ਦੁੰਬ ਨਾਲ ਦੋਸਤੀ ਘੋੜੇ ਨਾਲ ਵੈਰ - ਸਿੱਧੂ ਤੇ ਲੌਂਗੋਵਾਲ ਨਾਲ ਚਾਵਲਾ ਦੀਆਂ ਤਸਵੀਰਾਂ 'ਤੇ ਸੁਖਬੀਰ ਦੇ ਵੱਖਰੇ ਬਿਆਨ !
ਚੰਡੀਗੜ੍ਹ, 29 ਨਵੰਬਰ 2018 - ਪਾਕਿਸਤਾਨ ਪਾਸੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਪੁੱਜੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਦੀ ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਧਰ ਦੂਜੇ ਪਾਸੇ ਉਸੇ ਗੋਪਾਲ ਚਾਵਲਾ ਦੀ ਸ਼੍ਰੋਣਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨਾਲ ਵੀ ਤਸਵੀਰ ਵਾਇਰਲ ਹੋ ਰਹੀ ਹੈ। ਜੋ ਕਿ ਪੰਜਾਬ ਦੀਆਂ ਸਿਆਸੀ ਵਿਰੋਧੀ ਧਿਰਾਂ ਨੂੰ ਇੱਕ ਦੂਜੇ 'ਤੇ ਤੰਜ ਕੱਸਣ ਦਾ ਖਾਸਾ ਚੰਗਾ ਮੌਕਾ ਮਿਲ ਗਿਆ ਹੈ।
ਵਾਇਰਲ ਹੋਈਆਂ ਤਸਵੀਰਾਂ ਬਾਰੇ ਸੁਖਬੀਰ ਬਾਦਲ ਵੀ ਟਿੱਪਣੀਆਂ ਕਰਨੋਂ ਪਿੱਛੇ ਨਾ ਰਹੇ। ਬਾਦਲ ਨੇ ਆਪਣੇ ਸਿਆਸੀ ਵਿਰੋਧੀ ਸਿੱਧੂ ਦੀ ਚਾਵਲਾ ਨਾਲ ਤਸਵੀਰ ਬਾਰੇ ਉਨ੍ਹਾਂ ਤੋਂ ਜਵਾਬ ਦੇਣ ਦੀ ਮੰਗ ਕੀਤੀ ਜਦਕਿ ਆਪਣੇ ਹੱਥੀਂ ਬਣਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤਸਵੀਰ ਵਿੱਚ 'ਫਸਾਉਣ' ਲਈ ਪਾਕਿਸਤਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਸੁਖਬੀਰ ਬਾਦਲ ਨੇ ਕਿਹਾ ਕਿ ਗੋਪਾਲ ਸਿੰਘ ਚਾਵਲਾ ਦੇਸ਼ ਨੂੰ ਵੰਡਣ ਦੀਆਂ ਗਤੀਵਿਧਿਆ ਕਰ ਰਿਹਾ ਹੈ ਤੇ ਅਜਿਹੇ ਇਨਸਾਨ ਨਾਲ ਸਿੱਧੂ ਦੀ ਫ਼ੋਟੋ ਸਾਹਮਣੇ ਆਈ ਹੈ, ਜਿਸ ਬਾਰੇ ਨਵਜੋਤ ਸਿੱਧੂ ਨੂੰ ਜਵਾਬ ਦੇਣਾ ਹੋਵੇਗਾ। ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਗੋਪਾਲ ਚਾਵਲਾ ਦੀ ਸੈਲਫ਼ੀ ਸਾਹਮਣੇ ਆਉਣ ਬਾਰੇ ਸਫਾਈ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਲੌਂਗੋਵਾਲ ਨੂੰ ਪਾਕਿ ਸਰਕਾਰ ਨੇ ਹੀ ਗੋਪਾਲ ਸਿੰਘ ਨਾਲ ਖੜ੍ਹਾ ਕੀਤਾ ਸੀ।
ਉਥੇ ਹੀ ਨਵਜੋਤ ਸਿੱਧੂ ਦਾ ਇਸ ਵਾਇਰਲ ਤਸਵੀਰ ਬਾਰੇ ਕਹਿਣਾ ਹੈ ਕਿ ਉਹਨਾਂ ਨਾਲ ਪਾਕਿਸਤਾਨ 'ਚ ਸੈਂਕੜਿਆਂ ਨੇ ਤਸਵੀਰਾਂ ਖਿਚਵਾਈਆਂ ਤੇ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਕਿ ਉਹਨਾਂ 'ਚੋਂ ਚਾਵਲਾ ਕੌਣ ਸੀ ਤੇ ਚੀਮਾ ਕੌਣ ਸੀ।