ਐਸੋਸੀਏਟ ਅਧਿਆਪਕਾਂ ਦੀ ਆਜ਼ਾਦੀ ਦਿਹਾੜੇ ਮੌਕੇ ਜਬਰੀ ਗ੍ਰਿਫਤਾਰੀ ਜਮਹੂਰੀਅਤ ਦਾ ਕਤਲ: ਡੀ.ਟੀ.ਐਫ.
ਅਸ਼ੋਕ ਵਰਮਾ
ਬਠਿੰਡਾ , 14 ਅਗਸਤ 2025 : ਡੈਮੋਕਰੇਟਿਕ ਟੀਚਰਸ ਫਰੰਟ ਇਕਾਈ ਬਠਿੰਡਾ ਨੇ ਅੱਜ ਆਜ਼ਾਦੀ ਦਿਹਾੜੇ ਮੌਕੇ ਐਸੋਸੀਏਟ ਅਧਿਆਪਕਾਂ ਨੂੰ ਜਬਰੀ ਗ੍ਰਿਫਤਾਰ ਕਰਨ ਅਤੇ ਘਰੋਂ ਘਰੀ ਨਜ਼ਰਬੰਦੀ ਨੂੰ ਜਮਹੂਰੀਅਤ ਦਾ ਕਤਲ ਕਰਾਰ ਦਿੱਤਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਹ ਅਧਿਆਪਕ ਮੁੱਖ ਮੰਤਰੀ ਪੰਜਾਬ ਨੂੰ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਉਣਾ ਚਾਹੁੰਦੇ ਸਨ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਸਾਰਿਆਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਉਹਨਾਂ ਆਖਿਆ ਕ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਂ ਹੇਠ ਨਗੂਣੀਆਂ ਤਨਖਾਹਾਂ ਤੇ ਐਸੋਸੀਏਟ ਅਧਿਆਪਕ ਦਾ ਵੱਖਰਾ ਕੇਡਰ ਬਣਾ ਕੇ ਉਨਾਂ ਦੀ ਆਰਥਿਕ ਲੁੱਟ ਕਰ ਰਹੀ ਹੈ।
ਉਹਨਾਂ ਕਿਹਾ ਕਿ ਜਦੋਂ ਐਸੋਸੀਏਟ ਅਧਿਆਪਕ ਜਥੇਬੰਦੀ ਵੱਲੋਂ 15 ਅਗਸਤ ਮੌਕੇ ਫਰੀਦਕੋਟ ਵਿਖੇ ਮੁੱਖ ਮੰਤਰੀ ਪੰਜਾਬ ਨੂੰ ਆਪਣੀਆਂ ਸੇਵਾਵਾਂ ਨਿਯਮਤ ਕਰਨ , ਸਿਵਲ ਸਰਵਿਸ ਰੂਲਜ਼ ਲਾਗੂ ਕਰਕੇ ਪੂਰੇ ਸਕੇਲਾਂ ਦੀ ਮੰਗ ਲਈ ਜਾਇਜ ਅਤੇ ਵਾਜਬ ਮੰਗਾਂ ਤੇ ਸਵਾਲ- ਜਵਾਬ ਕਰਨ ਦਾ ਐਲਾਨ ਕੀਤਾ ਤਾਂ ਮੁੱਖ ਮੰਤਰੀ ਵੱਲੋਂ ਐਸੋਸੀਏਟ ਅਧਿਆਪਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ 13 ਅਗਸਤ 2025 ਦੀ ਰਾਤ ਤੋਂ ਐਸੋਸੀਏਟ ਅਧਿਆਪਕ ਆਗੂ ਗੁਰਤੇਜ ਸਿੰਘ ਅਬੋਹਰ ਨੂੰ ਬੁਰਜ ਮਹਾਰ ਤੋਂ ਚੱਕ ਕੇ ਪੁਲਿਸ ਥਾਣੇ ਰੱਖਿਆ, ਵੀਰਪਾਲ ਕੌਰ ਸਿਧਾਣਾ ਜਿਸ ਨੂੰ ਪਿਛਲੇ ਹਫਤੇ ਵੀ ਡਿਊਟੀ ਦੌਰਾਨ ਵਰਦੀਧਾਰੀ ਪੁਲਿਸ ਨੇ ਸਕੂਲ ਵਿੱਚ ਛੋਟੇ ਬੱਚਿਆਂ ਸਾਹਮਣੇ ਨਜ਼ਰਬੰਦ ਕੀਤਾ। ਉਸ ਦੇ ਘਰ ਵੀ 13 ਅਗਸਤ ਦੀ ਰਾਤ ਤੋਂ ਘਰ ਦੀ ਘੇਰਾਬੰਦੀ ਕੀਤੀ ਹੋਈ ਅਤੇ 14 ਤਰੀਕ ਸਵੇਰੇ ਨੂੰ ਉਹਨਾਂ ਨੂੰ ਡਿਊਟੀ ਤੇ ਜਾਣ ਤੋਂ ਰੋਕਿਆ ਗਿਆ।
