ਨੂੰ ਮਾਰ ਰਿਹਾ ਹੈ।’’
ਪੰਜਾਬ ਵੱਲੋਂ 20 ਸਾਲ ਖੂਨ-ਖ਼ਰਾਬਾ ਦੇਖੇ ਜਾਣ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੇ ਪਰਿਵਾਰ ਦਾ ਕਰਤਾਰਪੁਰ ਸਾਹਿਬ ਨਾਲ ਨੇੜੇ ਦਾ ਨਾਤਾ ਰਿਹਾ ਹੈ ਪਰ ਇਕ ਮੁੱਖ ਮੰਤਰੀ ਵਜੋਂ ਉਨਾਂ ਦੀ ਸੂਬੇ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਹੈ ਜਿਸ ਨੂੰ ਪਾਕਿਸਤਾਨ ਕਮਜ਼ੋਰ ਕਰਨਾ ਚਾਹੁੰਦਾ ਹੈ।
ਪਾਕਿਸਤਾਨ ਫੌਜ ਦੇ ਮੁਖੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਖੁਦ ਇਕ ਫੌਜੀ ਹੋਣ ਦੇ ਨਾਤੇ ਫੌਜੀਆਂ ਦੀਆਂ ਹੱਤਿਆਵਾਂ ਦੇ ਪਿੱਛੇ ਕਿਸੇ ਵੀ ਤਰਾਂ ਦੇ ਤਰਕ ਨੂੰ ਨਹੀਂ ਦੇਖਦੇ। ਉਨਾਂ ਨੇ ਕਿਹਾ ਕਿ ਇਹ ਬੁਜ਼ਦਿਲੀ ਵਾਲੀ ਕਾਰਵਾਈ ਹੈ ਨਾ ਕਿ ਕਿਸੇ ਫੌਜੀ ਵਾਲੀ। ਫੌਜੀਆਂ ਨੂੰ ਦੇਸ਼ ਦੀ ਸੁਰੱਖਿਆ ਅਤੇ ਦੇਸ਼ ਸੇਵਾ ਦਾ ਪਾਠ ਪੜਾਇਆ ਜਾਂਦਾ ਹੈ ਨਾ ਕਿ ਬੇਗੁਨਾਹਾਂ ਦੀਆਂ ਹੱਤਿਆਵਾਂ ਕਰਨ ਦਾ। ਮੁੱਖ ਮੰਤਰੀ ਨੇ ਜਨਰਲ ਬਾਜਵਾ ਨੂੰ ਤੁਰੰਤ ਹਟਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਪਿਆਰ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਪਾਕਿਸਤਾਨੀ ਫੌਜ ਨੂੰ ਸਿੱਖਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 26/11 ਦਾ ਮੁੰਬਈ ਹਮਲਾ ਭਾਰਤ ਵਿੱਚ ਪਾਕਿਸਤਾਨ ਦੀ ਸ਼ਹਿ ਹਾਸਲ ਅੱਤਵਾਦ ਦੀ ਭਿਆਨਕ ਯਾਦ ਦਿਵਾਉਂਦਾ ਹੈ। ਉਨਾਂ ਅੱਗੇ ਕਿਹਾ ਕਿ ਗੁਰਦਾਸਪੁਰ ਜ਼ਿਲੇ ਵਿੱਚ ਦੀਨਾਨਗਰ ਅਤੇ ਪਠਾਨਕੋਟ ਹਮਲੇ ਵੀ ਪਾਕਿਸਤਾਨ ਦੇ ਬੇਲਗਾਮ ਅੱਤਵਾਦ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ।
ਅੱਤਵਾਦ ਨੂੰ ਪਾਗਲਪਣ ਦੱਸਦਿਆਂ ਸ੍ਰੀ ਨਾਇਡੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰਾਂ ਨਾਲ ਪੂਰੀ ਤਰਾਂ ਸਹਿਮਤੀ ਜ਼ਾਹਰ ਕਰਦਿਆਂ ਪ੍ਰਣ ਲਿਆ ਕਿ ਭਾਰਤ ਆਪਣੇ ਲੋਕਾਂ ਦਾ ਕਤਲ ਕੀਤੇ ਜਾਣ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗਾ। ਉਨਾਂ ਕਿਹਾ ਕਿ ਭਾਰਤ ਅਮਨ-ਸ਼ਾਂਤੀ ਅਤੇ ਦੋਸਤਾਨਾ ਮਾਹੌਲ ਚਾਹੁੰਦਾ ਹੈ ਅਤੇ ਇਹ ਆਪਣੀ ਧਰਤੀ ’ਤੇ ਅੱਤਵਾਦ ਨੂੰ ਪੈਰ ਨਾ ਪਸਾਰਨ ਦੇਵੇਗਾ। ਉਨਾਂ ਨੇ ਅੱਤਵਾਦ ਦਾ ਸਮਰਥਨ ਕਰਨ ਵਾਲੇ ਮੁਲਕਾਂ ਨੂੰ ਵੀ ਇਹ ਰਸਤਾ ਤਿਆਗਣ ਦੀ ਅਪੀਲ ਕੀਤੀ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਅਮਨ-ਸ਼ਾਂਤੀ, ਪ੍ਰਗਤੀ ਲਈ ਲੋੜੀਂਦੀ ਸ਼ਰਤ ਹੈ ਅਤੇ ਭਾਰਤ ਆਪਣੇ ਗੁਆਂਢੀਆਂ ਨਾਲ ਅਮਨਮਈ ਰਿਸ਼ਤੇ ਜੋੜਨ ਦੇ ਨਾਲ-ਨਾਲ ਇਹ ਵੀ ਚਾਹੁੰਦਾ ਹੈ ਕਿ ਅਮਨ ਦੀ ਕਾਇਮੀ ਲਈ ਗੁਆਂਢੀ ਵੀ ਆਪਣੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ।