ਇਸਲਾਮਾਬਾਦ, 20 ਸਤੰਬਰ 2018 - ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਪ੍ਰਕਾਸ਼ ਪੁਰਬ ਮੌਕੇ ਕਰੋੜਾਂ ਸਿੱਖਾਂ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀਆਂ ਅਪੀਲਾਂ ਲਗਾਤਾਰ ਸਰਕਾਰਾਂ ਕੋਲ ਜਾਰੀ ਹਨ। ਪਹਿਲਾਂ ਭਾਰਤ ਅਤੇ ਵਿਦੇਸ਼ਾਂ ਵਿਚ ਵਸਦੇ ਭਾਰਤੀ ਸਿੱਖਾਂ ਵੱਲੋਂ ਹੀ ਇਹ ਮੰਗ ਪੂਰੀ ਜੋਰ ਨਾਲ ਚੁੱਕੀ ਗਈ ਸੀ., ਪਰ ਹੁਣ ਭਾਰਤੀ ਸਿੱਖਾਂ ਦੇ ਨਾਲ ਪਾਕਿਸਤਾਨ ਦੇ ਸਿੱਖਾਂ ਨੇ ਵੀ ਇਸ ਰਸਤੇ ਨੂੰ ਖੋਲ੍ਹਣ ਦੀ ਬੇਨਤੀ ਕੀਤੀ ਹੈ।
ਪਾਕਿਸਤਾਨ ਦੇ ਸਿੱਖਾਂ ਨੇ ਵੀ ਹੁਣ ਭਾਰਤ ਸਰਕਾਰ ਨੂੰ ਲਾਂਘਾ ਖੋਲ੍ਹਣ ਦੀ ਬੇਨਤੀ ਕੀਤੀ ਹੈ। ਬੁੱਧਵਾਰ ਨੂੰ ਪਾਕਿਸਤਾਨ ਸਿੱਖ ਕੌਂਸਲ ਦੇ ਮੁੱਖ ਸਰਪ੍ਰਸਤ ਸ੍ਰੀ ਰਮੇਸ਼ ਸਿੰਘ ਖ਼ਾਲਸਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਸ ਪ੍ਰਗਟਾਈ ਕਿ ਜੇ ਸ੍ਰੀ ਕਰਤਾਰਪੁਰ ਸਾਹਿਬ ਸਰਹੱਦ ਖੁੱਲ੍ਹ ਜਾਂਦੀ ਹੈ, ਤਾਂ ਜਿਥੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਆਉਣਾ ਸੁਖਾਲਾ ਹੋਵੇਗਾ , ਉਸੇ ਤਰ੍ਹਾਂ ਪਾਕਿਸਤਾਨ ਵਿਚ ਵਸਦੇ ਸਿੱਖਾਂ ਨੂੰ ਭਾਰਤ 'ਚ ਡੇਰਾ ਬਾਬਾ ਨਾਨਕ (ਗੁਰਦਾਸਪੁਰ) 'ਚ ਜਾਣ ਦਾ ਮੌਕਾ ਮਿਲ ਜਾਏਗਾ।
ਪਾਕਿਸਤਾਨ ਦੇ ਅਖ਼ਬਾਰ ‘ਦ ਐਕਸਪ੍ਰੈੱਸ ਟ੍ਰਿਬਿਊਨ` ਦੀ ਰਿਪੋਰਟ ਅਨੁਸਾਰ ਸ੍ਰੀ ਰਮੇਸ਼ ਸਿੰਘ ਖ਼ਾਲਸਾ ਨੇ ਇਹ ਲਾਂਘਾ ਖੋਲ੍ਹਣ ਦਾ ਐਲਾਨ ਕਰਨ ਵਾਲੀ ਇਮਰਾਨ ਖ਼ਾਨ ਸਰਕਾਰ ਦੀ ਸ਼ਲਾਘਾ ਕੀਤੀ ਹੈ। ਰਮੇਸ਼ ਸਿੰਘ ਖ਼ਾਲਸਾ ਨੇ ਇਸ ਮੁੱਦੇ ਨੂੰ ਚੁੱਕਣ ਵਾਲੇ ਭਾਰਤੀ ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰ ਰਹੇ ਲੋਕਾਂ ਦੀ ਨਿੰਦਾ ਕੀਤੀ। ਉਥੇ ਹੀ ਉਨ੍ਹਾਂ ਵੱਲੋਂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਸਮੁੱਚੀ ਪਾਕਿਸਤਾਨ 'ਚ ਵਸ ਰਹੀ ਸਿੱਖ ਕੌਮ ਵੱਲੋਂ ਇਸ ਗੱਲ 'ਤੇ ਵਿਚਾਰ ਕਰਨ 'ਤੇ ਸ਼ਲਾਘਾ ਕਰਦੀ ਹੈ।