ਉਹਨਾਂ ਦੱਸਿਆ ਉਫਿਰੋਜ਼ਪੁਰ ਜ਼ਿਲ੍ਹੇ ਦੇ ਕੱਚੇ ਅਧਿਆਪਕ ਮਮਤਾ ਜੋ ਕਿ 6000 ਰੁਪਏ ਮਹੀਨਾ ਤਨਖਾਹ ਲੈਂਦੀ ਹੈ ਨੂੰ ਵੀ ਪੁਲਿਸ ਵੱਲੋਂ ਜਬਰੀ ਰੋਕਿਆ ਹੋਇਆ ਹੈ। ਸੰਗਰੂਰ ਦੇ ਦਰਸ਼ਨ ਸਿੰਘ ਸੇਖਪੁਰਾ ਨੂੰ ਪੁਲਿਸ ਨੇ ਨਜ਼ਰਬੰਦੀ ਕੀਤਾ ਹੋਇਆ ਹੈ। ਬਠਿੰਡਾ ਜ਼ਿਲ੍ਹੇ ਦੇ ਮਨਦੀਪ ਸਿੰਘ ਬੰਗੀ ਨਿਹਾਲ ਸਿੰਘ ਵਾਲਾ ਵਿਖੇ ਘਰ ਵਿੱਚ ਨਜ਼ਰਬੰਦ ਕੀਤੇ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ । ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਬਠਿੰਡਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਠਿੰਡਾ ਜ਼ਿਲ੍ਹਾ ਦੇ ਪ੍ਰਧਾਨ ਅਤੇ ਸੂਬਾਈ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ , ਮੀਤ ਪ੍ਰਧਾਨ ਵਿਕਾਸ ਗਰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਸਨ ਕਿ ਲੋਕਾਂ ਨੂੰ ਸਵਾਲ ਕਰਨ ਦਾ ਹੱਕ ਹੈ ਅਤੇ ਸਰਕਾਰ ਨੂੰ ਜਵਾਬ ਦੇਣੇ ਚਾਹੀਦੇ ਹਨ ਕਿ ਕੇ ਸੱਤਾ ਚ ਆਏ ਉਹ ਮੁੱਖ ਮੰਤਰੀ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਦੇ ਜਵਾਬ ਦੇਣ ਤੋਂ ਡਰ ਗਏ ਹਨ ।
ਉਹਨਾਂ ਕਿਹਾ ਕਿ ਆਪਣੇ ਹੁਕਮਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਐਸੋਸੀਏਟ ਅਧਿਆਪਕਾਂ ਦੀ ਜਬਰੀ ਜੁਬਾਨਬੰਦੀ ਕਰਨ ਦੇ ਹੁਕਮ ਦਿੱਤੇ ਹਨ । ਇਹ ਲੋਕਤੰਤਰ ਦੀ ਹੱਤਿਆ ਹੈ ਅਤੇ ਸੁਤੰਤਰਤਾ ਦਿਵਸ ਮੌਕੇ ਇਨਾਂ ਅਧਿਆਪਕਾਂ ਦੀ ਆਜ਼ਾਦੀ ਖੋਹੀ ਜਾ ਰਹੀ ਹੈ। ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ, ਸਹਾਇਕ ਸਕੱਤਰ ਕੁਲਵਿੰਦਰ ਸਿੰਘ ਵਿਰਕ , ਵਿੱਤ ਸਕੱਤਰ ਅਨਿਲ ਭੱਟ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ, ਰਾਜਵਿੰਦਰ ਜਲਾਲ , ਬਲਕਰਨ ਕੋਟਸ਼ਮੀਰ ,ਅਸ਼ਵਨੀ ਡੱਬਵਾਲੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਾਂਗਰਸ, ਅਕਾਲੀ ਭਾਜਪਾ ਦੀ ਸਰਕਾਰ ਦੀਆਂ ਨੀਤੀਆਂ ਤੇ ਚੱਲ ਕੇ ਹੱਕ ਮੰਗਦੇ ਲੋਕਾਂ ਨੂੰ ਜਬਰੀ ਠਾਣਿਆਂ ਵਿੱਚ ਬੰਦ ਕਰ ਰਹੀ ਹੈ। ਡਿਊਟੀਆਂ ਤੋਂ ਜਾਣ ਤੋਂ ਰੋਕ ਰਹੀ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਅਧਿਆਪਕਾਂ ਦੇ ਆਗੂਆਂ ਨੂੰ ਬੁਲਾ ਕੇ ਮੀਟਿੰਗ ਵਿੱਚ ਇਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਇਨਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ਤੇ ਕੀਤੇ ਗਏ ਧੋਖੇ ਨੂੰ ਦੂਰ ਕਰਕੇ ਐਸੋਸੀਏਟ ਅਧਿਆਪਕਾਂ ਉੱਪਰ ਸਿਵਲ ਸਰਵਿਸ ਰੂਲਜ਼ ਲਾਗੂ ਕਰਦਿਆਂ ਇਹਨਾਂ ਨੂੰ ਪੂਰੇ ਪੇ ਸਕੇਲਾਂ ਵਿੱਚ ਰੈਗੂਲਰ ਕੀਤਾ ਜਾਵੇ ਅਤੇ ਕੀਤੀ ਸੇਵਾ ਦਾ ਲਾਭ ਵੀ ਦਿੱਤਾ ਜਾਵੇ।