ਪੁੱਡਾ ਕਲੋਨੀ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ: ਪੁੱਡਾ ਵਿਭਾਗ ਵੱਲੋਂ ਪੁੱਟੇ ਜਾ ਰਹੇ ਰੁੱਖ ਮੁੜ ਸੰਤ ਸੀਚੇਵਾਲ ਨੇ ਲਗਾਏ
- ਨਜਾਇਜ਼ ਕਬਜ਼ੇ ਨੂੰ ਲੈ ਕੇ ਹੋ ਰਹੀ ਸੀ ਕਾਰਵਾਈ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 14 ਅਗਸਤ 2025 - ਸਥਾਨਕ ਬੇਬੇ ਨਾਨਕੀ ਅਰਬਨ ਅਸਟੇਟ, ਪੁੱਡਾ ਕਲੋਨੀ ਵਿਖੇ ਅੱਜ ਹਾਈ ਵੋਲਟੇਜ਼ ਡਰਾਮਾ ਵੇਖਣ ਨੂੰ ਮਿਲਿਆ। ਪੁੱਡਾ ਵਿਭਾਗ ਦੇ ਜਲੰਧਰ ਤੋਂ ਆਏ ਅਧਿਕਾਰੀਆਂ ਨੇ ਜੇਸੀਬੀ ਮਸ਼ੀਨ ਨਾਲ ਇੱਕ ਪਾਰਕ ਨੂੰ ਤੁੜਵਾਉਣਾ ਸ਼ੁਰੂ ਕੀਤਾ ਜਿਸ ਨਾਲ ਉਸਦੇ ਅੰਦਰ ਲੱਗੇ ਰੁੱਖ ਵੀ ਪੁੱਟਣੇ ਸ਼ੁਰੂ ਕਰ ਦਿੱਤੇ। ਅਜੇ ਉਹਨਾਂ ਤਿੰਨ ਚਾਰ ਛੋਟੇ ਰੁੱਖ ਹੀ ਪੁੱਟੇ ਸਨ ਕਿ ਮੌਕੇ ਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਪੁੱਜੇ ਅਤੇ ਉਹਨਾਂ ਨੇ ਕੰਮ ਰੁਕਵਾਇਆ। ਉਹਨਾਂ ਇਸ ਮੌਕੇ ਜਿੱਥੇ ਪੁੱਡਾ ਅਧਿਕਾਰੀਆਂ ਨੂੰ ਝਾੜ ਪਾਈ, ਉੱਥੇ ਪੁੱਡਾ ਕਲੋਨੀ ਵਾਲਿਆਂ ਨੂੰ ਵੀ ਮਿਲ ਜੁਲ ਕੇ ਰਹਿਣ ਲਈ ਪ੍ਰੇਰਿਤ ਕੀਤਾ।
ਉਹਨਾਂ ਇਹ ਵੀ ਕਿਹਾ ਕਿ ਪੁੱਡਾ ਵਿਭਾਗ ਦੇ ਨਿਯਮਾਂ ਅਨੁਸਾਰ ਹੀ ਪਾਰਕ ਦੀ ਤਿਆਰੀ ਕੀਤੀ ਜਾਵੇ ਅਤੇ ਕਿਸੇ ਵੀ ਰੁੱਖ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਉਹਨਾਂ ਕਲੋਨੀ ਵਾਲਿਆਂ ਨੂੰ ਕਿਹਾ ਕਿ ਉਹ ਆਪਸੀ ਰੰਜਿਸ਼ ਦੀ ਭੇਟ ਇਨਾ ਬੇਜੁਬਾਨ ਰੁੱਖਾਂ ਨੂੰ ਨਾ ਚੜਾਉਣ। ਉਹਨਾਂ ਪੁੱਡਾ ਅਧਿਕਾਰੀਆਂ ਕੋਲੋਂ ਪਾਰਕ ਦੇ ਕਥਿਤ ਨਜਾਇਜ਼ ਕਬਜੇ ਨੂੰ ਤੋੜਨ ਦੇ ਲਿਖਤੀ ਆਰਡਰ ਵੀ ਮੰਗੇ। ਸੰਤ ਸੀਚੇਵਾਲ ਨੇ ਪੁੱਡਾ ਅਧਿਕਾਰੀਆਂ ਤੇ ਕਲੋਨੀ ਵਾਲਿਆਂ ਨੂੰ ਨਾਲ ਲੈ ਕੇ ਪੁੱਟੇ ਹੋਏ ਰੁੱਖ ਮੁੜ ਪਾਰਕ ਦੇ ਅੰਦਰ ਲਗਾਏ। ਇਸ ਮੌਕੇ ਕਲੋਨੀ ਵਿੱਚ ਰਹਿੰਦੇ ਪ੍ਰਧਾਨ ਕੰਵਰਜੀਤ ਸਿੰਘ ਢਿੱਲੋ, ਬਲਦੇਵ ਸਿੰਘ ਟੀਟਾ ਆਦਿ ਨੇ ਦੱਸਿਆ ਕਿ ਪਾਰਕ ਦੇ ਅੱਗੇ 45 ਫੁੱਟ ਚੌੜੀ ਸੜਕ ਹੈ ਜਿਸ ਵਿੱਚੋਂ ਪਾਰਕ ਬਣਾਉਣ ਸਮੇਂ ਕਾਫੀ ਸੜਕ ਵਿੱਚ ਲਈ ਗਈ ਹੈ।
ਉਹਨਾਂ ਮੰਗ ਕੀਤੀ ਕਿ ਪਾਰਕ ਦੇ ਅੱਗੇ 45 ਫੁੱਟ ਸੜਕ ਪੂਰੀ ਕੀਤੀ ਜਾਵੇ ਅਤੇ ਪਾਰਕ ਦਾ ਨਜਾਇਜ਼ ਹਿੱਸਾ ਤੋੜਿਆ ਜਾਵੇ। ਦੂਜੇ ਪਾਸੇ ਜਗਜੀਤ ਸਿੰਘ ਚੰਦੀ ਨੇ ਪੁੱਡਾ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਅੱਜ ਪਾਰਕ ਤੋੜਨ ਆਏ ਪੁੱਡਾ ਦੇ ਅਧਿਕਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਪਦਮ ਸ਼੍ਰੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨਾਲ ਫੋਨ ਤੇ ਗੱਲ ਕਰਨ ਤੋਂ ਵੀ ਇਨਕਾਰੀ ਕੀਤੀ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਹਨਾਂ ਦੋਸ਼ ਲਗਾਇਆ ਕਿ ਪੁੱਡਾ ਅਧਿਕਾਰੀ ਮਨਮਰਜੀਆਂ ਕਰਦੇ ਹਨ। ਅੰਤ ਵਿੱਚ ਸੰਤ ਸੀਚੇਵਾਲ ਨੇ ਦੋਹਾਂ ਧਿਰਾਂ ਨੂੰ ਮਿਲ ਜੁਲ ਕੇ ਰਹਿਣ ਅਤੇ ਪਾਰਕ ਤੇ ਰੁੱਖਾਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ। ਉਹਨਾਂ ਪੁੱਡਾ ਵਿਭਾਗ ਦੇ ਅਧਿਕਾਰੀਆਂ ਨੂੰ ਵਾਪਸ ਬੇਰੰਗ ਭੇਜਿਆ।
ਜ਼ਿਕਰਯੋਗ ਹੈ ਕਿ ਪੁੱਡਾ ਕਲੋਨੀ ਦਾ ਵਿਵਾਦ ਬਹੁਤ ਪੁਰਾਣਾ ਚੱਲ ਰਿਹਾ । ਇੱਕ ਪਾਸੇ ਕਲੋਨੀ ਵਾਸੀਆਂ ਵੱਲੋਂ ਇੱਕ ਪਾਰਕ ਵਿੱਚ ਬੈਠਣ ਵਾਲੇ ਬੈਂਚ ਲਗਾਉਣ ਦੀ ਪੁੱਡਾ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਜਦੋਂ ਅਧਿਕਾਰੀ ਬੈਂਸ ਲਗਾਉਣ ਆਏ ਤਾਂ ਇੱਕ ਧਿਰ ਨੇ ਉਸਨੂੰ ਬੈਂਚ ਲਗਾਉਣ ਤੋਂ ਰੋਕਿਆ ਉਸ ਸਮੇਂ ਵੀ ਇਹ ਵਿਵਾਦ ਬਹੁਤ ਵੱਧ ਚੁੱਕਾ ਸੀ। ਇਹ ਵਿਵਾਦ ਹੌਲੀ ਹੌਲੀ ਬਹੁਤ ਵੱਧ ਗਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਾਰਕ ਰੋਡ ਦੀ ਥਾਂ ਉੱਤੇ ਬਣੀ ਹੈ। ਇਸ ਨੂੰ ਢਾਕੇ ਥੋੜਾ ਪਿੱਛੇ ਕਰਨਾ ਇਸ ਕਰਕੇ ਇਹ ਰੁੱਖ ਪੁੱਟੇ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਪੁੱਡਾ ਅਧਿਕਾਰੀ ਦਾ ਪਹਿਲਾਂ ਵੀ ਇੱਕ ਪੱਤਰਕਾਰ ਵੱਲੋਂ ਸਵਾਲ ਪੁੱਛਣ ਤੇ ਤੂੰ ਤੂੰ ਮੈਂ ਮੈਂ ਹੋ ਗਈ ਸੀ । ਇਸੇ ਪਾਰਕ ਦੇ ਵਿੱਚ ਉਦੋਂ ਵੀ ਪੀਲਾ ਪੰਜਾਂ ਅਧਿਕਾਰੀਆਂ ਵੱਲੋਂ ਚਲਾਇਆ ਗਿਆ ਸੀ। ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਾਰਕ ਨਜਾਇਜ਼ ਥਾਂ ਉੱਤੇ ਬਣਿਆ ਹੋਇਆ ਹੈ। ਤੇ ਅਸੀਂ ਇਸ ਤੇ ਇੱਕ ਪਰਿਵਾਰ ਦਾ ਕਬਜ਼ਾ ਹੈ। ਦੂਜੇ ਪਾਸੇ ਉਸ ਪਰਿਵਾਰ ਦਾ ਕਹਿਣਾ ਹੈ ਕਿ ਬਿਲਕੁਲ ਕਿਸੇ ਦਾ ਵੀ ਕੋਈ ਨਜਾਇਜ਼ ਕਬਜ਼ਾ ਨਹੀਂ ਇਹ ਸਾਰਿਆਂ ਦੀ ਸਾਂਝੀ ਪਾਰਕ ਹੈ।