ਆਜ਼ਾਦੀ ਦੀ ਖੁਸ਼ੀ ਜਾਂ ਵੰਡ ਦਾ ਗਮ...?-- ਸੰਦੀਪ ਕੁਮਾਰ
15 ਅਗਸਤ 1947 , ਭਾਰਤ ਦੇ ਇਤਿਹਾਸ ਦਾ ਇੱਕ ਅਹਿਮ ਤੇ ਭਾਵਨਾਤਮਕ ਮੋੜ ਸੀ । ਇਹ ਉਹ ਦਿਨ ਸੀ ਜਦੋਂ ਸਦੀਆਂ ਤੋਂ ਅੰਗਰੇਜ਼ੀ ਗੁਲਾਮੀ ਦੀਆਂ ਜੰਜੀਰਾਂ ਟੁੱਟੀਆਂ ਅਤੇ ਲੋਕਾਂ ਨੇ ਸੁਤੰਤਰਤਾ ਦਾ ਸਾਹ ਲਿਆ। ਇਹ ਉਹ ਪਲ ਸੀ ਜਿਸ ਦਾ ਸੁਪਨਾ ਅਨੇਕਾਂ ਸ਼ਹੀਦਾਂ ਨੇ ਦੇਖਿਆ ਸੀ, ਜਿਸ ਲਈ ਉਹਨਾਂ ਨੇ ਆਪਣਾ ਲਹੂ ਵਾਰਿਆ ਸੀ। ਦੇਸ਼ ਦੇ ਹਰ ਕੋਨੇ ਵਿੱਚ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ, ਤਿਰੰਗੇ ਦੀ ਸ਼ਾਨ ਅਸਮਾਨਾਂ ਨੂੰ ਛੂਹ ਰਹੀ ਸੀ। ਪਰ ਇਸ ਖੁਸ਼ੀ ਦੇ ਪਿੱਛੇ ਇੱਕ ਐਸੀ ਕਹਾਣੀ ਵੀ ਸੀ, ਜੋ ਦਰਦ, ਹੰਝੂਆਂ ਅਤੇ ਤਬਾਹੀ ਨਾਲ ਭਰੀ ਹੋਈ "ਭਾਰਤ ਦੀ ਵੰਡ" ਦੀ ਕਹਾਣੀ ਸੀ।
ਅਜ਼ਾਦੀ ਦੇ ਨਾਲ ਹੀ ਭਾਰਤ ਦੇ ਦਿਲ "ਪੰਜਾਬ" ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਇੱਕ ਪਾਸੇ ਭਾਰਤ ਰਿਹਾ, ਦੂਜੇ ਪਾਸੇ ਨਵਾਂ ਬਣਿਆ ਪਾਕਿਸਤਾਨ ਸੀ। ਇਹ ਸਵਾਲ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਗੂੰਜਦਾ ਹੈ ਕਿ ਜਦੋਂ ਗੁਲਾਮੀ ਇੱਕ ਸੀ ਤਾਂ ਆਜ਼ਾਦੀ ਦੋ ਮੁਲਕਾਂ ਦੀ ਕਿਉਂ ਹੋਈ? ਇਸ ਵੰਡ ਦੇ ਪਿੱਛੇ ਅੰਗਰੇਜ਼ਾਂ ਦੀ “ਫੁੱਟ ਪਾਉ ਤੇ ਰਾਜ ਕਰੋ”ਵਾਲੀ ਨੀਤੀ ਸੀ, ਜਿਸਨੂੰ ਉਹਨਾਂ ਨੇ ਆਖ਼ਰੀ ਪਲ ਤੱਕ ਖੇਡਿਆ। ਇਹ ਕੇਵਲ ਧਾਰਮਿਕ ਵੰਡ ਨਹੀਂ ਸੀ, ਸਗੋਂ ਇੱਕ ਚਲਾਕੀ ਭਰੀ ਰਣਨੀਤੀ ਸੀ, ਜਿਸ ਨਾਲ ਉਹ ਜਾਣ ਤੋਂ ਪਹਿਲਾਂ ਭਾਰਤ ਦੇ ਭਵਿੱਖ ਵਿੱਚ ਨਫ਼ਰਤ ਦੇ ਬੀਜ ਬੀਜ ਗਏ। ਵੰਡ ਦੀ ਇਸ ਕਹਾਣੀ ਵਿੱਚ ਕੁਝ ਸਿਆਸੀ ਨੇਤਾ ਵੀ ਘੱਟ ਜ਼ਿੰਮੇਵਾਰ ਨਹੀਂ ਸਨ। ਸੱਤਾ ਦਾ ਲਾਲਚ ਅਤੇ ਨਿੱਜੀ ਇਛਾਵਾਂ ਨੇ ਉਹਨਾਂ ਨੂੰ ਲੋਕਾਂ ਦੇ ਅਸਲ ਹਿੱਤਾਂ ਤੋਂ ਦੂਰ ਕਰ ਦਿੱਤਾ। ਜੋ ਨੇਤਾ ਲੋਕਾਂ ਦੇ ਸੁਪਨੇ ਸਾਕਾਰ ਕਰਨ ਦਾ ਦਾਅਵਾ ਕਰਦੇ ਸਨ, ਉਹਨਾਂ ਨੇ ਆਪਣੇ ਹਿੱਤਾਂ ਲਈ ਦੇਸ਼ ਦੀ ਏਕਤਾ ਦੀ ਕੁਰਬਾਨੀ ਦੇ ਦਿੱਤੀ। ਇਹਨਾਂ ਦੀ ਰਾਜਨੀਤਿਕ ਖੇਡਾਂ ਦਾ ਨਤੀਜਾ ਸੀ ਕਿ ਕਈ ਲੱਖ ਬੇਗੁਨਾਹ ਲੋਕਾਂ ਦੀ ਜਾਨ ਗਈ, ਲੱਖਾਂ ਨੇ ਆਪਣੇ ਘਰ-ਬਾਰ, ਜ਼ਮੀਨ-ਜਾਇਦਾਦ ਛੱਡ ਦਿੱਤੀ ਅਤੇ ਸ਼ਰਨਾਰਥੀ ਕੈਂਪਾਂ ਵਿੱਚ ਬੇਸਹਾਰਾ ਜੀਵਨ ਬਤੀਤ ਕੀਤਾ।
ਪੰਜਾਬ, ਜੋ ਵੰਡ ਤੋਂ ਪਹਿਲਾਂ ਇੱਕ ਅਮਨ ਪਸੰਦ ਤੇ ਰੰਗ-ਬਿਰੰਗੀ ਸੱਭਿਆਚਾਰ ਦਾ ਕੇਂਦਰ ਸੀ, ਸਭ ਤੋਂ ਵੱਧ ਇਸ ਤ੍ਰਾਸਦੀ ਦਾ ਸ਼ਿਕਾਰ ਬਣਿਆ। ਇਥੇ ਹਿੰਦੂ, ਮੁਸਲਮਾਨ ਅਤੇ ਸਿੱਖ ਸਦੀਆਂ ਤੋਂ ਭਾਈਚਾਰੇ ਵਿੱਚ ਰਹਿੰਦੇ ਸਨ। ਗਲੀਆਂ ਵਿੱਚ ਧਰਮਾਂ ਦੇ ਰੰਗ ਮਿਲਦੇ ਸਨ, ਬਾਜ਼ਾਰਾਂ ਵਿੱਚ ਹਾਸੇ-ਮਜ਼ਾਕ ਦੀ ਗੂੰਜ ਹੁੰਦੀ ਸੀ, ਖੇਤਾਂ ਵਿੱਚ ਮਿਹਨਤ ਦਾ ਪਸੀਨਾ ਇੱਕਠੇ ਵਗਦਾ ਸੀ। ਪਰ ਅਚਾਨਕ, ਹਾਲਾਤਾਂ ਨੇ ਉਹਨਾਂ ਨੂੰ ਇੱਕ-ਦੂਜੇ ਦੀ ਜਾਨ ਦੇ ਵੈਰੀ ਬਣਾ ਦਿੱਤਾ। ਨਫ਼ਰਤ ਦੀਆਂ ਲਪਟਾਂ ਨੇ ਉਹ ਭਰੋਸਾ ਸਾੜ ਦਿੱਤਾ ਜੋ ਪੀੜ੍ਹੀਆਂ ਤੋਂ ਬਣਿਆ ਸੀ। ਹਿੰਸਾ, ਲੂਟ-ਖਸੂਟ, ਜਾਨਮਾਲ ਦਾ ਨੁਕਸਾਨ — ਇਹ ਸਭ ਕੁਝ ਪੰਜਾਬ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਵੰਡ ਸਿਰਫ਼ ਨਕਸ਼ੇ ਦੀ ਲਕੀਰ ਨਹੀਂ ਸੀ— ਇਹ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਰਿਸ਼ਤਿਆਂ ਦਾ ਟੁੱਟਣਾ ਸੀ। ਕਈ ਪਰਿਵਾਰਾਂ ਦੇ ਮੈਂਬਰ ਵੱਖ ਹੋ ਗਏ, ਕੁਝ ਭਾਰਤ ਵਿੱਚ ਰਹਿ ਗਏ, ਕੁਝ ਪਾਕਿਸਤਾਨ ਚਲੇ ਗਏ। ਪੁਰਾਣੀਆਂ ਦੋਸਤੀਆਂ, ਵਪਾਰਕ ਸਾਂਝਾਂ ਅਤੇ ਰਿਸ਼ਤੇਦਾਰੀਆਂ ਹਮੇਸ਼ਾਂ ਲਈ ਟੁੱਟ ਗਈਆਂ। ਲੋਕ ਆਪਣੇ ਘਰਾਂ ਤੋਂ ਸਿਰਫ਼ ਉਹੀ ਲੈ ਕੇ ਨਿਕਲੇ ਜੋ ਉਹ ਆਪਣੇ ਹੱਥਾਂ ਵਿੱਚ ਚੁੱਕ ਸਕਦੇ ਸਨ। ਪਿੱਛੇ ਰਹਿ ਗਈਆਂ ਯਾਦਾਂ, ਪੁਰਖਿਆਂ ਦੀਆਂ ਜ਼ਮੀਨਾਂ ਅਤੇ ਉਹ ਸਭ ਕੁਝ ਜੋ ਸਦੀ ਦਰ ਸਦੀ ਮਿਹਨਤ ਨਾਲ ਜੋੜਿਆ ਗਿਆ ਸੀ।
ਅੰਗਰੇਜ਼ਾਂ ਨੇ ਆਪਣੇ ਚਲਾਕੀ ਭਰੇ ਪੱਤੇ ਖੇਡੇ ਅਤੇ ਸੱਤਾ ਛੱਡ ਕੇ ਚਲੇ ਗਏ, ਪਰ ਆਪਣੇ ਪਿੱਛੇ ਇੱਕ ਅਜਿਹਾ ਜ਼ਖ਼ਮ ਛੱਡ ਗਏ ਜੋ ਅਜੇ ਵੀ ਪੂਰੀ ਤਰ੍ਹਾਂ ਨਹੀਂ ਭਰਿਆ। ਅੱਜ ਭਾਵੇਂ ਪੰਜਾਬ ਦਾ ਇੱਕ ਵੱਡਾ ਹਿੱਸਾ ਪਾਕਿਸਤਾਨ ਵਿੱਚ ਹੈ, ਪਰ ਭਾਰਤ ਵਾਲਾ ਪੰਜਾਬ ਅਜੇ ਵੀ ਦੇਸ਼ ਦਾ ਦਿਲ ਹੈ। ਖੇਡਾਂ ਤੋਂ ਲੈ ਕੇ ਰਾਜਨੀਤੀ, ਪ੍ਰਸ਼ਾਸਨ ਤੋਂ ਲੈ ਕੇ ਸਭਿਆਚਾਰ ਅਤੇ ਧਰਮ ਤੱਕ, ਪੰਜਾਬੀ ਭਾਈਚਾਰਾ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪੰਜਾਬ ਦੀ ਇਹ ਮਹੱਤਤਾ ਹੀ ਹੈ ਕਿ ਇਸਨੂੰ ਦੁਬਾਰਾ ਤੋੜਨ ਦੀਆਂ ਕੋਈ ਵੀ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ। ਵੰਡ ਦਾ ਦਰਦ ਅੱਜ ਵੀ ਸਰਹੱਦ ਦੇ ਨੇੜੇ ਵੱਸਦੇ ਲੋਕਾਂ ਦੇ ਚਿਹਰਿਆਂ ‘ਤੇ ਵੇਖਿਆ ਜਾ ਸਕਦਾ ਹੈ। ਕਈ ਪਿੰਡਾਂ ਦੇ ਲੋਕਾਂ ਦੀਆਂ ਜੜ੍ਹਾਂ ਸਰਹੱਦ ਪਾਰ ਹਨ। ਉਹ ਆਪਣੇ ਪਿੰਡਾਂ, ਖੇਤਾਂ, ਮੰਦਰਾਂ ਅਤੇ ਗੁਰਦੁਆਰਿਆਂ ਦੀਆਂ ਕਹਾਣੀਆਂ ਅਜੇ ਵੀ ਸਾਂਝੀਆਂ ਕਰਦੇ ਹਨ, ਜੋ ਹੁਣ ਦੂਜੇ ਦੇਸ਼ ਵਿੱਚ ਹਨ। ਇਹ ਦਰਦ ਵਿਰਾਸਤ ਵਾਂਗ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧ ਰਿਹਾ ਹੈ। ਫਿਰ ਵੀ, ਪੰਜਾਬ ਨੇ ਆਪਣੀ ਹਿੰਮਤ ਨਹੀਂ ਹਾਰੀ। ਖੇਤੀਬਾੜੀ ਵਿੱਚ ਹਰੀ ਕ੍ਰਾਂਤੀ ਲਿਆ ਕੇ, ਨਵੀਂ ਤਕਨੀਕਾਂ ਅਪਣਾ ਕੇ ਅਤੇ ਆਪਣੀ ਮਿਹਨਤ ਨਾਲ ਪੰਜਾਬ ਦੇ ਲੋਕਾਂ ਨੇ ਆਪਣੀ ਪਹਿਚਾਣ ਦੁਬਾਰਾ ਬਣਾਈ। ਭਾਰਤ ਦੇ ਅਨਾਜ ਘਰ ਵਜੋਂ ਪੰਜਾਬ ਨੇ ਦੇਸ਼ ਦੀ ਭੁੱਖ ਮਿਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪੰਜਾਬੀਆਂ ਦੀ ਜਜ਼ਬੇਦਾਰੀ ਅਤੇ ਮਿਹਨਤ ਨੇ ਇਹ ਸਾਬਤ ਕੀਤਾ ਕਿ ਭਾਵੇਂ ਇਤਿਹਾਸ ਨੇ ਉਹਨਾਂ ਨਾਲ ਨਾ ਈਨਸਾਫ਼ੀ ਕੀਤੀ ਹੋਵੇ, ਪਰ ਉਹ ਹਾਰ ਮੰਨਣ ਵਾਲੇ ਨਹੀਂ।
ਅੱਜ ਭਾਰਤ ਸੰਸਾਰ ਦੇ ਨਕਸ਼ੇ ‘ਤੇ ਇੱਕ ਮਜ਼ਬੂਤ ਤੇ ਖ਼ੁਦਮੁਖਤਿਆਰ ਦੇਸ਼ ਵਜੋਂ ਉਭਰ ਰਿਹਾ ਹੈ। ਇਸ ਤਰੱਕੀ ਵਿੱਚ ਹਰ ਰਾਜ, ਹਰ ਭਾਈਚਾਰੇ ਅਤੇ ਹਰ ਨਾਗਰਿਕ ਦਾ ਯੋਗਦਾਨ ਹੈ। ਪਰ ਆਜ਼ਾਦੀ ਦੀ ਅਸਲੀ ਖੁਸ਼ੀ ਉਸ ਦਿਨ ਮਿਲੇਗੀ ਜਦੋਂ ਦੇਸ਼ ਪੂਰੀ ਤਰ੍ਹਾਂ ‘ਫੁੱਟ ਪਾਉ ਤੇ ਰਾਜ ਕਰੋ’ਵਾਲੀ ਸੋਚ ਤੋਂ ਮੁਕਤ ਹੋ ਜਾਵੇਗਾ। ਵੰਡ ਦੀਆਂ ਯਾਦਾਂ ਸਾਨੂੰ ਚੇਤਾਵਨੀ ਦਿੰਦੀਆਂ ਹਨ ਕਿ ਨਫ਼ਰਤ ਅਤੇ ਵੰਡ ਸਿਰਫ਼ ਤਬਾਹੀ ਲਿਆਉਂਦੀ ਹੈ। ਸਵਤੰਤਰਤਾ ਦਿਵਸ ਮਨਾਉਂਦੇ ਸਮੇਂ ਸਾਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਹਨ ਅਤੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਉਹਨਾਂ ਦੇ ਸੁਪਨਿਆਂ ਵਾਲਾ ਭਾਰਤ ਬਣਾਇਆ ਹੈ? ਸੱਚੀ ਆਜ਼ਾਦੀ ਉਹ ਹੋਵੇਗੀ ਜਦੋਂ ਹਰ ਭਾਰਤੀ ਨਾਗਰਿਕ ਨੂੰ ਉਸ ਦਾ ਹੱਕ ਮਿਲੇ, ਜਦੋਂ ਅਸੀਂ ਆਪਸੀ ਪਿਆਰ ਅਤੇ ਭਰੋਸੇ ਨਾਲ ਰਹੀਏ, ਜਦੋਂ ਕੋਈ ਵੀ ਸੱਤਾ ਲਈ ਲੋਕਾਂ ਦੀ ਏਕਤਾ ਨੂੰ ਤੋੜ ਨਾ ਸਕੇ।
ਆਓ, ਇਸ ਦਿਨ ਅਸੀਂ ਵਾਅਦਾ ਕਰੀਏ ਕਿ ਅਸੀਂ ਕੇਵਲ ਆਜ਼ਾਦੀ ਦੀ ਖੁਸ਼ੀ ਨਹੀਂ ਮਨਾਵਾਂਗੇ, ਸਗੋਂ ਵੰਡ ਦੇ ਗਮ ਤੋਂ ਸਿੱਖ ਲੈਂਦੇ ਹੋਏ ਆਪਣੇ ਦੇਸ਼ ਨੂੰ ਇਕਜੁੱਟ, ਮਜ਼ਬੂਤ ਅਤੇ ਸ਼ਾਂਤਮਈ ਬਣਾਉਣ ਲਈ ਹਰੇਕ ਯਤਨ ਕਰਾਂਗੇ। ਕਿਉਂਕਿ ਅਸਲੀ ਜਸ਼ਨ ਉਸ ਵੇਲੇ ਹੋਵੇਗਾ ਜਦੋਂ ਸਾਡੇ ਦੇਸ਼ ਵਿੱਚ ਨਾ ਕੇਵਲ ਰਾਜਨੀਤਿਕ, ਸਗੋਂ ਸਮਾਜਿਕ ਅਤੇ ਆਰਥਿਕ ਆਜ਼ਾਦੀ ਵੀ ਹੋਵੇਗੀ , ਜਦੋਂ ਆਜ਼ਾਦੀ ਦੀ ਖੁਸ਼ੀ ‘ਵੰਡ ਦੇ ਗਮ’ ‘ਤੇ ਭਾਰੀ ਪੈ ਜਾਵੇਗੀ।

liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ
-1755174736211.jpg)
-
ਸੰਦੀਪ ਕੁਮਾਰ, ਐਮ.ਸੀ.ਏ, ਐਮ.ਏ ਮਨੋਵਿਗਆਨ
liberalthinker1621@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.