ਪਾਕਿਸਤਾਨੋਂ ਸੁੱਖ ਸੁਨੇਹਾ ਲੈ ਭਾਰਤ ਪਰਤਿਆ ਸਿੱਧੂ
ਅਟਾਰੀ 29 ਨਵੰਬਰ 2018 - ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਸਮਾਗਮ 'ਚ ਸ਼ਿਰਕਤ ਕਰਨ ਤੋਂ ਬਾਅਦ ਅੱਜ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਟਾਰੀ ਬਾਘਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਪਰਤੇ ਹਨ। ਵਾਪਸ ਆਉਂਦਿਆਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਸੁੱਖ ਸੁਨੇਹਾ ਲੈ ਕੇ ਪਰਤੇ ਹਨ। ਉਹਨਾਂ ਕਿਹਾ ਕਿ ਇਮਰਾਨ ਖਾਨ ਜੰਗ ਨਹੀਂ ਚਾਹੁੰਦਾ ਸਗੋਂ ਦੋਹਾਂ ਮੁਲਕਾਂ 'ਚ ਪਿਛਲੇ 71 ਸਾਲਾਂ ਦੀ ਕੁੜੱਤਣ ਨੂੰ ਖਤਮ ਕਰ ਕੇ ਪਿਆਰ, ਅਮਨ ਤੇ ਸ਼ਾਂਤੀ ਨੂੰ ਬੜ੍ਹਾਵਾ ਦੇਣਾ ਚਾਹੁੰਦਾ ਹੈ। ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਜੋ ਰੱਬ ਨੇ ਇਹ ਕਾਰੀਡੋਰ ਬਣਵਾਉਣਾ ਸ਼ੁਰੂ ਕੀਤਾ ਹੈ, ਇਹ ਦੋਹਾਂ ਮੁਲਕਾਂ ਲਈ ਖੁਸ਼ੀ ਦਾ ਰਾਹ ਖੋਲ੍ਹ ਦੇਵੇਗਾ। ਸਿੱਧੂ ਨੇ ਕਿਹਾ ਕਿ ਉਹ ਪਾਕਿਸਤਾਨੋਂ ਦੋਹਾਂ ਪੰਜਾਬਾਂ ਨੂੰ ਮੁੜ ਜੋੜਨ ਦਾ ਪੈਗਾਮ ਲੈ ਕੇ ਵਾਪਸ ਭਾਰਤ ਪਰਤੇ ਹਨ।